
ਤਿੰਨ ਆਰਡੀਨੈਂਸਾਂ ਨੂੰ ਜਾਇਜ਼ ਠਹਿਰਾਉਂਦਿਆਂ ਨਰਿੰਦਰ ਮੋਦੀ ਦੇ ਗਾਏ ਸੋਹਲੇ
ਕੋਟਕਪੂਰਾ : ਮਾਸਟਰ ਤਾਰਾ ਸਿੰਘ, ਸੰਤ ਫ਼ਤਹਿ ਸਿੰਘ ਅਤੇ ਬਾਬਾ ਖੜਕ ਸਿੰਘ ਵਰਗੇ ਸਿੱਖ ਆਗੂਆਂ ਨੇ ਸਿੱਖੀ ਅਤੇ ਪੰਥ ਦੀ ਚੜ੍ਹਦੀਕਲਾ ਲਈ ਹਰ ਤਰਾਂ ਦੀ ਕੁਰਬਾਨੀ ਕੀਤੀ, ਰਣਨੀਤੀ ਬਣਾਈ ਅਤੇ ਇਮਾਨਦਾਰੀ ਨਾਲ ਪੰਥ ਤੇ ਸਿੱਖੀ ਦੀ ਸੇਵਾ ਕੀਤੀ ਪਰ ਬਾਦਲਾਂ ਨੇ ਸਿੱਖੀ ਤੇ ਪੰਥ ਦੀਆਂ ਜੜਾਂ 'ਚ ਤੇਲ ਹੀ ਨਹੀਂ ਪਾਇਆ ਬਲਕਿ ਤੇਜ਼ਾਬ ਦੇ ਟੈਂਕਰ ਤਕ ਪਾਉਣ ਤੋਂ ਗੁਰੇਜ਼ ਨਾ ਕੀਤਾ।
Sukhbir Singh Badal
ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਨੇ ਆਖਿਆ ਕਿ ਬਾਦਲ ਪ੍ਰਵਾਰ ਪਹਿਲਾਂ ਲਗਾਤਾਰ ਤਿੰਨ ਮਹੀਨੇ ਲੋਕਾਂ ਨੂੰ ਗੁਮਰਾਹ ਕਰਨ ਲਈ ਮੋਦੀ ਸਰਕਾਰ ਦੇ ਆਰਡੀਨੈਂਸਾਂ ਨੂੰ ਸਹੀ ਠਹਿਰਾਉਣ ਦੀ ਵਕਾਲਤ ਕਰਦਾ ਰਿਹਾ, ਵੱਡੇ ਬਾਦਲ ਨੇ ਤਾਂ ਵੀਡੀਉ ਕਲਿਪ ਜਾਰੀ ਕਰ ਕੇ ਤਿੰਨ ਆਰਡੀਨੈਂਸਾਂ ਨੂੰ ਜਾਇਜ਼ ਠਹਿਰਾਉਂਦਿਆਂ ਨਰਿੰਦਰ ਮੋਦੀ ਦੇ ਸੋਹਲੇ ਗਾਏ,
Narendra Modi
ਸੁਖਬੀਰ ਬਾਦਲ ਨੇ ਐਮਐਸਪੀ ਦੀ ਫ਼ਰਜ਼ੀ ਚਿੱਠੀ ਦਾ ਗੁਮਰਾਹਕੁਨ ਪ੍ਰਚਾਰ ਕੀਤਾ, ਆਰਡੀਨੈਂਸਾਂ ਬਾਰੇ ਪਹਿਲਾਂ ਲੋਕ ਸਭਾ 'ਚ ਹੁੰਦੀ ਵਿਚਾਰ ਚਰਚਾ ਮੌਕੇ ਬਾਦਲ ਪਤੀ-ਪਤਨੀ ਨੇ ਚੁੱਪ ਧਾਰੀ ਰੱਖੀ ਤੇ ਜਦੋਂ ਪੰਜਾਬ ਸਮੇਤ ਗੁਆਂਢੀ ਰਾਜਾਂ ਵਿਚ ਵੀ ਕਿਸਾਨ ਅੰਦੋਲਨ ਭੱਖ ਗਿਆ ਤਾਂ ਬੀਬਾ ਬਾਦਲ ਦਾ ਕੇਂਦਰੀ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਦਾ ਐਲਾਨ ਸਾਹਮਣੇ ਆਇਆ।
Sukhbir Badal, Harsimrat Kaur Badal
ਸ. ਰਾਮੂਵਾਲੀਆ ਨੇ ਆਖਿਆ ਕਿ ਉਹ ਜਦੋਂ ਕੇਂਦਰ 'ਚ ਫੂਡ ਸਪਲਾਈ ਮੰਤਰੀ ਸਨ ਤਾਂ ਉਨ੍ਹਾਂ ਕੋਲ ਦੇਸ਼ ਭਰ ਦੀਆਂ ਖੰਡ ਮਿੱਲਾਂ, ਵਿਦੇਸ਼ ਦੇ ਖਾਦ ਪਦਾਰਥਾਂ ਦੀ ਦਰਾਮਦ ਅਤੇ ਬਰਾਮਦ ਤੋਂ ਇਲਾਵਾ ਹੋਰ ਵੀ ਬੜੇ ਅਧਿਕਾਰ ਸਨ ਪਰ ਬੀਬਾ ਹਰਸਿਮਰਤ ਕੋਲ ਤਾਂ ਸਿਰਫ ਸਾਗ-ਚਟਨੀ ਦਾ ਮਹਿਕਮਾ ਸੀ, ਜਿਸ ਨੂੰ ਛੱਡਣ ਨਾਲ ਬਾਦਲ ਪ੍ਰਵਾਰ ਜਾਂ ਪੰਜਾਬ ਦਾ ਕੋਈ ਨੁਕਸਾਨ ਨਹੀਂ ਹੋਣ ਵਾਲਾ।
Sukhbir Badal And Parkash Badal
ਸ. ਰਾਮੂਵਾਲੀਆ ਨੇ ਅਨੇਕਾਂ ਢਾਡੀਆਂ-ਕਵੀਸ਼ਰਾਂ ਦੀਆਂ ਵਿਅੰਗਮਈ ਸਤਰਾਂ ਦਾ ਵਖਿਆਣ ਕਰ ਕੇ ਅਤੇ ਅਨੇਕਾਂ ਉਦਾਹਰਨਾ ਦਿੰਦਿਆਂ ਦਾਅਵਾ ਕੀਤਾ ਕਿ ਬਾਦਲ ਪ੍ਰਵਾਰ ਹੁਣ ਭਾਵੇਂ ਲੱਖਾਂ ਮਣ ਸਾਬਣ ਨਾਲ ਕਲੰਕ ਧੋ ਲੈਣ ਪਰ ਉਨ੍ਹਾਂ ਦਾ ਅਕਸ ਸੁਧਰਣ ਵਾਲਾ ਨਹੀਂ। ਬਾਦਲ ਪਿਉ-ਪੁੱਤ ਨੂੰ ਸਿੱਖੀ ਅਤੇ ਪੰਥ ਦਾ ਵਿਰੋਧੀ ਕਹਿੰਦਿਆਂ ਰਾਮੂਵਾਲੀਆ ਨੇ ਆਖਿਆ ਕਿ ਉਨਾਂ ਦਾ ਕੋਈ ਦੀਨ ਧਰਮ ਨਹੀਂ ਤੇ ਉਨਾਂ ਪੰਜਾਬ, ਪੰਜਾਬੀ, ਪੰਜਾਬੀਅਤ, ਸਿੱਖੀ ਅਤੇ ਪੰਥ ਦਾ ਬੇਹੜਾ ਗਰਕ ਕਰ ਕੇ ਰੱਖ ਦਿਤਾ ਹੈ।
ਉਨਾਂ ਆਖਿਆ ਕਿ ਹੁਣ ਬਾਦਲਾਂ ਨੂੰ ਦਿੱਲੀ ਤੋਂ ਵਾਪਸ ਪੰਜਾਬ ਪਰਤਣ ਮੌਕੇ ਬੇਅਦਬੀ ਕਾਂਡ, ਪਾਵਨ ਸਰੂਪਾਂ ਦੀ ਗੁਮਸ਼ੁਦਗੀ, ਸੁਮੇਧ ਸੈਣੀ ਦੇ ਤਸ਼ੱਦਦ, ਚਿੱਟੇ ਨਸ਼ੇ ਨਾਲ ਗਾਲ ਦਿਤੀ ਗਈ ਜਵਾਨੀ ਵਰਗੇ ਅਨੇਕਾਂ ਸਵਾਲਾਂ ਦੇ ਜਵਾਬ ਲੋਕ ਕਚਹਿਰੀ 'ਚ ਦੇਣੇ ਪੈਣਗੇ।
ਸ੍ਰ ਰਾਮੂਵਾਲੀਆ ਨੇ ਦਸਿਆ ਕਿ ਮਾਸਟਰ ਤਾਰਾ ਸਿੰਘ, ਬਾਬਾ ਖੜਕ ਸਿੰਘ ਅਤੇ ਸੰਤ ਫ਼ਤਹਿ ਸਿੰਘ ਵਰਗੇ ਸਿੱਖ ਆਗੂਆਂ ਦੀ ਜੀਵਨੀ ਪੜ ਕੇ ਪਤਾ ਲੱਗਦਾ ਹੈ ਕਿ ਉਨਾਂ ਪੰਥ ਦੀ ਚੜ੍ਹਦੀਕਲਾ ਲਈ ਕਿੰਨੀ ਘਾਲਣਾ ਘਾਲੀ ਪਰ ਬਾਦਲਾਂ ਦੀਆਂ ਗ਼ਲਤ ਨੀਤੀਆਂ ਕਾਰਨ 100 ਸਾਲ ਪੁਰਾਣੀ ਅਕਾਲੀ ਪਾਰਟੀ ਨੂੰ 117 ਵਿਧਾਇਕਾਂ 'ਚੋਂ ਮਹਿਜ 14 ਸੀਟਾਂ ਮਿਲਣੀਆਂ, ਇਸ ਤੋਂ ਵੱਧ ਅਕਾਲੀ ਦਲ ਦੀ ਹੋਰ ਨਮੋਸ਼ੀਜਨਕ ਹਾਲਤ ਕੀ ਹੋਵੇਗੀ?