
ਝੂਠ ਬੋਲਣਾ ਬੰਦ ਕਰੋ, ਕਾਂਗਰਸ ਦੇ ਚੋਣ ਮੈਨੀਫੈਸਟੋ ਅਤੇ ਕੇਂਦਰ ਦੇ ਖੇਤੀ ਕਾਨੂੰਨਾਂ ਦਾ ਦੂਰ-ਨੇੜੇ ਦਾ ਕੋਈ ਵਾਸਤਾ ਨਹੀਂ
ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਅਕਾਲੀਆਂ ਨੂੰ ਕਾਂਗਰਸ ਦੇ ਚੋਣ ਮਨੋਰਥ ਪੱਤਰ ਦੇ ਚੋਣਵੇਂ ਹਿੱਸੇ ਨੂੰ ਲੈ ਕੇ ਸੂਬੇ ਦੇ ਲੋਕਾਂ ਨੂੰ ਗੁੰਮਰਾਹ ਕਰਨ ਅਤੇ ਝੂਠ ਮਾਰਨ ਤੋਂ ਬਾਜ਼ ਆਉਣ ਲਈ ਆਖਿਆ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਮੈਨੀਫੈਸਟੋ ਦਾ ਕਿਸਾਨ ਵਿਰੋਧੀ ਕਦਮਾਂ ਨਾਲ ਦੂਰ ਦਾ ਵੀ ਕੋਈ ਵਾਸਤਾ ਨਹੀਂ ਹੈ ਅਤੇ ਇਨ੍ਹਾਂ ਕਦਮਾਂ ਨੂੰ ਹੀ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਆਪਣੇ ਅਮੀਰ ਕਾਰਪੋਰੇਟ ਮਿੱਤਰਾਂ ਦੇ ਹਿੱਤ ਪਾਲਣ ਲਈ ਗ਼ਰੀਬ ਕਿਸਾਨਾਂ 'ਤੇ ਜਬਰੀ ਥੋਪਣ ਦੀ ਕੋਸ਼ਿਸ਼ ਕਰ ਰਹੀ ਹੈ।
Captain Amarinder Singh and Sukhbir Singh Badal
ਇਸ ਮੁੱਦੇ 'ਤੇ ਕਾਂਗਰਸ ਵਿਰੁੱਧ ਬੇਬੁਨਿਆਦ ਅਤੇ ਝੂਠੇ ਦੋਸ਼ ਲਾਉਣ 'ਤੇ ਵਿਰੋਧੀ ਪਾਰਟੀਆਂ ਨੂੰ ਆੜੇ ਹੱਥੀ ਲੈਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੱਤਰਕਾਰਾਂ ਮੂਹਰੇ ਚੋਣ ਮਨੋਰਥ ਪੱਤਰ ਦੀਆਂ ਕਾਪੀਆਂ ਲਹਿਰਾਉਣ ਦੀ ਬਜਾਏ ਸ਼੍ਰੋਮਣੀ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਨੂੰ ਪਹਿਲਾਂ ਸਬੰਧਤ ਹਿੱਸਿਆਂ ਨੂੰ ਪੜ੍ਹਣ ਦਾ ਯਤਨ ਕਰਨਾ ਚਾਹੀਦਾ ਹੈ।
Aam Aadmi Party Punjab
ਲੋਕ ਸਭਾ ਦੇ ਨਾਲ-ਨਾਲ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਦੇ ਚੋਣ ਮਨੋਰਥ ਪੱਤਰਾਂ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਕਾਂਗਰਸ ਨੇ ਕਿਧਰੇ ਵੀ ਅਜਿਹੀਆਂ ਤਬਦੀਲੀਆਂ ਲਿਆਉਣ ਦੀ ਗੱਲ ਨਹੀਂ ਕੀਤੀ ਜਿਹੋ ਜਿਹੀਆਂ ਤਬਦੀਲੀਆਂ ਕੇਂਦਰ ਸਰਕਾਰ ਮਾੜੇ ਇਰਾਦਿਆਂ ਵਾਲੇ ਬਿੱਲਾਂ ਰਾਹੀਂ ਮੁਲਕ 'ਤੇ ਥੋਪਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇੱਥੋਂ ਤੱਕ ਕਿ ਕਾਂਗਰਸ ਪਾਰਟੀ ਦੇ ਮੈਨੀਫੈਸਟੋ ਵਿੱਚ ਤਾਂ ਏ.ਪੀ.ਐਮ.ਸੀ. ਪ੍ਰਣਾਲੀ ਨੂੰ ਹੋਰ ਮਜ਼ਬੂਤ ਬਣਾਉਣ ਦੀ ਗੱਲ ਸਪੱਸ਼ਟ ਰੂਪ ਨਾਲ ਕਹੀ ਗਈ ਹੈ ਤਾਂ ਜੋ ਕਿਸਾਨਾਂ ਨੂੰ ਹੋਰ ਵਧੇਰੇ ਫਾਇਦਾ ਮਿਲ ਸਕੇ।
Indian National Congress
ਸੂਬਾ ਕਾਂਗਰਸ ਦੇ ਸਾਲ-2017 ਦੇ ਮੈਨੀਫੈਸਟੋ ਵਿੱਚ ਇਹ ਦਰਜ ਹੈ ਕਿ ਏ.ਪੀ.ਐਮ.ਸੀ. ਐਕਟ ਨੂੰ ਘੱਟੋ-ਘੱਟ ਸਮਰਥਣ ਮੁੱਲ ਦੀ ਮੌਜੂਦਾ ਪ੍ਰਣਾਲੀ ਨਾਲ ਛੇੜਛਾੜ ਕੀਤੇ ਬਿਨਾਂ ਨਵਿਆਇਆ ਜਾਵੇਗਾ ਤਾਂ ਕਿ ਡਿਜੀਟਲ ਤਕਨਾਲੌਜੀ ਰਾਹੀਂ ਕੌਮੀ ਅਤੇ ਕੌਮਾਂਤਰੀ ਮੰਡੀ ਵਿੱਚ ਕਿਸਾਨਾਂ ਦੀ ਸਿੱਧੀ ਪਹੁੰਚ ਯਕੀਨੀ ਬਣਾਈ ਜਾ ਸਕੇ ਜਦਕਿ ਲੋਕ ਸਭਾ ਦੇ ਮੈਨੀਫੈਸਟੋ ਵਿੱਚ ਤਾਂ ਇਸ ਤੋਂ ਇਕ ਕਦਮ ਹੋਰ ਅੱਗੇ ਜਾਂਦਿਆਂ ਮੌਜੂਦਾ ਐਕਟ ਨੂੰ ਮਨਸੂਖ ਕਰ ਕੇ ਮੰਡੀਕਰਨ ਪ੍ਰਣਾਲੀ ਨੂੰ ਹੋਰ ਮਜ਼ਬੂਤ ਬਣਾਉਣ ਅਤੇ ਨਵੀਂ ਵਿਵਸਥਾ ਲਿਆਉਣ ਦੀ ਗੱਲ ਕੀਤੀ ਗਈ ਜਿਸ ਤਹਿਤ ਹਜ਼ਾਰਾਂ ਕਿਸਾਨ ਮੰਡੀਆਂ ਦੀ ਸਥਾਪਨਾ ਹੋਵੇਗੀ ਜਿਸ ਨਾਲ 2-3 ਕਿਲੋਮੀਟਰ ਦੇ ਦਾਇਰੇ ਵਿੱਚ ਕਿਸਾਨ ਸੌਖਿਆਂ ਹੀ ਪਹੁੰਚ ਕਰ ਸਕੇਗਾ।
MSP
ਮੁੱਖ ਮੰਤਰੀ ਨੇ ਕਿਹਾ, ''ਸਿਰਫ ਮੂਰਖ ਜਾਂ ਝੂਠੇ ਲੋਕ ਹੀ ਇਸ ਤਰ੍ਹਾਂ ਦੀ ਵਿਆਖਿਆ ਕਰ ਸਕਦੇ ਹਨ ਕਿ ਕਾਂਗਰਸ ਨੇ ਏ.ਪੀ.ਐਮ.ਸੀ. ਐਕਟ ਨੂੰ ਖਤਮ ਕਰਨਾ ਸੀ।'' ਇਸ ਮੁੱਦੇ 'ਤੇ ਲੋਕਾਂ ਨੂੰ ਗੁਮਰਾਹ ਕਰਨ ਦੇ ਕੋਝੇ ਯਤਨ ਕਰਨ ਲਈ ਅਕਾਲੀ ਦਲ ਅਤੇ ਆਪ ਨੂੰ ਕਰੜੇ ਹੱਥੀਂ ਲੈਂਦਿਆਂ ਮੁੱਖ ਮੰਤਰੀ ਨੇ ਕਿਹਾ, ''ਕਾਂਗਰਸ ਨੇ ਏ.ਪੀ.ਐਮ.ਸੀ. ਨੂੰ ਕੰਟ੍ਰੈਕਟ ਫਾਰਮਿੰਗ ਅਤੇ ਨਿੱਜੀ ਖਰੀਦ ਨਾਲ ਬਦਲਣ ਦੀ ਗੱਲ ਕਦੋਂ ਅਤੇ ਕਿੱਥੇ ਕੀਤੀ ਸੀ।''
Captain Amarinder Singh
ਉਨ੍ਹਾਂ ਕਿਹਾ ਕਿ ਕਾਂਗਰਸ ਦੇ ਚੋਣ ਮਨੋਰਥ ਪੱਤਰਾਂ ਵਿੱਚ ਤਾਂ ਸਪੱਸ਼ਟ ਤੌਰ 'ਤੇ ਇਹ ਵਾਅਦਾ ਕੀਤਾ ਗਿਆ ਹੈ ਕਿ ਸੂਬਾ ਸਰਕਾਰ 48 ਘੰਟਿਆਂ ਵਿੱਚ ਅਨਾਜ ਚੁੱਕਣ ਅਤੇ ਅਨਾਜ ਖਰੀਦਣ ਦੇ ਤਿੰਨ ਦਿਨਾਂ ਦੇ ਅੰਦਰ-ਅੰਦਰ ਪ੍ਰਾਈਵੇਟ ਏਜੰਸੀਆਂ ਵੱਲੋਂ ਅਦਾਇਗੀ ਕੀਤੇ ਜਾਣ ਨੂੰ ਯਕੀਨੀ ਬਣਾਏਗੀ। ਉਨ੍ਹਾਂ ਕਿਹਾ ਕਿ ਇੱਥੋਂ ਇਹ ਬਿਲਕੁਲ ਸਪੱਸ਼ਟ ਹੋ ਜਾਂਦਾ ਹੈ ਕਿ ਖਰੀਦ ਵਿਵਸਥਾ ਨੂੰ ਬਦਲਣ ਦਾ ਇਸ ਨਾਲ ਦੂਰ-ਨੇੜੇ ਦਾ ਵੀ ਕੋਈ ਵਾਸਤਾ ਨਹੀਂ ਜਦਕਿ ਦੂਜੇ ਪਾਸੇ ਕੇਂਦਰ ਸਰਕਾਰ ਨਵੇਂ ਬਿੱਲਾਂ ਰਾਹੀਂ ਅਜਿਹਾ ਕਰਨ 'ਤੇ ਤੁਲੀ ਹੋਈ ਹੈ।
Shiromani Akali Dal-BJP
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਹ ਬਹੁਤ ਮੰਦਭਾਗੀ ਗੱਲ ਹੈ ਕਿ ਮੀਡੀਆ ਦੋਵੇਂ ਚੋਣ ਮਨੋਰਥ ਪੱਤਰਂ ਦੀ ਜਾਂਚ ਕੀਤੇ ਬਿਨਾਂ ਵੱਡੇ ਚਿਹਰਿਆਂ ਵਜੋਂ ਬਾਦਲਾਂ ਅਤੇ ਭਾਜਪਾ ਨੇਤਾਂਵਾਂ ਦੇ ਬਿਆਨ ਲੈ ਰਿਹਾ ਹੈ ਜਦਕਿ ਦੋਵੇਂ ਮੈਨੀਫੈਸਟੋ ਨੂੰ ਜਾਂਚਣ ਦੀ ਲੋੜ ਨਹੀਂ ਸਮਝੀ ਜਾ ਰਹੀ। ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਸਾਲ 2019 ਦੀਆਂ ਲੋਕ ਸਭਾ ਚੋਣਾਂ ਦੇ ਮੈਨੀਫੈਸਟੋ ਵਿੱਚ ਬਹੁਤ ਸਾਰੇ ਕਿਸਾਨ-ਪੱਖੀ ਵਾਅਦੇ ਦਰਜ ਹਨ ਜਿਨ੍ਹਾਂ ਵਿੱਚ ਕਰਜਾ ਮੁਆਫੀ ਤੋਂ ਲੈ ਕੇ ਕਰਜੇ ਤੋਂ ਮੁਕਤੀ ਦੇ ਨਾਲ-ਨਾਲ ਛੋਟੇ, ਸੀਮਾਂਤ ਅਤੇ ਬੇਜ਼ਮੀਨੇ ਕਿਸਾਨਾਂ ਦੇ ਵਿਕਾਸ ਲਈ ਕੌਮੀ ਕਮੀਸ਼ਨ, ਜ਼ਰੂਰੀ ਖੇਤੀ ਵਸਤਾਂ 'ਤੇ ਸਬਸਿਡੀ ਅਤੇ ਕਿਸਾਨ ਬਜਟ ਦਾ ਜ਼ਿਕਰ ਹੈ।
BJP
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ,''ਵਾਕਾਂ ਨੂੰ ਚੁਣਨਾ ਤੇ ਗਲਤ ਢੰਗ ਨਾਲ ਪੇਸ਼ ਕਰਨਾ ਇਕ ਕਲਾ ਹੈ ਜਿਸ ਵਿੱਚ ਭਾਜਪਾ ਵਾਲੇ ਉਸਤਾਦ ਹਨ ਅਤੇ ਹੁਣ ਅਕਾਲੀ ਵੀ ਰੀਸ ਕਰਦੇ ਹਨ।'' ਮੁੱਖ ਮੰਤਰੀ ਨੇ ਕਿਹਾ ਕਿ ਜਿੱਥੋਂ ਤੱਕ ਆਮ ਆਦਮੀ ਪਾਰਟੀ ਦਾ ਸਬੰਧ ਹੈ ਇਨ੍ਹਾਂ ਕੋਲ ਕੋਈ ਢੰਗ ਦਾ ਮੁੱਦਾ ਨਾ ਹੋਣ ਕਰਕੇ ਆਪ ਲੀਡਰ ਵੀ ਹੁਣ ਅਕਾਲੀ ਦਲ ਦੀ ਨਕਲ ਕਰਦੇ ਹੋਏ ਕਿਸੇ ਮੁੱਦੇ ਨੂੰ ਸਮਝਣ ਜਾਂ ਤੱਥ ਜਾਂਚਣ ਤੋਂ ਬਿਨਾਂ ਹੀ ਸੂਬਾ ਸਰਕਾਰ ਦੀ ਆਲੋਚਨਾ ਕਰਨ ਲੱਗ ਪੈਂਦੇ ਹਨ।