
ਸੌੜੇ ਸਿਆਸੀ ਲਾਹੇ ਲਈ ਸਕੂਲੀ ਸਿਲੇਬਸ ਦੇ ਇਤਿਹਾਸ ਨਾਲ ਛੇੜਛਾੜ ਤੋਂ ਬਾਜ਼ ਆਵੇ ਕਾਂਗਰਸ : ਕੁਲਤਾਰ ਸਿੰਘ ਸੰਧਵਾਂ
ਐਸ ਏ ਐਸ ਨਗਰ, 18 ਸਤੰਬਰ (ਨਰਿੰਦਰ ਸਿੰਘ ਝਾਂਮਪੁਰ): ਆਮ ਆਦਮੀ ਪਾਰਟੀ (ਆਪ) ਪੰਜਾਬ ਦਾ ਦੋਸ਼ ਹੈ ਕਿ ਭਾਜਪਾ-ਆਰ.ਐਸ.ਐਸ. ਦੀ ਤਰ੍ਹਾਂ ਸੱਤਾਧਾਰੀ ਕਾਂਗਰਸ ਵੀ ਸਿਆਸੀ ਲਾਹੇ ਲਈ ਇਤਿਹਾਸ ਨਾਲ ਛੇੜਛਾੜ ਕਰ ਕੇ ਨਵੀਂ ਪੀੜ੍ਹੀ ਨੂੰ ਗੁੰਮਰਾਹ ਕਰਨ ਦੀਆਂ ਹੋਛੀਆਂ ਹਰਕਤਾਂ ’ਤੇ ਉਤਰ ਆਈ ਹੈ। ਪਾਰਟੀ ਦੇ ਕਿਸਾਨ ਵਿੰਗ ਪੰਜਾਬ ਦੇ ਪ੍ਰਧਾਨ ਅਤੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਸਿੱਖਿਆ ਵਿਭਾਗ, ਪੰਜਾਬ ਵਲੋਂ ਬਾਰਵੀਂ ਜਮਾਤ ਦੇ ਇਤਿਹਾਸ ਦੇ ਵਿਸ਼ੇ ਲਈ ਮੁਲਾਂਕਣ ਪ੍ਰੀਖਿਆ (ਸਪਲੀਮੈਂਟਰੀ ਪੇਪਰ) ਦੇ ਪ੍ਰਸ਼ਨ ਨੰਬਰ 38 ਉਤੇ ਸਖ਼ਤ ਇਤਰਾਜ਼ ਪ੍ਰਗਟ ਕਰਦੇ ਹੋਏ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਕੋਲੋਂ ਮੁਆਫ਼ੀ ਅਤੇ ਪੇਪਰ ਨਿਰਧਾਰਤ ਕਰਨ ਵਾਲੇ ਪੈਨਲ ਵਿਰੁਧ ਕਾਰਵਾਈ ਦੀ ਮੰਗ ਕੀਤੀ ਹੈ। ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਸੱਤਾਧਾਰੀ ਕਾਂਗਰਸ ਦੀ ਅੰਨ੍ਹੀ ਦਖ਼ਲਅੰਦਾਜ਼ੀ ਥਾਣਿਆਂ- ਕਚਹਿਰੀਆਂ ਬਾਅਦ ਹੁਣ ਸਕੂਲੀ ਸਿਲੇਬਸ ਤੱਕ ਪੁੱਜ ਗਈ ਹੈ, ਜੋ ਹੋਰ ਵੀ ਵੱਧ ਖ਼ਤਰਨਾਕ ਹੈ। ਬਾਰਵੀਂ ਜਮਾਤ ਦੀ ਹਾਲ ਹੀ ਦੌਰਾਨ ਹੋਈ ਮੁਲਾਂਕਣ ਪ੍ਰੀਖਿਆ ’ਚ ਦਰਜ ਸਵਾਲ, ‘‘ਸੱਤਵੇਂ ਗੁਰੂ ਹਰਿ ਰਾਏ ਜੀ ਨੇ ਕਿਸ ਦੇ ਵਡੇਰਿਆਂ ਨੂੰ ਅਸ਼ੀਰਵਾਦ ਦਿਤਾ ਸੀ?’’ ਦੇ ਦਿਤੇ ਗਏ ਵਿਕਲਪਾਂ ’ਚ ਪੰਜਾਬ ਦੇ ਤਿੰਨ ਕਾਂਗਰਸੀ ਆਗੂਆਂ ਰਜਿੰਦਰ ਕੌਰ ਭੱਠਲ, ਰਾਣਾ ਗੁਰਜੀਤ ਸਿੰਘ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਨਾਮ ਲਿਖੇ ਗਏ ਹਨ, ਜੋ ਹੱਦ ਦਰਜੇ ਦੀ ਘਟੀਆ ਸ਼ਰਾਰਤ ਹੈ।