
ਘਰ 'ਚ ਪ੍ਰਵਾਰ ਦੇ 5 ਮੈਂਬਰ ਫਾਹੇ ਨਾਲ ਲਟਕੇ ਮਿਲੇ, 5 ਦਿਨਾਂ ਤਕ ਲਾਸ਼ਾਂ ਨਾਲ ਰਹੀ ਢਾਈ ਸਾਲ ਦੀ ਬੱਚੀ
ਕਰਨਾਟਕ, 18 ਸਤੰਬਰ : ਬੈਂਗਲੁਰੂ 'ਚ ਇਕ ਹੀ ਪ੍ਰਵਾਰ ਦੇ 4 ਮੈਂਬਰਾਂ ਦੀ ਖ਼ੁਦਕੁਸ਼ੀ ਅਤੇ 9 ਮਹੀਨੇ ਦੇ ਬੱਚੇ ਦੀ ਮੌਤ ਦਾ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ | 5 ਲਾਸ਼ਾਂ ਨਾਲ ਘਰ 'ਚ 5 ਦਿਨ ਰਹਿ ਰਹੀ ਨਾਬਾਲਗ ਬੱਚੀ ਨੂੰ ਪੁਲਿਸ ਨੇ ਹਸਪਤਾਲ 'ਚ ਦਾਖ਼ਲ ਕਰਵਾਇਆ, ਜਿਥੇ ਉਸ ਦਾ ਇਲਾਜ ਚੱਲ ਰਿਹਾ ਹੈ | ਪੁਲਿਸ ਨੇ ਇਹ ਜਾਣਕਾਰੀ ਦਿਤੀ | ਉਨ੍ਹਾਂ ਦਸਿਆ ਕਿ ਘਟਨਾ ਦਾ ਪਤਾ ਉਦੋਂ ਲੱਗਾ, ਜਦੋਂ 4 ਦਿਨਾਂ ਤੋਂ ਬਾਹਰ ਗਏ ਹੋਏ ਪ੍ਰਵਾਰ ਦੇ ਮੁਖੀਆ ਹੱਲੇਗੋਰੇ ਸ਼ੰਕਰ ਘਰ ਪਰਤੇ | ਉਨਵਾਂ ਨੇ ਪ੍ਰਵਾਰ ਨੂੰ ਵਾਰ-ਵਾਰ ਆਵਾਜ਼ ਦਿਤੀ ਪਰ ਕੋਈ ਜਵਾਬ ਨਹੀਂ ਮਿਲਿਆ | ਪੁਲਿਸ ਨੂੰ ਸ਼ੱਕ ਹੈ ਕਿ ਇਨ੍ਹਾਂ ਸਾਰਿਆਂ ਦੀ ਮੌਤ 4 ਦਿਨ ਪਹਿਲਾਂ ਹੀ ਹੋ ਗਈ ਸੀ | ਅਧਿਕਾਰੀਆਂ ਨੇ ਦਸਿਆ ਕਿ ਮਰਨ ਵਾਲਿਆਂ 'ਚ ਸ਼ੰਕਰ ਦੀ ਪਤਨੀ ਭਾਰਤੀ (51), ਧੀਆਂ ਸਿਨਚਾਨਾ (34), ਸਿੰਧੁਰਾਣੀ (31), ਪੁੱਤ ਮਧੁਸਾਗਰ ਅਤੇ 9 ਮਹੀਨੇ ਦਾ ਪੋਤਾ ਸ਼ਾਮਲ ਹੈ | ਚਾਰੇ ਲੋਕ ਵੱਖ-ਵੱਖ ਕਮਰਿਆਂ 'ਚ ਫਾਹੇ ਨਾਲ ਲਟਕੇ ਮਿਲੇ, ਜਦੋਂ ਕਿ ਨਵਜਾਤ ਬਿਸਤਰ 'ਤੇ ਮਿਲਿਆ, ਜਿਸ ਦੀ ਮੌਤ ਭੁੱਖ ਕਾਰਨ ਹੋਈ | ਉਨ੍ਹਾਂ ਦਸਿਆ ਕਿ ਲਾਸ਼ਾਂ ਬੁਰੀ ਤਰ੍ਹਾਂ ਸੜ ਚੁਕੀਆਂ ਸਨ | ਪੁਲਿਸ ਨੂੰ ਉਥੇ ਸਿਨਚਾਨਾ ਦੀ ਢਾਈ ਸਾਲ ਦੀ ਬੱਚੀ ਮਿਲੀ, ਜੋ ਖ਼ਾਣ-ਪੀਣ ਨੂੰ ਕੁੱਝ ਨਹੀਂ ਮਿਲਣ ਕਾਰਨ ਬੇਹੋਸ਼ ਸੀ | ਪੁਲਿਸ ਨੇ ਕਿਹਾ ਕਿ ਬੱਚੀ ਦਾ ਜਿਉਂਦੀ ਮਿਲਣਾ 'ਚਮਤਕਾਰ' ਹੀ ਹੈ | ਉਸ ਨੂੰ ਨਜਦੀਕੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ, ਜਿਥੇ ਉਸ ਦਾ ਇਲਾਜ ਚੱਲ ਰਿਹਾ ਹੈ | ਬੱਚੀ ਨੂੰ ਹੋਸ਼ ਆ ਗਿਆ ਹੈ ਅਤੇ ਡਾਕਟਰਾਂ ਅਨੁਸਾਰ ਉਸ ਦੀ ਹਾਲਤ ਸਥਿਰ ਹੈ | ਸੂਤਰਾਂ ਨੇ ਦਸਿਆ ਕਿ ਸ਼ੰਕਰ ਦੀ ਵੱਡੀ ਧੀ ਅਪਣੇ ਪਤੀ ਤੋਂ ਵੱਖ ਹੋ ਚੁਕੀ ਸੀ ਅਤੇ ਪੇਕੇ ਰਹਿ ਰਹੀ ਸੀ | ਛੋਟੀ ਧੀ ਇਥੇ ਡਿਲਿਵਰੀ ਲਈ ਆਈ ਹੋਈ ਸੀ | ਪੁਲਿਸ ਸ਼ੰਕਰ ਤੋਂ ਪੁਛਗਿਛ ਕਰ ਰਹੀ ਹੈ | ਸ਼ੰਕਰ ਨੇ ਪੁਲਿਸ ਨੂੰ ਦਸਿਆ ਕਿ ਪ੍ਰਵਾਰ 'ਚ ਕੁੱਝ ਪਰੇਸ਼ਾਨੀਆਂ ਸਨ ਅਤੇ ਉਨ੍ਹਾਂ ਦੀ ਇਕ ਧੀ ਅਪਣੇ ਪਤੀ ਤੋਂ ਵੱਖ ਰਹਿ ਰਹੀ ਸੀ | ਪੁਲਿਸ ਨੇ ਇਸ ਸਬੰਧ 'ਚ ਗ਼ੈਰ-ਕੁਦਰਤੀ ਮੌਤ ਦਾ ਮਾਮਲਾ ਦਰਜ ਕੀਤਾ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ | (ਏਜੰਸੀ)