
ਸਰਦੂਲਗੜ੍ਹ ਅਨਾਜ ਮੰਡੀ ਵਿਚ ਨਰਮਾ ਵਿਕਿਆ 7100 ਰੁਪਏ ਪ੍ਰਤੀ ਕੁਇੰਟਲ, ਕਿਸਾਨ ਖ਼ੁਸ਼
ਸਰਦੂਲਗੜ੍ਹ, 18 ਸਤੰਬਰ (ਵਿਨੋਦ ਜੈਨ) : ਸਰਦੂਲਗੜ੍ਹ ਅਨਾਜ ਮੰਡੀ ਵਿਚ ਨਰਮੇ ਦਾ ਰੇਟ ਵਧਿਆ ਹੋਣ ਕਾਰਨ ਕਿਸਾਨਾਂ ਵਿਚ ਖ਼ੁਸ਼ੀ ਪਾਈ ਜਾ ਰਹੀ ਹੈ। ਸਰਦੂਲਗੜ੍ਹ ਅਨਾਜ ਮੰਡੀ ਵਿਚ ਨਰਮਾ 7100 ਰੁਪਏ ਪ੍ਰਤੀ ਕੁਇੰਟਲ ਵਿਕ ਰਿਹਾ ਹੈ ਜਿਸ ਕਾਰਨ ਕਿਸਾਨਾਂ ਨੂੰ ਸਰਕਾਰੀ ਰੇਟ ਤੋਂ 1100 ਰੁਪਏ ਪ੍ਰਤੀ ਕੁਇੰਟਲ ਜ਼ਿਆਦਾ ਭਾਅ ਮਿਲ ਰਿਹਾ ਹੈ। ਇਸ ਵਾਰ ਨਰਮੇ ਦਾ ਭਾਅ ਵੀ ਵਧੀਆ ਹੋਣ ਕਾਰਨ ਕਿਸਾਨਾਂ ਦੇ ਚਿਹਰੇ ਉਪਰ ਰੌਣਕ ਆ ਗਈ ਹੈ। ਅਨਾਜ ਮੰਡੀ ਵਿਚ ਰੋਜ਼ਾਨਾ 900 ਤੋਂ 1000 ਕੁਇੰਟਲ ਨਰਮੇ ਦੀ ਆਮਦ ਹੋ ਰਹੀ ਹੈ। ਨਰਮਾ ਪਹਿਲਾਂ 6850 ਰੁਪਏ ਪ੍ਰਤੀ ਕੁਇੰਟਲ ਵਿਕਿਆ ਸੀ।
ਅੱਜ ਮੰਡੀ ਵਿਚ ਨਰਮਾ 7100 ਰੁਪਏ ਪ੍ਰਤੀ ਕੁਇੰਟਲ ਵਿਕਿਆ ਹੈ। ਮੰਡੀ ਵਿਚ ਨਰਮੇ ਦੀ ਆਮਦ ਵੱਧਣ ਕਾਰਨ ਕਾਟਨ ਫ਼ੈਕਟਰੀਆਂ ਨੇ ਵੀ ਖ਼ਰੀਦ ਸ਼ੁਰੂ ਕਰ ਦਿਤੀ ਹੈ। ਇਸ ਸਬੰਧੀ ਕਿਸਾਨ ਲਾਭ ਸਿੰਘ ਸਰਦੂਲਗੜ੍ਹ ਨੇ ਕਿਹਾ ਕਿ ਇਸ ਵਾਰ ਨਰਮੇ ਦੀ ਫ਼ਸਲ ਦੀ ਪੈਦਾਵਾਰ ਚੰਗੀ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਜੇਕਰ ਹੁਣ ਮੌਸਮ ਠੀਕ ਰਹਿੰਦਾ ਹੈ ਤਾਂ ਨਰਮੇ ਦਾ ਝਾੜ ਚੰਗਾ ਨਿਕਲਣ ਦੀ ਸੰਭਾਵਨਾ ਹੈ। ਇਸ ਸਬੰਧੀ ਨਰਮੇ ਦੇ ਵਪਾਰੀ ਹੈਪੀ ਜੈਨ ਨੇ ਕਿਹਾ ਕਿ ਸਰਦੂਲਗੜ੍ਹ ਮੰਡੀ ਹਰਿਆਣਾ ਬਾਰਡਰ ’ਤੇ ਹੋਣ ਕਾਰਨ ਮੰਡੀ ਵਿਚ ਹਰਿਆਣੇ ਦੇ ਵਪਾਰੀ ਵੀ ਖਰੀਦ ਕਰਨ ਲਈ ਆ ਰਹੇ ਹਨ ਜਿਸ ਕਾਰਨ ਸਰਦੂਲਗੜ੍ਹ ਅਨਾਜ ਮੰਡੀ ਵਿਚ ਨਰਮਾ ਪੰਜਾਬ ਦੀਆਂ ਮੰਡੀਆਂ ਨਾਲੋਂ 100 ਰੁਪਏ ਪ੍ਰਤੀ ਕੁਇੰਟਲ ਵਧ ਵਿਕ ਰਿਹਾ ਜਿਸ ਕਾਰਨ ਕਿਸਾਨਾਂ ਨੂੰ ਕਾਫ਼ੀ ਫ਼ਾਇਦਾ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਨਰਮਾ 6850 ਰੁਪਏ ਤੋਂ ਲੈ ਕੇ 7100 ਰੁਪਏ ਪ੍ਰਤੀ ਕੁਇੰਟਲ ਵਿਕ ਰਿਹਾ ਹੈ। ਜਦ ਇਸ ਸਬੰਧੀ ਮਾਰਕੀਟ ਕਮੇਟੀ ਦੇ ਸਕੱਤਰ ਜਗਤਾਰ ਸਿੰਘ ਫੱਗੂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮੰਡੀ ਵਿਚ ਨਰਮੇ ਦੀ ਆਮਦ ਰੋਜ਼ਾਨਾ 800 ਤੋਂ 900 ਕੁਇੰਟਲ ਮੰਡੀ ਵਿਚ ਆਮਦ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਨਰਮੇ ਦੀ ਖਰੀਦ ਪ੍ਰਾਈਵੇਟ ਕਾਟਨ ਫ਼ੈਕਟਰੀਆਂ ਅਤੇ ਪ੍ਰਾਈਵੇਟ ਵਪਾਰੀ ਕਰ ਰਹੇ ਹਨ।
ਕੈਪਸ਼ਨ : ਮੰਡੀ ਵਿੱਚ ਵਿੱਕਣ ਲਈ ਆਇਆਂ ਨਰਮਾ।