
ਸਾਲੀ ਨਾਲ ਇਸ਼ਕ ਪ੍ਰਵਾਨ ਚੜ੍ਹਾਉਣ ਲਈ ਕੀਤਾ ਸਾਂਢੂ ਦਾ ਕਤਲ
ਮਾਛੀਵਾੜਾ, 18 ਸਤੰਬਰ (ਭੂਸ਼ਣ ਜੈਨ) : ਮਾਛੀਵਾੜਾ ਪੁਲਿਸ ਵਲੋਂ 4 ਮਹੀਨੇ ਪਹਿਲਾਂ ਲਾਪਤਾ ਹੋਏ ਨੌਜਵਾਨ ਰਾਜੂ ਸਿੰਘ ਵਾਸੀ ਪਿੰਡ ਮਾਜਰੀ ਥਾਣਾ ਮੋਰਿੰਡਾ ਦੀ ਕਤਲ ਕਰਨ ਤੋਂ ਬਾਅਦ ਖੇਤਾਂ ਵਿਚ ਦੱਬੀ ਲਾਸ਼ ਕਥਿਤ ਦੋਸ਼ੀ ਤੇਜਿੰਦਰ ਸਿੰਘ ਉਰਫ਼ ਗੋਲਡੀ ਦੀ ਨਿਸ਼ਾਨਦੇਹੀ 'ਤੇ ਬਰਾਮਦ ਕਰਵਾ ਲਈ ਗਈ | ਇਸ ਮਾਮਲੇ 'ਚ ਖੁਲਾਸਾ ਹੋਇਆ ਸਾਲੀ ਨਾਲ ਇਸ਼ਕ ਪ੍ਰਵਾਨ ਚੜ੍ਹਾਉਣ ਲਈ ਸਾਂਢੂ ਨੇ ਹੀ ਅਪਣੇ ਸਾਂਢੂ ਦਾ ਸਾਥੀਆਂ ਨਾਲ ਮਿਲ ਕੇ ਬੇਰਹਿਮੀ ਨਾਲ ਕਤਲ ਕਰ ਦਿਤਾ |
ਇਸ ਮਾਮਲੇ ਸਬੰਧੀ ਅੱਜ ਸਮਰਾਲਾ ਦੇ ਡੀ.ਐਸ.ਪੀ. ਹਰਵਿੰਦਰ ਸਿੰਘ ਖਹਿਰਾ ਅਤੇ ਥਾਣਾ ਮੁਖੀ ਵਿਜੈ ਕੁਮਾਰ ਨੇ ਦਸਿਆ ਕਿ ਰਾਜੂ ਸਿੰਘ ਤੇ ਤੇਜਿੰਦਰ ਸਿੰਘ ਉਰਫ਼ ਗੋਲਡੀ ਆਪਸ ਵਿਚ ਰਿਸ਼ਤੇ 'ਚ ਸਕੇ ਸਾਂਢੂ ਸਨ | ਮਾਛੀਵਾੜਾ ਨੇੜਲੇ ਪਿੰਡ ਭੱਟੀਆਂ ਦੇ ਨਿਵਾਸੀ ਤੇਜਿੰਦਰ ਸਿੰਘ ਉਰਫ਼ ਗੋਲਡੀ ਦਾ ਅਪਣੀ ਪਤਨੀ ਨਾਲ ਤਲਾਕ ਹੋ ਗਿਆ ਜਿਸ ਦੇ ਨਾਜਾਇਜ਼ ਸਬੰਧ ਅਪਣੀ ਸਾਲੀ ਨਾਲ ਬਣ ਗਏ | ਰਾਜੂ ਸਿੰਘ ਦੀ ਪਤਨੀ ਆਪਣੇ ਪਤੀ ਨੂੰ ਛੱਡ ਬੱਚਿਆਂ ਸਮੇਤ ਤੇਜਿੰਦਰ ਸਿੰਘ ਉਰਫ਼ ਗੋਲਡੀ ਨਾਲ ਭੱਜ ਗਈ ਸੀ ਅਤੇ ਫਿਰ ਆਪਸ ਵਿਚ ਸਮਝੌਤਾ ਕਰਨ ਤੋਂ ਬਾਅਦ ਵਾਪਸ ਆਪਣੇ ਪਤੀ ਕੋਲ ਚਲੀ ਗਈ ਸੀ | ਹੁਣ ਫਿਰ ਪਿਛਲੇ ਕੁਝ ਮਹੀਨਿਆਂ ਤੋਂ ਰਾਜੂ ਸਿੰਘ ਦੀ ਪਤਨੀ ਰਿਸ਼ਤੇ 'ਚ ਲੱਗਦੇ ਅਪਣੇ ਜੀਜਾ ਤੇਜਿੰਦਰ ਸਿੰਘ ਉਰਫ਼ ਗੋਲਡੀ ਨਾਲ ਰਹਿ ਰਹੀ ਸੀ | ਰਾਜੂ ਸਿੰਘ ਇਸ ਗੱਲ ਤੋਂ ਕਾਫ਼ੀ ਪ੍ਰੇਸ਼ਾਨ ਸੀ ਅਤੇ ਉਹ ਲੰਘੀ 13 ਮਈ ਨੂੰ ਅਪਣੀ ਪਤਨੀ ਤੇ ਬੱਚਿਆਂ ਨੂੰ ਲੈਣ ਲਈ ਅਪਣੇ ਸਾਂਢੂ ਤੇਜਿੰਦਰ ਸਿੰਘ ਕੋਲ ਆਇਆ ਜਿਨ੍ਹਾਂ ਦਾ ਆਪਸ ਵਿਚ ਕਾਫ਼ੀ ਝਗੜਾ ਵੀ ਹੋਇਆ |
ਡੀ.ਐਸ.ਪੀ. ਸਮਰਾਲਾ ਨੇ ਦਸਿਆ ਕਿ ਉਸ ਦਿਨ ਤੋਂ ਰਾਜੂ ਸਿੰਘ ਲਾਪਤਾ ਸੀ ਜਿਸ ਸਬੰਧੀ ਮਾਛੀਵਾੜਾ ਪੁਲਸ ਥਾਣਾ ਵਿਚ ਗੁਮਸ਼ੁਦਗੀ ਰੀਪੋਰਟ ਵੀ ਦਰਜ ਕੀਤੀ ਗਈ ਸੀ | ਕੱੁਝ ਦਿਨ ਪਹਿਲਾਂ ਹੀ ਰਾਜੂ ਸਿੰਘ ਦੇ ਸਾਲੇ ਸੰਤੋਸ਼ ਕੁਮਾਰ ਨੇ ਪੁਲਿਸ ਕੋਲ ਬਿਆਨ ਦਰਜ ਕਰਵਾਏ ਕਿ ਉਸ ਦੇ ਜੀਜੇ ਦਾ ਕਤਲ ਤੇਜਿੰਦਰ ਸਿੰਘ ਉਰਫ਼ ਗੋਲਡੀ ਤੇ ਉਸ ਦੇ 2 ਸਾਥੀਆਂ ਨੇ ਮਿਲ ਕੇ ਲਾਸ਼ ਨੂੰ ਖੁਰਦ-ਬੁਰਦ ਕਰ ਦਿਤਾ | ਉਨ੍ਹਾਂ ਦਸਿਆ ਕਿ ਥਾਣਾ ਮੁਖੀ ਵਿਜੈ ਕੁਮਾਰ ਦੀ ਅਗਵਾਈ ਹੇਠ ਪੁਲਿਸ ਪਾਰਟੀ ਵਲੋਂ ਪਰਚਾ ਦਰਜ ਕਰਨ ਉਪਰੰਤ ਤੇਜਿੰਦਰ ਸਿੰਘ ਗੋਲਡੀ ਤੇ ਸੈਮਲ ਵਾਸੀ ਇੰਦਰਾ ਕਾਲੋਨੀ ਨੂੰ ਗਿ੍ਫ਼ਤਾਰ ਕਰ ਲਿਆ ਜਿਸ ਤੋਂ ਬਾਅਦ ਖੁਲਾਸਾ ਹੋਇਆ ਕਿ ਇਨ੍ਹਾਂ ਵਲੋਂ ਕਤਲ ਕਰ ਕੇ ਲਾਸ਼ ਮਾਛੀਵਾੜਾ ਨੇੜੇ ਵਗਦੇ ਸੂਏ ਕਿਨਾਰੇ ਖੇਤਾਂ 'ਚ ਬਣੇ ਕਮਰੇ ਅੰਦਰ ਦੱਬ ਦਿਤੀ | ਪੁਲਿਸ ਅਨੁਸਾਰ ਕਥਿਤ ਦੋਸ਼ੀ ਤੇਜਿੰਦਰ ਸਿੰਘ ਉਰਫ਼ ਗੋਲਡੀ ਨੇ ਕਬੂਲ ਕੀਤਾ ਕਿ ਰਿਸ਼ਤੇ 'ਚ ਲੱਗਦੀ ਸਾਲੀ ਮੇਰੇ ਨਾਲ ਰਹਿ ਰਹੀ ਸੀ ਪਰ ਉਸ ਦਾ ਪਤੀ ਰਾਜੂ ਸਿੰਘ ਉਨ੍ਹਾਂ ਦਾ ਇਸ਼ਕ ਪ੍ਰਵਾਨ ਨਹੀਂ ਚੜ੍ਹਨ ਦੇ ਰਿਹਾ ਸੀ ਅਤੇ ਰੁਕਾਵਟਾਂ ਖੜੀਆਂ ਕਰਦਾ ਸੀ ਜਿਸ ਕਾਰਨ ਉਸ ਨੇ 13 ਮਈ ਦੀ ਸ਼ਾਮ ਨੂੰ ਅਪਣੇ ਸਾਥੀ ਸੈਮਲ ਤੇ ਰਿੱਕੀ ਵਾਸੀ ਲੱਖੋਵਾਲ ਕਲਾਂ ਦੀ ਮਦਦ ਨਾਲ ਕਿਰਚ ਤੇ ਹੋਰ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਬਾਅਦ ਵਿਚ ਸੂਏ ਕਿਨਾਰੇ ਖੇਤਾਂ 'ਚ ਬਣੇ ਕਮਰੇ ਅੰਦਰ ਲਾਸ਼ ਨੂੰ ਦੱਬ ਦਿਤਾ | ਪੁਲਸ ਵਲੋਂ ਅੱਜ ਰਾਜੂ ਸਿੰਘ ਦੀ ਲਾਸ਼ ਕਢਵਾਈ ਗਈ ਤਾਂ ਉਹ ਪਿੰਜਰ ਦਾ ਰੂਪ ਧਾਰਨ ਕਰ ਚੁੱਕੀ ਸੀ |
ਡੀ.ਐਸ.ਪੀ. ਹਰਵਿੰਦਰ ਸਿੰਘ ਖਹਿਰਾ ਨੇ ਦਸਿਆ ਕਿ ਲਾਸ਼ ਦਾ ਪੋਸਟ ਮਾਰਟਮ ਕਰਵਾਉਣ ਉਪਰੰਤ ਡੀ.ਐਨ.ਏ. ਟੈਸਟ ਵੀ ਕਰਵਾਇਆ ਜਾਵੇਗਾ ਤਾਂ ਜੋ ਸਪੱਸ਼ਟ ਹੋ ਕੇ ਸਕੇ ਕਿ ਇਹ ਲਾਸ਼ ਰਾਜੂ ਸਿੰਘ ਦੀ ਹੈ | ਡੀ.ਐੱਸ.ਪੀ. ਖਹਿਰਾ ਨੇ ਦੱਸਿਆ ਕਿ ਮਾਛੀਵਾੜਾ ਪੁਲਸ ਵਲੋਂ 4 ਮਹੀਨੇ ਤੋਂ ਲਾਪਤਾ ਹੋਏ ਰਾਜੂ ਸਿੰਘ ਦੇ ਅੰਨ੍ਹੇ ਕਤਲ ਦੀ ਗੁੱਥੀ ਸੁਲਝਾ ਕੇ ਵੱਡੀ ਸਫ਼ਲਤਾ ਪ੍ਰਾਪਤ ਕੀਤੀ ਹੈ |
ਫੋਟੋ ਕੈਪਸ਼ਨ:
ਮਾਛੀਵਾੜਾ ਰਾਜੂ 1: ਮਿ੍ਤਕ ਰਾਜੂ ਸਿੰਘ ਦੀ ਲਾਸ਼ ਬਰਾਮਦ ਕਰਵਾਉਂਦੇ ਹੋਏ ਡੀਐੱਸਪੀ ਖਹਿਰਾ ਅਤੇ ਹੋਰ | ਫੋਟੋ: ਭੂਸ਼ਣ ਜੈਨ ਮਾਛੀਵਾੜਾ