
ਸਿੰਘ ਸਾਹਿਬਾਨ ਜੀ, ਸੌਦੇ ਸਾਧ ਨਾਲ ‘ਜੁੜਦੀਆਂ ਤਾਰਾਂ’ ਉਸ ਨੂੰ ਦਿਤੇ ਮੁਆਫ਼ੀਨਾਮੇ ਨਾਲ ਵੀ ਜੋੜ ਦਿਉ: ਦੁਪਾਲਪੁਰ
ਕੋਟਕਪੂਰਾ, 18 ਸਤੰਬਰ (ਗੁਰਿੰਦਰ ਸਿੰਘ): ਬੀਤੇ ਦਿਨੀਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਵਾਪਰੇ ਅਤਿ ਹਿਰਦੇ ਵੇਧਕ ਘਟਨਾ ਕਾਰਨ ਦੇਸ਼-ਵਿਦੇਸ਼ ’ਚ ਵਸਦੇ ਗੁਰੂ ਨਾਨਕ ਨਾਮਲੇਵਾ ਮਾਈ ਭਾਈ ਦੇ ਦਿਲ ਛਲਣੀ ਛਲਣੀ ਹੋਏ ਪਏ ਹਨ। ਇਸ ਮੰਦਭਾਗੀ ਘਟਨਾ ਨੂੰ ਸਿੱਖ ਹਲਕਿਆਂ ’ਚ ਖ਼ਾਲਸਾ ਪੰਥ ਦੇ ਸਾਜਨਾ ਅਸਥਾਨ ’ਤੇ ਘਿਨਾਉਣੇ ਹਮਲੇ ਵਜੋਂ ਲਿਆ ਜਾ ਰਿਹਾ ਹੈ, ਜਿਸ ਕਾਰਨ ਸਿੱਖ ਹਿਰਦਿਆਂ ’ਚ ਅਪਣੇ ਗੁਰਧਾਮਾਂ ਦੀ ਸੁਰੱਖਿਆ ਪ੍ਰਤੀ ਘੋਰ ਚਿੰਤਾ ਪਾਈ ਜਾ ਰਹੀ ਹੈ। ਇਸ ਘਟਨਾ ਤੋਂ ਬਾਅਦ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਤਖ਼ਤ ਕੇਸਗੜ੍ਹ ਸਾਹਿਬ ਦੇ ਦੋਹਾਂ ਜਥੇਦਾਰਾਂ ਨੇ ਮੁੱਖ ਤੌਰ ’ਤੇ ਇਹ ਗੱਲ ਜ਼ੋਰ ਨਾਲ ਆਖੀ ਹੈ ਕਿ ਉੁਕਤ ਵਾਰਦਾਤ ਕਰਨ ਵਾਲੇ ਦੋਸ਼ੀ ਦੇ ਪਿਛੋਕੜ ਦੀਆਂ ਤਾਰਾਂ ‘ਸੌਦੇ ਸਾਧ’ ਨਾਲ ਜੁੜਦੀਆਂ ਹਨ। ਉਨ੍ਹਾਂ ਦੇ ਇਸ ਕਥਨ ’ਤੇ ਟਿੱਪਣੀ ਕਰਦਿਆਂ ਤਰਲੋਚਨ ਸਿੰਘ ‘ਦੁਪਾਲਪੁਰ’ ਪ੍ਰਵਾਸੀ ਸਿੱਖ ਲਿਖਾਰੀ ਅਤੇ ਸਾਬਕਾ ਮੈਂਬਰ ਸ਼੍ਰੋਮਣੀ ਕਮੇਟੀ ਨੇ ਅਪਣੇ ਲਿਖਤੀ ਬਿਆਨ ’ਚ ਜਥੇਦਾਰਾਂ ਨੂੰ ਅਪੀਲ ਕੀਤੀ ਕਿ ਹੁਣ ਜਦ ਕੇਸਗੜ੍ਹ ਵਿਖੇ ਕਾਰਾ ਕਰਨ ਵਾਲੇ ਦੀਆਂ ਸੌਦੇ ਸਾਧ ਨਾਲ ਜੁੜਦੀਆਂ ਤਾਰਾਂ ਦਾ ਸਪੱਸ਼ਟ ਪਤਾ ਲੱਗ ਗਿਆ ਹੈ ਤਾਂ ਇਨ੍ਹਾਂ ਤਾਰਾਂ ਨੂੰ ਅਕਾਲ ਤਖ਼ਤ ਸਾਹਿਬ ਤੋਂ ਸੌਦੇ ਸਾਧ ਨੂੰ ਦਿਤੀ ਗਈ ਬਿਨ ਮੰਗੀ ਮੁਆਫ਼ੀ ਵਾਲੇ ਕਾਂਡ ਨਾਲ ਵੀ ਜੋੜਿਆ ਜਾਵੇ। ਅਜਿਹਾ ਕਰਨ ਨਾਲ ਉਸ ਦੇ ਮੁਆਫ਼ੀਨਾਮੇ ਨੂੰ ਜਾਇਜ਼ ਠਹਿਰਾਉਣ ਲਈ ਗੁਰੂ ਕੀ ਗੋਲਕ ’ਚੋਂ ਉਡਾਈ ਗਈ 92 ਲੱਖ ਰੁਪਏ ਦੀ ਰਕਮ ਬਾਰੇ ਵੀ ਸਿੱਖ ਜਗਤ ਨੂੰ ਪਤਾ ਲੱਗ ਜਾਵੇਗਾ ਕਿ ਐਨੀ ਵੱਡੀ ਰਕਮ ਕਿਸ ਦੇ ਹੁਕਮ ਅਤੇ ਕਿਸ ਮਨਸ਼ਾ ਨਾਲ ਕੱਢੀ ਗਈ ਸੀ? ਸ੍ਰ. ਦੁਪਾਲਪੁਰ ਅਨੁਸਾਰ ਅਜਿਹੀ ਪੜਤਾਲ ਕਰਨੀ ਅਸਾਨ ਰਹੇਗੀ, ਕਿਉਂਕਿ ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ, ਜੋ ਮੁਆਫ਼ੀ ਦੇਣ ਅਤੇ ਫਿਰ ਮੁਆਫ਼ੀਨਾਮਾ ਰੱਦ ਕਰਨ ਵੇਲੇ ਤਖ਼ਤ ਸਾਹਿਬ ਦੀ ਸੇਵਾ ਨਿਭਾਅ ਰਹੇ ਸਨ, ਹਾਲੇ ਸ਼੍ਰੋਮਣੀ ਕਮੇਟੀ ’ਚ ਕਿਸੇ ਅਹੁਦੇ ’ਤੇ ਮੁਲਾਜ਼ਮਤ ਕਰ ਰਹੇ ਹਨ। ਕੇਸਗੜ੍ਹ ਸਾਹਿਬ ਵਾਲੀ ਮੌਜੂਦਾ ਮੰਦਭਾਗੀ ਘਟਨਾ ਨੇ ਸਿੱਖ ਜਗਤ ਦੇ ਦਿਲਾਂ ’ਚ ਸੌਦਾ ਸਾਧ ਬਾਰੇ ਅਗਲੀਆਂ-ਪਿਛਲੀਆਂ ਸ਼ੰਕਾਵਾਂ ਦੇ ਗੁੱਝੇ ਭੇਤ ਜਾਣਨ ਲਈ ਤਿੱਖੀ ਤਾਂਘ ਪੈਦਾ ਕਰ ਦਿਤੀ ਹੈ। ਅਮਰੀਕਾ ’ਚ ਸਥਿਤ ਵੱਖ-ਵੱਖ ਗੁਰਦਵਾਰਾ ਸਾਹਿਬਾਨ ਦੇ ਪ੍ਰਬੰਧਕਾਂ ਅਤੇ ਹੋਰ ਸਿੱਖ ਆਗੂਆਂ ਮੁਤਾਬਕ ਭਾਵੇਂ ਸ਼੍ਰੋਮਣੀ ਕਮੇਟੀ ਦੇ ਕੁੱਝ ਅਹੁਦੇਦਾਰਾਂ ਨੇ ਕੇਸਗੜ੍ਹ ਸਾਹਿਬ ਦੀ ਘਟਨਾ ਪ੍ਰਤੀ ਸਿਆਸਤ ਨਾ ਕਰਨ ਬਾਰੇ ਬਿਆਨ ਦਿਤੇ ਹਨ ਪਰ ਜਦੋਂ ਕਿਸੇ ਪੰਥਕ ਹਾਦਸੇ ਨਾਲ ਸੌਦੇ ਸਾਧ ਦਾ ਨਾਮ ਜੁੜਦਾ ਹੈ ਤਾਂ ਸਮੁੱਚਾ ਸਿੱਖ ਜਗਤ ਸਕਤੇ ’ਚ ਆ ਜਾਂਦਾ ਹੈ ਅਤੇ ਪਿਛਲੀ ਬਾਦਲ ਸਰਕਾਰ ਵੇਲੇ ਅਕਾਲ ਤਖ਼ਤ ਸਾਹਿਬ ਦੀ ਸੌਦੇ ਸਾਧ ਦੇ ਸਿਲਸਿਲੇ ’ਚ ਹੋਈ ਹਾਸੋ-ਹੀਣੀ ਦੇ ਸੱਲ ਤਾਜ਼ਾ ਹੋ ਜਾਂਦੇ ਹਨ। ਭਾਈ ਦੁਪਾਲਪੁਰ ਨੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘੁਬੀਰ ਸਿੰਘ ਦੇ ਇਸ ਬਿਆਨ ਕਿ ਜੇ ਬੇਅਦਬੀਆਂ ਮੇਰੇ ਅਸਤੀਫ਼ੇ ਨਾਲ ਰੁਕ ਸਕਦੀਆਂ ਹਨ ਤਾਂ ਮੈਂ ਅਸਤੀਫ਼ਾ ਦੇ ਦਿੰਦਾ ਹਾਂ, ’ਤੇ ਹੈਰਾਨੀ ਜਾਹਰ ਕਰਦਿਆਂ ਮਿਸਾਲ ਦਿਤੀ ਕਿ ਜਦੋਂ ਅਗੱਸਤ 1956 ’ਚ ਆਂਧਰਾ ਪ੍ਰਦੇਸ਼ ’ਚ ਰੇਲ ਹਾਦਸਾ ਹੋਇਆ ਸੀ ਤਾਂ ਤਤਕਾਲੀ ਕੇਂਦਰੀ ਰੇਲ ਮੰਤਰੀ ਲਾਲ ਬਹਾਦਰ ਸ਼ਾਸਤਰੀ ਨੇ ਅਪਣੀ ਨੈਤਿਕ ਜਿੰਮੇਵਾਰੀ ਸਮਝਦਿਆਂ ਅਹੁਦੇ ਤੋਂ ਝੱਟ ਅਸਤੀਫ਼ਾ ਦੇ ਦਿਤਾ ਸੀ। ਉਸ ਨੇ ਨਹੀਂ ਸੀ ਕਿਸੇ ਨੂੰ ਪੁਛਿਆ ਕਿ ਮੇਰੇ ਅਸਤੀਫ਼ੇ ਨਾਲ ਰੇਲ ਹਾਦਸੇ ਹੋਣੋ ਬੰਦ ਹੋ ਜਾਣਗੇ? ਭਾਈ ਦੁਪਾਲਪੁਰ ਨੇ ਅੰਤ ’ਚ ਸਿੰਘ ਸਾਹਿਬਾਨਾਂ ਅਤੇ ਸ਼੍ਰੋਮਣੀ ਕਮੇਟੀ ਦੇ ਮੁਖੀ ਅਹੁਦੇਦਾਰਾਂ ਨੂੰ ਸਨਿਮਰ ਬੇਨਤੀ ਕੀਤੀ ਕਿ ਉਹ ਸ੍ਰੀ ਕੇਸਗੜ੍ਹ ਸਾਹਿਬ ਦੇ ਹੁਣ ਵਾਲੇ ਮਸਲੇ ਨੂੰ ਬੜੀ ਸੰਜੀਦਗੀ ਨਾਲ ਲੈਂਦੇ ਹੋਏ ਸੌਦੇ ਸਾਧ ਨਾਲ ਸਬੰਧਤ ਬੀਤੇ ਸਮੇਂ ਦੇ ਹਕੀਕੀ ਤੱਥ ਖ਼ਾਲਸਾ ਪੰਥ ਸਾਹਮਣੇ ਰੱਖਣ ਤਾਂਕਿ ਭਵਿੱਖ ਲਈ ਪੂਰੀ ਪੁਖ਼ਤਗੀ ਨਾਲ ਕੋਈ ਬਾਨਣੂੰ ਬੰਨ੍ਹੇ ਜਾਣ ਅਤੇ ਸਾਡੇ ਗੁਰਧਾਮਾਂ ਦੀ ਸੁਰੱਖਿਆ ਯਕੀਨੀ ਹੋ ਜਾਵੇ।
ਫੋਟੋ :- ਕੇ.ਕੇ.ਪੀ.-ਗੁਰਿੰਦਰ-18-1ਏ