
ਸੋਨੂੰ ਸੂਦ ਨੇ ਕੀਤੀ 20 ਕਰੋੜ ਤੋਂ ਜ਼ਿਆਦਾ ਦੀ ਟੈਕਸ ਚੋਰੀ : ਇਨਕਮ ਟੈਕਸ ਵਿਭਾਗ
ਨਵੀਂ ਦਿੱਲੀ, 18 ਸਤੰਬਰ : ਬਾਲੀਵੁਡ ਅਦਾਕਾਰ ਸੋਨੂੰ ਸੂਦ ਵਿਰੁਧ ਛਾਪੇਮਾਰੀ ਨੂੰ ਲੈ ਕੇ ਆਮਦਨ ਕਰ ਵਿਭਾਗ ਨੇ ਵੱਡਾ ਖੁਲਾਸਾ ਕੀਤਾ ਹੈ | ਵਿਭਾਗ ਦਾ ਕਹਿਣਾ ਹੈ ਕਿ ਸੋਨੂੰ ਸੂਦ 20 ਕਰੋੜ ਤੋਂ ਜ਼ਿਆਦਾ ਦੀ ਟੈਕਸ ਚੋਰੀ ਵਿਚ ਸ਼ਾਮਲ ਹਨ | ਆਮਦਨ ਕਰ ਵਿਭਾਗ ਨੇ ਸੋਨੂੰ ਸੂਦ ਦੇ ਮੁੰਬਈ ਸਥਿਤ ਘਰ 'ਤੇ ਲਗਾਤਾਰ ਤਿੰਨ ਦਿਨ ਸਰਵੇਖਣ ਕੀਤਾ ਹੈ | ਵਿਭਾਗ ਨੇ ਕਿਹਾ ਕਿ ਸੂਦ ਨੇ ਵਿਦੇਸ਼ੀ ਦਾਨੀਆਂ ਤੋਂ 2.1 ਕਰੋੜ ਦੀ ਗ਼ੈਰ-ਮੁਨਾਫ਼ਾ ਰਾਸ਼ੀ ਇਕੱਠੀ ਕੀਤੀ, ਜੋ ਕਿ ਇਸ ਤਰ੍ਹਾਂ ਦੇ ਲੈਣ-ਦੇਣ ਨੂੰ ਕੰਟਰੋਲ ਕਰਨ ਵਾਲੇ ਕਾਨੂੰਨ ਦੀ ਉਲੰਘਣਾ ਹੈ | ਹੁਣ ਤਕ ਦੀ ਜਾਂਚ ਵਿਚ 20 ਅਜਿਹੀਆਂ ਐਂਟਰੀਆਂ ਮਿਲੀਆਂ ਹਨ, ਜਿਨ੍ਹਾਂ ਵਿਚੋਂ ਦੇਣ ਵਾਲਿਆਂ ਨੇ ਧੋਖਾਧੜੀ ਕਰਨ ਦੀ ਗੱਲ ਸਵੀਕਾਰ ਕੀਤੀ ਹੈ | ਉਨ੍ਹਾਂ ਨੇ ਨਕਦੀ ਬਦਲੇ ਚੈੱਕ ਜਾਰੀ ਕਰਨ ਦੀ ਗੱਲ ਵੀ ਮੰਨੀ | ਸੀਬੀਡੀਟੀ ਅਨੁਸਾਰ ਮੁੰਬਈ, ਲਖਨਊ, ਕਾਨਪੁਰ, ਜੈਪੁਰ, ਦਿੱਲੀ ਅਤੇ ਗੁਰੂਗ੍ਰਾਮ ਸਮੇਤ ਕੁਲ 28 ਥਾਵਾਂ 'ਤੇ ਛਾਪੇਮਾਰੀ ਕੀਤੀ ਗਈ | (ਏਜੰਸੀ)