
ਪ੍ਰਧਾਨ ਮੰਤਰੀ ਮੋਦੀ ਦਾ ਤੋਹਫ਼ਾ ਲੋਕਾਂ ਲਈ ਬਣਿਆ ਆਫ਼ਤ
ਕੁਨੋ ਨੈਸ਼ਨਲ ਪਾਰਕ ਵਿਚ ਚੀਤੇ ਆਉਣ ਨਾਲ ਪਿੰਡ ਵਾਸੀਆਂ ਨੂੰ ਜ਼ਮੀਨ ਖੋਹੇ ਜਾਣ ਤੇ ਜਾਨਵਰਾਂ ਦੇ ਹਮਲੇ ਦਾ ਸਤਾਉਣ ਲੱਗਾ ਡਰ
ਸ਼ਿਓਪੁਰ, 18 ਸਤੰਬਰ : ਮੱਧ ਪ੍ਰਦੇਸ਼ ਦੇ ਸ਼ਿਓਪੁਰ ਜ਼ਿਲ੍ਹੇ ਦੇ ਕੁਨੋ ਨੈਸ਼ਨਲ ਪਾਰਕ (ਕੇ.ਐਨ.ਪੀ.) ਵਿਚ ਚੀਤਿਆਂ ਦੀ ਆਮਦ ਨੂੰ ਲੈ ਕੇ ਚੱਲ ਰਹੇ ਉਤਸਾਹ ਦੇ ਦੌਰਾਨ ਨੇੜਲੇ ਪਿੰਡ ਵਾਸੀਆਂ ਦੇ ਮਨਾਂ ਵਿਚ ਉਨ੍ਹਾਂ ਦੀ ਜ਼ਮੀਨ ਐਕਵਾਇਰ ਕਰਨ ਦਾ ਡਰ ਅਤੇ ਚੀਤਿਆਂ ਵਲੋਂ ਉਨ੍ਹਾਂ 'ਤੇ ਹਮਲਾ ਕੀਤੇ ਜਾਣ ਦੇ ਖਦਸ਼ੇ ਸਮੇਤ ਕਈ ਤਰ੍ਹਾਂ ਦੀਆਂ ਚਿੰਤਾਵਾਂ ਹਨ | ਹਾਲਾਂਕਿ, ਕੁੱਝ ਪਿੰਡ ਵਾਸੀਆਂ ਨੂੰ ਉਮੀਦ ਹੈ ਕਿ ਕੇਐਨਪੀ ਚੀਤਿਆਂ ਦੀ ਆਮਦ ਕਾਰਨ ਮਸ਼ਹੂਰ ਹੋਣ ਤੋਂ ਬਾਅਦ, ਇਥੇ ਸੈਲਾਨੀਆਂ ਦੀ ਗਿਣਤੀ ਵਧਣ ਨਾਲ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਣਗੇ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਹੋਰ ਨੇਤਾਵਾਂ ਨੇ ਕਲ ਸਵੇਰੇ ਕੇਐਨਪੀ ਵਿਖੇ ਸਥਾਪਤ ਵਿਸ਼ੇਸ਼ ਘੇਰੇ ਵਿਚ ਨਾਮੀਬੀਆ ਤੋਂ ਲਿਆਂਦੇ ਅੱਠ ਚੀਤਿਆਂ ਨੂੰ ਛੱਡਿਆ |
ਸ਼ਿਓਪੁਰ-ਸ਼ਿਵਪੁਰੀ ਰੋਡ 'ਤੇ ਸਨੈਕਸ ਅਤੇ ਚਾਹ ਵੇਚਣ ਵਾਲੇ ਰਾਧੇਸ਼ਾਮ ਯਾਦਵ ਨੇ ਦਸਿਆ, Tਜਦੋਂ ਬਾਕੀ ਦੇ ਚਾਰ-ਪੰਜ ਪਿੰਡਾਂ ਦੇ ਲੋਕਾਂ ਨੂੰ ਕੇਐਨਪੀ ਲਈ ਸ਼ਿਫਟ ਕਰ ਦਿਤਾ ਜਾਵੇਗਾ, ਤਾਂ ਮੇਰੀ ਛੋਟੀ ਜਿਹੀ ਸਨੈਕਸ ਦੀ ਦੁਕਾਨ ਦਾ ਕੀ ਹੋਵੇਗਾ?'' ਯਾਦਵ ਦੀ ਦੁਕਾਨ ਕੇਐਨਪੀ ਤੋਂ 15 ਕਿਲੋਮੀਟਰ ਦੂਰ ਸੇਸਾਈਪੁਰਾ ਵਿਚ ਹੈ | ਉਥੇ ਹੀ, ਕਿਸਾਨ ਰਾਮਕੁਮਾਰ ਗੁਰਜਰ ਨੂੰ ਡਰ ਹੈ ਕਿ ਨੇੜਲੇ ਡੈਮ ਪ੍ਰਾਜੈਕਟ ਕਾਰਨ ਸੇਸਾਈਪੁਰਾ ਦੇ ਲੋਕਾਂ ਦੀ ਰੋਜ਼ੀ-ਰੋਟੀ ਖੋਹ
ਲਈ ਜਾਵੇਗੀ |
ਗੁਰਜਰ ਨੇ ਕਿਹਾ, Tਪਿੰਡਾਂ ਦੇ ਲੋਕ ਨੂੰ ਪਹਿਲਾਂ ਇਸ ਪਾਰਕ ਲਈ ਸ਼ਿਫਟ ਕਰ ਦਿਤਾ ਗਿਆ ਸੀ | ਹੁਣ ਨੇੜਲੇ ਕਤੀਲਾ ਖੇਤਰ ਵਿਚ ਕੁਨੋ ਨਦੀ 'ਤੇ ਡੈਮ ਪ੍ਰਾਜੈਕਟ 'ਤੇ ਕੰਮ ਚੱਲ ਰਿਹਾ ਹੈ | ਇਹ ਪ੍ਰੋਜੈਕਟ ਸੇਸਾਈਪੁਰਾ ਨਾਲ ਜੁੜੇ ਘੱਟੋ-ਘੱਟ 50 ਪਿੰਡਾਂ ਨੂੰ ਪ੍ਰਭਾਵਤ ਕਰੇਗਾ | ਉਨ੍ਹਾਂ ਪਿੰਡਾਂ ਦੇ ਲੋਕਾਂ ਨੂੰ ਦੂਜੇ ਸਥਾਨਾਂ 'ਤੇ ਵਸਾਉਣ ਦੇ ਬਾਅਦ ਸੇਸਾਈਪੁਰਾ 'ਚ ਕਰਿਆਨੇ, ਕਪੜੇ ਅਤੇ ਹੋਰ ਛੋਟੇ ਕਾਰੋਬਾਰੀ ਦੁਕਾਨਾਂ ਦਾ ਕੀ ਹੋਵੇਗਾ | ਉਦੋਂ ਸਾਡਾ ਪਿੰਡ ਇਥੇ ਇਕੱਲਾ ਹੀ ਰਹਿ ਜਾਵੇਗਾ |''
ਚੀਤਿਆਂ ਕਾਰਨ ਹੋਰ ਸੈਲਾਨੀਆਂ ਦੇ ਆਉਣ ਦੀ ਉਮੀਦ ਬਾਰੇ ਪੁੱਛੇ ਜਾਣ 'ਤੇ, ਉਨ੍ਹਾਂ ਦਾਅਵਾ ਕੀਤਾ ਕਿ ਸੈਲਾਨੀਆਂ ਦਾ ਕਾਰੋਬਾਰ Tਅਮੀਰ ਬਾਹਰੀ ਲੋਕ'' ਚਲਾਉਣਗੇ ਅਤੇ ਸਥਾਨਕ ਨਿਵਾਸੀਆਂ ਨੂੰ ਹੋਟਲਾਂ ਅਤੇ ਰੈਸਟੋਰੈਂਟਾਂ ਵਿਚ ਮਾਮੂਲੀ ਨੌਕਰੀਆਂ ਹੀ ਮਿਲਣਗੀਆਂ |
ਇਕ ਹੋਰ ਸਥਾਨਕ ਵਸਨੀਕ ਸੰਤੋਸ਼ ਗੁਰਜਰ ਨੇ ਦਸਿਆ ਕਿ ਪਿੰਡ ਨੂੰ ਦੂਜੀ ਥਾਂ ਵਸਾਉਣ ਕਾਰਨ ਕਰਿਆਨੇ ਦਾ ਸਾਮਾਨ, ਖਾਦ ਅਤੇ ਬੀਜ ਵੇਚਣ ਵਾਲੇ ਸਥਾਨਕ ਦੁਕਾਨਦਾਰ ਨੂੰ ਕਾਰੋਬਾਰ ਨਹੀਂ ਹੋਣ ਕਾਰਨ ਸ਼ਿਵਪੁਰੀ ਜਾਣਾ ਪਿਆ | ਕਪੜੇ ਦੀ ਦੁਕਾਨ ਚਲਾਉਣ ਵਾਲੇ ਧਰਮਿੰਦਰ ਕੁਮਾਰ ਓਝਾ ਨੂੰ ਡਰ ਹੈ ਕਿ ਚੀਤੇ ਪਿੰਡ ਵਿਚ ਵੜ ਸਕਦੇ ਹਨ | (ਏਜੰਸੀ)