
ਰਾਘਵ ਚੱਢਾ ਨੂੰ ਗੁਜਰਾਤ ਚੋਣਾਂ ਲਈ 'ਆਪ' ਦਾ ਸੂਬਾ ਸਹਿ-ਇੰਚਾਰਜ ਬਣਾਇਆ
ਅਹਿਮਦਾਬਾਦ, 18 ਸਤੰਬਰ : ਆਮ ਆਦਮੀ ਪਾਰਟੀ (ਆਪ) ਨੇ ਐਤਵਾਰ ਨੂੰ ਅਪਣੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੂੰ ਇਸ ਸਾਲ ਦੇ ਅੰਤ ਵਿਚ ਹੋਣ ਵਾਲੀਆਂ ਗੁਜਰਾਤ ਵਿਧਾਨ ਸਭਾ ਚੋਣਾਂ ਲਈ ਪਾਰਟੀ ਦਾ ਸੂਬਾ ਸਹਿ-ਇੰਚਾਰਜ ਨਿਯੁਕਤ ਕੀਤਾ ਹੈ | ਇਸ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ 'ਆਪ' ਨੇ ਰਾਜ ਸਭਾ ਮੈਂਬਰ ਸੰਦੀਪ ਪਾਠਕ ਨੂੰ ਗੁਜਰਾਤ ਦਾ ਇੰਚਾਰਜ ਨਿਯੁਕਤ ਕੀਤਾ ਸੀ | ਚੱਢਾ ਨੂੰ ਇਸ ਸਾਲ ਦੇ ਸ਼ੁਰੂ ਵਿਚ ਪੰਜਾਬ 'ਚ ਹੋਈਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪਾਰਟੀ ਦੇ ਸੂਬਾ ਮਾਮਲਿਆਂ ਦਾ ਸਹਿ-ਇੰਚਾਰਜ ਬਣਾਇਆ ਗਿਆ ਸੀ | ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਨੇ ਜ਼ਬਰਦਸਤ ਜਿੱਤ ਦਰਜ ਕੀਤੀ ਸੀ | ਆਮ ਆਦਮੀ ਪਾਰਟੀ ਨੇ ਅਪਣੇ ਆਪ ਨੂੰ ਭਾਜਪਾ ਦੀ ਮੁੱਖ ਵਿਰੋਧੀ ਵਜੋਂ ਪੇਸ਼ ਕੀਤਾ ਹੈ, ਜੋ ਪਿਛਲੇ 27 ਸਾਲਾਂ ਤੋਂ ਗੁਜਰਾਤ 'ਚ ਸੱਤਾ ਵਿਚ ਹੈ | 'ਆਪ' ਦੀ ਗੁਜਰਾਤ ਇਕਾਈ ਨੇ ਟਵੀਟ ਕੀਤਾ, Tਆਪ ਦੇ ਗੁਜਰਾਤ
ਮਾਮਲਿਆਂ ਦੇ ਸਹਿ-ਇੰਚਾਰਜ ਵਜੋਂ ਨਿਯੁਕਤ ਕੀਤੇ ਜਾਣ 'ਤੇ ਰਾਜ ਸਭਾ ਮੈਂਬਰ ਅਤੇ ਨੌਜਵਾਨ ਨੇਤਾ ਰਾਘਵ ਚੱਢਾ ਨੂੰ ਵਧਾਈਆਂ ਅਤੇ ਸ਼ੁੱਭਕਾਮਨਾਵਾਂ |'' ਅਪਣੀ ਨਿਯੁਕਤੀ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਚੱਢਾ ਨੇ ਕਿਹਾ, ''ਮੈਨੂੰ ਇਹ ਵੱਡੀ ਜ਼ਿੰਮੇਵਾਰੀ ਸੌਂਪੇ ਜਾਣ ਲਈ ਮੈਂ ਅਰਵਿੰਦ ਕੇਜਰੀਵਾਲ ਜੀ ਦਾ ਧਨਵਾਦ ਕਰਦਾ ਹਾਂ | ਮੈਂ ਅਪਣੀ ਪਾਰਟੀ ਦੀਆਂ ਉਮੀਦਾਂ 'ਤੇ ਖਰਾ ਉਤਰਨ ਲਈ ਸਖ਼ਤ ਮਿਹਨਤ ਕਰਾਂਗਾ | ਗੁਜਰਾਤ ਬਦਲਾਅ ਚਾਹੁੰਦਾ ਹੈ, ਗੁਜਰਾਤ ਚੰਗੀ ਸਿਖਿਆ ਅਤੇ ਸਿਹਤ ਚਾਹੁੰਦਾ ਹੈ | ਗੁਜਰਾਤ ਕੇਜਰੀਵਾਲ ਚਾਹੁੰਦਾ ਹੈ |'' (ਏਜੰਸੀ)