
ਪ੍ਰਸ਼ਾਸ਼ਨ ਵਲੋਂ ਹੈਲਪਲਾਈਨ ਨੰਬਰ 01633-262175 ਅਤੇ 9878733353 ਜਾਰੀ
ਮੁਕਤਸਰ: ਮੁਕਤਸਰ-ਕੋਟਕਪੂਰਾ ਰੋਡ 'ਤੇ ਸਵਾਰੀਆਂ ਨਾਲ ਭਰੀ ਨਿਊ ਦੀਪ ਬੱਸ ਨਹਿਰ 'ਚ ਡਿੱਗ ਗਈ। ਇਹ ਬੱਸ ਮੁਕਤਸਰ ਤੋਂ ਕੋਟਕਪੂਰਾ ਜਾ ਰਹੀ ਸੀ। ਇਹ ਹਾਦਸਾ ਬੱਸ ਦੇ ਨਹਿਰ ਦੇ ਪੁਲ ਦੇ ਲੋਹੇ ਦੇ ਐਂਗਲ ਨਾਲ ਟਕਰਾਉਣ ਕਾਰਨ ਵਾਪਰਿਆ। ਜਿਸ ਕਾਰਨ ਬੱਸ ਦਾ ਅੱਧਾ ਹਿੱਸਾ ਨਹਿਰ ਵਿਚ ਜਦਕਿ ਬਾਕੀ ਹਵਾ ਵਿਚ ਲਟਕ ਗਿਆ। ਇਸ ਹਾਦਸੇ 'ਚ ਹੁਣ ਤਕ 8 ਸਵਾਰੀਆਂ ਦੀ ਮੌਤ ਹੋ ਚੁੱਕੀ ਹੈ ਜਦਕਿ ਕਈ ਯਾਤਰੀ ਲਾਪਤਾ ਹਨ। ਮ੍ਰਿਤਕਾਂ ਵਿਚੋਂ ਤਿੰਨ ਦੀ ਪਛਾਣ ਹੋ ਗਈ ਹੈ। ਉਹ ਮੁਕਤਸਰ ਅਤੇ ਬਠਿੰਡਾ ਦੇ ਵਸਨੀਕ ਹਨ। 5 ਲੋਕਾਂ ਦੀ ਅਜੇ ਤਕ ਪਛਾਣ ਨਹੀਂ ਹੋ ਸਕੀ ਹੈ।
ਪੁਲਿਸ ਨੇ ਹੁਣ ਤਕ 10 ਜ਼ਖ਼ਮੀ ਲੋਕਾਂ ਨੂੰ ਬਾਹਰ ਕੱਢਿਆ ਹੈ। ਦਸਿਆ ਜਾ ਰਿਹਾ ਹੈ ਕਿ ਹਾਦਸਾਗ੍ਰਸਤ ਬੱਸ ਦਾ ਬੀਮਾ ਨਹੀਂ ਹੋਇਆ ਸੀ। ਇਹ ਬੱਸ ਕੰਪਨੀ ਅਕਾਲੀ ਆਗੂ ਦੀ ਹੈ। ਬੱਸ ਹਾਦਸੇ ਮਗਰੋਂ ਅਕਾਲੀ ਆਗੂ ਅਤੇ ਕੰਪਨੀ ਦੇ ਮਾਲਕ ਡਿੰਪੀ ਢਿੱਲੋਂ ਨੇ ਮੰਨਿਆ ਕਿ ਉਨ੍ਹਾਂ ਦੇ ਸਟਾਫ ਤੋਂ ਵੱਡੀ ਗਲਤੀ ਹੋਈ ਹੈ। ਹਾਲਾਂਕਿ ਇਸ ਮੌਕੇ ਉਨ੍ਹਾਂ ਨੇ ਪੀੜਤ ਪਰਿਵਾਰਾਂ ਨੂੰ ਮੁਆਵਜ਼ੇ ਦੀ ਕੋਈ ਗੱਲ ਨਹੀਂ ਕੀਤੀ।
ਪ੍ਰਸ਼ਾਸਨ ਮੁਤਾਬਕ ਬੱਸ ਵਿਚ ਕਰੀਬ 35 ਯਾਤਰੀ ਸਵਾਰ ਸਨ। ਅਜੇ ਵੀ ਕਈ ਲੋਕਾਂ ਦੇ ਨਹਿਰ ਵਿਚ ਰੁੜ੍ਹ ਜਾਣ ਦਾ ਖਦਸ਼ਾ ਹੈ। ਹਾਦਸੇ ਦੀ ਸੂਚਨਾ ਮਿਲਦੇ ਹੀ ਪ੍ਰਸ਼ਾਸਨ ਦੀਆਂ ਟੀਮਾਂ ਮੌਕੇ 'ਤੇ ਪਹੁੰਚ ਗਈਆਂ।
ਪ੍ਰਸ਼ਾਸਨ ਮੁਤਾਬਕ ਸ਼ੁਰੂਆਤੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਇਥੇ ਮੀਂਹ ਪੈ ਰਿਹਾ ਸੀ। ਇਸ ਦੌਰਾਨ ਬੱਸ ਨੇ ਅਚਾਨਕ ਬ੍ਰੇਕ ਲਗਾ ਦਿਤੀ, ਜਿਸ ਤੋਂ ਬਾਅਦ ਇਹ ਬੇਕਾਬੂ ਹੋ ਕੇ ਐਂਗਲ ਨਾਲ ਟਕਰਾ ਕੇ ਰੇਲਿੰਗ ਤੋੜ ਕੇ ਨਹਿਰ 'ਚ ਜਾ ਡਿੱਗੀ। ਮੁਕਤਸਰ ਦੇ ਡੀਸੀ ਰੂਹੀ ਦੁਗ ਨੇ ਦਸਿਆ ਕਿ 8 ਲੋਕਾਂ ਦੀ ਮੌਤ ਹੋ ਚੁੱਕੀ ਹੈ। ਪ੍ਰਸ਼ਾਸਨ ਵਲੋਂ ਜ਼ਖਮੀ 10 ਲੋਕਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਹਾਦਸੇ ਤੋਂ ਬਾਅਦ ਜ਼ਿਲ੍ਹੇ ਦੀ ਡੀਸੀ ਰੂਹੀ ਦੁੱਗ ਮੌਕੇ ’ਤੇ ਪਹੁੰਚ ਗਏ।
ਸਥਿਤੀ ਨੂੰ ਦੇਖਦੇ ਹੋਏ ਉਨ੍ਹਾਂ ਤੁਰੰਤ ਐਨ.ਡੀ.ਆਰ.ਐਫ. ਦੀਆਂ ਟੀਮਾਂ ਨੂੰ ਮੌਕੇ ’ਤੇ ਬੁਲਾਇਆ। ਐਨ.ਡੀ.ਆਰ.ਐਫ. ਦੀਆਂ ਟੀਮਾਂ ਮੋਟਰਬੋਟ ਦੀ ਵਰਤੋਂ ਕਰਕੇ ਨਹਿਰ ਵਿਚ ਲੋਕਾਂ ਦੀ ਭਾਲ ਕਰ ਰਹੀਆਂ ਹਨ। ਪਿੰਡ ਝਬੇਲਵਾਲੀ ਦੇ ਨਜ਼ਦੀਕ ਹੋਏ ਬੱਸ ਹਾਦਸੇ ਸਬੰਧੀ ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਸਥਾਪਤ ਕੰਟਰੋਲ ਰੂਮ ਦਾ ਨੰਬਰ 01633-262175 ਅਤੇ 9878733353 ਜਾਰੀ ਕੀਤਾ ਗਿਆ ਹੈ, ਕਿਸੇ ਵੀ ਮਦਦ ਲਈ ਇਥੇ ਸੰਪਰਕ ਕੀਤਾ ਜਾ ਸਕਦਾ ਹੈ।
ਮੁੱਖ ਮੰਤਰੀ ਨੇ ਵੀ ਕੀਤਾ ਟਵੀਟ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਹਾਦਸੇ ਮਗਰੋਂ ਟਵੀਟ ਕਰਦਿਆਂ ਕਿਹਾ, "ਮੁਕਤਸਰ-ਕੋਟਕਪੁਰਾ ਰੋਡ ‘ਤੇ ਪੈਂਦੀ ਨਹਿਰ ‘ਚ ਇੱਕ ਨਿੱਜੀ ਬੱਸ ਦੇ ਹਾਦਸਾਗ੍ਰਸਤ ਹੋਣ ਦੀ ਦੁਖਦਾਈ ਖ਼ਬਰ ਮਿਲੀ….ਪ੍ਰਸ਼ਾਸਨ ਦੀਆਂ ਟੀਮਾਂ ਮੌਕੇ ‘ਤੇ ਮੌਜੂਦ ਨੇ…ਬਚਾਅ ਕਾਰਜਾਂ ‘ਤੇ ਮੈਂ ਪਲ਼ ਪਲ਼ ਦੀ ਅਪਡੇਟ ਲੈ ਰਿਹਾ ਹਾਂ…ਪਰਮਾਤਮਾ ਅੱਗੇ ਸਭ ਦੀ ਤੰਦਰੁਸਤੀ ਸਲਾਮਤੀ ਦੀ ਕਾਮਨਾ ਕਰਦਾ ਹਾਂ…ਬਾਕੀ ਵੇਰਵੇ ਵੀ ਜਲ਼ਦ ਸਾਂਝੇ ਕਰਾਂਗੇ…"।
ਕੁਲਤਾਰ ਸਿੰਘ ਸੰਧਵਾਂ ਨੇ ਕੀਤੀ ਅਪੀਲ
ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸੋਸ਼ਲ ਮੀਡੀਆ ’ਤੇ ਪੋਸਟ ਸਾਂਝੀ ਕਰਦਿਆਂ ਲਿਖਿਆ, “ਕੋਟਕਪੂਰਾ-ਮੁਕਤਸਰ ਸਾਹਿਬ ਰੋਡ ’ਤੇ ਸਵਾਰੀਆਂ ਦੀ ਭਰੀ ਬੱਸ ਨਹਿਰ ’ਚ ਡਿੱਗਣ ਦੀ ਮੰਦਭਾਗੀ ਘਟਨਾ ਵਾਪਰੀ ਹੈ, ਬਚਾਅ ਕਾਰਜ ਜਾਰੀ ਹਨ, ਅਕਾਲ ਪੁਰਖ ਸਮੁੱਚੇ ਯਾਤਰੀਆਂ ਤੇ ਮਿਹਰ ਕਰਨ, ਸਮੁੱਚਾ ਪ੍ਰਸਾਸ਼ਨ ਰਾਹਤ ਕਾਰਜਾਂ ਚ ਜੁਟਿਆ ਹੋਇਆ ਹੈ, ਮ੍ਰਿਤਕਾਂ ਦੇ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਦਾ ਹੋਇਆ ਨਾਲ ਹੀ ਜ਼ਖਮੀਆਂ ਦੇ ਜਲਦ ਸਿਹਤਯਾਬ ਕਰਨ ਦੀ ਕਾਮਨਾ ਕਰਦਾ ਹਾਂ। ਉਨ੍ਹਾਂ ਦੇ ਇਲਾਜ ਲਈ ਹਸਪਤਾਲ ਪ੍ਰਬੰਧਕਾਂ ਨੂੰ ਦਿਸ਼ਾ ਨਿਰਦੇਸ਼ ਜਾਰੀ ਕਰ ਦਿਤੇ ਗਏ ਹਨ। ਸਾਰੇ ਹੀ ਵਾਹਨ ਚਾਲਕਾਂ ਨੂੰ ਅਪੀਲ ਹੈ ਕਿ ਵਾਹਨ ਚਲਾਉਂਦੇ ਸਮੇਂ ਟਰੈਫਿਕ ਨਿਯਮਾਂ, ਸਪੀਡ ਲਿਮਟ ਅਤੇ ਮੋਬਾਈਲ ਦੀ ਵਰਤੋਂ ਸਬੰਧੀ ਦਿਸ਼ਾ-ਨਿਰਦੇਸ਼ਾ ਦਾ ਪਾਲਣ ਜ਼ਰੂਰ ਕੀਤਾ ਜਾਵੇ”।
ਮ੍ਰਿਤਕਾਂ ਦੀ ਸੂਚੀ
1. ਪਰਵਿੰਦਰ ਕੌਰ ਪਤਨੀ ਮੰਦਰ ਸਿੰਘ ਵਾਸੀ ਬਠਿੰਡਾ
2 ਪ੍ਰੀਤੋ ਕੌਰ ਪਤਨੀ ਹਰਜੀਤ ਸਿੰਘ ਪਿੰਡ ਕੱਟਿਆਂ ਵਾਲੀ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ
3. ਮੱਖਣ ਸਿੰਘ ਪੁੱਤਰ ਵੀਰ ਸਿੰਘ ਚੱਕ ਜਾਨੀਸਰ ਜ਼ਿਲ੍ਹਾ ਫਾਜ਼ਿਲਕਾ
4. ਬਲਵਿੰਦਰ ਸਿੰਘ ਪੁੱਤਰ ਬਾਗ ਸਿੰਘ, ਪਿੰਡ ਪੱਕਾ ਫਰੀਦਕੋਟ
5. ਅਮਨਦੀਪ ਕੌਰ ਪੁੱਤਰੀ ਜਗਰੂਪ ਸਿੰਘ ਨਵਾਂ ਕਿਲਾ ਫਰੀਦਕੋਟ
ਜ਼ਖ਼ਮੀਆਂ ਦੀ ਸੂਚੀ
1. ਸੁਖਜੀਤ ਕੌਰ ਪਤਨੀ ਬੂਟਾ ਸਿੰਘ ਵਾਸੀ ਬਠਿੰਡਾ
2. ਤਾਰਾ ਸਿੰਘ ਪੁੱਤਰ ਪਿਆਰ ਸਿੰਘ ਪਿੰਡ ਕੱਟਿਆਂ ਵਾਲੀ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ
3. ਹਰਪ੍ਰੀਤ ਕੌਰ ਪੁੱਤਰੀ ਬਲਵਿੰਦਰ ਸਿੰਘ ਦੋਦਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ
4. ਮਨਪ੍ਰੀਤ ਕੌਰ ਪੁੱਤਰੀ ਕੇਵਲ ਸਿੰਘ ਦੋਦਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ
5. ਤੀਰਥ ਸਿੰਘ ਪੁੱਤਰ ਬਲਬੀਰ ਸਿੰਘ ਸ੍ਰੀ ਮੁਕਤਸਰ ਸਾਹਿਬ
6. ਵਕੀਲ ਸਿੰਘ ਪੁੱਤਰ ਗੁਰਪ੍ਰੀਤ ਸਿੰਘ ਪਿੰਡ ਲੰਡੇ ਰੋਡੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ
7. ਕੁਲਵੰਤ ਸਿੰਘ ਪੁੱਤਰ ਸੁਜਾਨ ਸਿੰਘ ਆਨੰਦਪੁਰ ਸਾਹਿਬ
8. ਜ਼ਸਵੰਤ ਸਿੰਘ ਪੁੱਤਰ ਠਾਣਾ ਸਿੰਘ ਪਿੰਡ ਹਰਾਜ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ
9. ਬੀਰੋ ਪਤਨੀ ਪਾਲਾ ਸਿੰਘ ਪਿੰਡ ਗਿੱਦੜਾਂਵਾਲੀ (ਹਸਪਤਾਲ ਤੋਂ ਛੁੱਟੀ ਮਿਲ ਗਈ ਹੈ)
10. ਪਾਲਾ ਸਿੰਘ ਪੁੱਤਰ ਪੂਰਨ ਰਾਮ ਗਿੱਦੜਾਂਵਾਲੀ ਅਬੋਹਰ (ਹਸਪਤਾਲ ਤੋਂ ਛੁੱਟੀ ਮਿਲ ਗਈ ਹੈ)
11. ਗਗਨਦੀਪ ਸਿੰਘ ਪੁੱਤਰ ਸੁਖਦੇਵ ਸਿੰਘ ਟਿੱਬੀ ਸਾਹਿਬ ਰੋਡ ਸ੍ਰੀ ਮੁਕਤਸਰ ਸਾਹਿਬ।