
ਬਨੂੜ ਦੇ ਪਿੰਡ ਸਿਆਊ ਦੀ ਰਹਿਣ ਵਾਲੀ ਜੋਬਨਪ੍ਰੀਤ ਪਿਛਲੇ ਸਾਲ ਹੀ ਗਈ ਸੀ ਵਿਦੇਸ਼
ਬਨੂੜ : ਬਨੂੜ ਨੇੜਲੇ ਪਿੰਡ ਸਿਆਊ ਦੇ ਵਸਨੀਕ ਜਗਜੀਤ ਸਿੰਘ ਦੀ ਜਰਮਨੀ ਵਿੱਚ ਪੜ੍ਹਾਈ ਕਰਨ ਗਈ 19 ਸਾਲ ਦੀ ਨੌਜਵਾਨ ਪੁੱਤਰੀ ਜੋਬਨਪ੍ਰੀਤ ਕੌਰ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਕਿਸਾਨ ਯੂਨੀਅਨ ਰਾਜੇਵਾਲ ਦੇ ਜ਼ਿਲ੍ਹਾ ਮੋਹਾਲੀ ਦੇ ਪ੍ਰਧਾਨ ਕਿਰਪਾਲ ਸਿੰਘ ਸਿਆਊ ਨੇ ਦੱਸਿਆ ਕਿ ਉਸ ਦੇ ਭਤੀਜੇ ਜਗਜੀਤ ਸਿੰਘ ਦੀ 19 ਸਾਲ ਦੀ ਪੁੱਤਰੀ ਜੋਬਨਪ੍ਰੀਤ ਕੌਰ ਪਿਛਲੇ ਸਾਲ ਜਰਮਨੀ ਦੇ ਸ਼ਹਿਰ ਬਰਲਿਨ ਵਿੱਚ ਸਥਿਤ ਗਿਸਮਾਂ ਯੂਨੀਵਰਸਿਟੀ ਆਫ ਅਪਲਾਈਡ ਸਾਇੰਸ ਵਿਖੇ ਬੀ.ਐਸ.ਸੀ ਇੰਟਰਨੈਸ਼ਨਲ ਬਿਜਨੈਸ ਮੈਨੇਜਮੈਂਟ ਦੀ ਪੜ੍ਹਾਈ ਕਰਨ ਲਈ ਗਈ ਸੀ।
ਉਨ੍ਹਾਂ ਦੱਸਿਆ ਕਿ ਬੀਤੇ ਦਿਨੀਂ ਉਸ ਦੇ ਭਤੀਜੇ ਨੂੰ ਜਰਮਨੀ ਦੀ ਅੰਬੈਸੀ ਤੋਂ ਫੋਨ ਆਇਆ ਕਿ ਜੋਬਨਪ੍ਰੀਤ ਕੌਰ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। ਇਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਵਿਦੇਸ਼ ਮੰਤਰਾਲੇ ਰਾਹੀਂ ਜਰਮਨੀ ਦੀ ਅੰਬੈਸੀ ਨੂੰ ਜੋਬਨਪ੍ਰੀਤ ਕੌਰ ਦੀ ਮ੍ਰਿਤਕ ਦੇਹ ਨੂੰ ਵਾਪਸ ਭੇਜਣ ਲਈ ਚਿੱਠੀ ਭੇਜੀ ਗਈ ਤਾਂ ਜੋ ਉਸ ਦੀਆਂ ਅੰਤਿਮ ਰਸਮਾਂ ਪੂਰੀਆਂ ਕੀਤੀਆਂ ਜਾ ਸਕਣ। ਦੱਸਣਯੋਗ ਹੈ ਕਿ ਜੋਬਨ ਪ੍ਰੀਤ ਕੌਰ ਦਾ ਪਿਤਾ ਖੇਤੀਬਾੜੀ ਕਰਦਾ ਹੈ ਅਤੇ ਉਹ ਇਕ ਲੜਕੀ ਤੇ ਲੜਕੇ ਦਾ ਪਿਉਂ ਸੀ। ਇਸ ਘਟਨਾ ਬਾਰੇ ਸੂਚਨਾ ਮਿਲਣ ਤੇ ਪਿੰਡ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ।