
ਪ੍ਰਧਾਨ ਮੰਤਰੀ ਮੋਦੀ ਦੀ ਨਿਜੀ ਵੈੱਬਸਾਈਟ ਦਾ ਡਾਟਾ ਹੋਇਆ ਲੀਕ
ਨਵੀਂ ਦਿੱਲੀ, 18 ਅਕਤੂਬਰ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਨਿੱਜੀ ਵੈੱਬਸਾਈਟ ਤੋਂ ਡਾਟਾ ਚੋਰੀ ਦੀ ਘਟਨਾ ਨੂੰ ਅੰਜ਼ਾਮ ਦਿਤਾ ਗਿਆ ਹੈ। ਇਹ ਪਿਛਲੇ ਦੋ ਮਹੀਨਿਆਂ 'ਚ ਅਜਿਹੀ ਦੂਜੀ ਘਟਨਾ ਹੈ। ਇਸ ਤੋਂ ਪਹਿਲਾਂ ਸਤੰਬਰ ਮਹੀਨੇ 'ਚ ਪ੍ਰਧਾਨ ਮੰਤਰੀ ਮੋਦੀ ਦੀ ਨਿੱਜੀ ਵੈਬਸਾਈਟ ਅਤੇ ਟਵਿੱਟਰ ਅਕਾਉਂਟ ਹੈਕ ਹੋ ਗਿਆ ਸੀ। ਇਸ ਵਾਰ ਪੀਐਮ ਮੋਦੀ ਦੀ ਨਿੱਜੀ ਵੈਬਸਾਈਟ ਤੋਂ ਕਰੀਬ 5 ਲੱਖ ਲੋਕਾਂ ਦੇ ਅੰਕੜੇ ਚੋਰੀ ਕੀਤੇ ਗਏ ਹਨ ਅਤੇ ਉਨ੍ਹਾਂ ਨੂੰ ਡਾਰਕ ਵੈੱਬ 'ਤੇ ਵਿਕਰੀ ਲਈ ਉਪਲਬਧ ਕਰਵਾ ਦਿਤਾ ਗਿਆ ਹੈ। ਹੈਕਰਸ ਵਲੋਂ ਚੋਰੀ ਕੀਤੇ ਗਏ ਡਾਟਾ ਰਾਹੀਂ 5,70,000 ਲੋਕਾਂ ਦੀ ਮਹੱਤਵਪੂਰਣ ਜਾਣਕਾਰੀ ਚੋਰੀ ਕੀਤੀ ਗਈ ਹੈ। ਇਸ 'ਚ ਕਈ ਕਿਸਮਾਂ ਦੀਆਂ ਜਾਣਕਾਰੀ ਸ਼ਾਮਲ ਹਨ ਜਿਵੇਂ ਕਿ ਲੋਕਾਂ ਦੇ ਨਾਂ, ਮੋਬਾਈਲ ਨੰਬਰ, ਵੈਬਸਾਈਟਸ।
ਦਰਅਸਲ, ਸਾਈਬਰ ਸਿਕਿਓਰਿਟੀ ਫਰਮ ਸਾਈਬਲ ਦੀ ਰੀਪੋਰਟ ਅਨੁਸਾਰ ਚੋਰੀ ਕੀਤੇ ਗਏ ਅੰਕੜੇ ਅਪਰਾਧਿਕ ਘਟਨਾਵਾਂ ਦਾ ਕਾਰਨ ਬਣ ਸਕਦੇ ਹਨ। ਇਸ ਡਾਟਾ ਦੀ ਵਰਤੋਂ ਫਿਸ਼ਿੰਗ ਈਮੇਲਾਂ, ਸਪੈਮ ਟੈਕਸਟ ਸੁਨੇਹੇ ਭੇਜਣ ਲਈ ਕੀਤੀ ਜਾ ਸਕਦੀ ਹੈ। 5.70 ਲੱਖ ਲੋਕਾਂ ਵਿਚੋਂ, ਜਿਨ੍ਹਾਂ ਦਾ ਡਾਟਾ ਲੀਕ ਹੋਇਆ ਹੈ, ਉਨ੍ਹਾਂ 'ਚ 2.92 ਲੱਖ ਤੋਂ ਜ਼ਿਆਦਾ ਦਾਨੀ ਮੌਜੂਦ ਹਨ, ਜਿਨ੍ਹਾਂ ਨੇ ਕੋਵਿਡ-19 ਤੋਂ ਇਲਾਵਾ ਸਵੱਛ ਭਾਰਤ, ਬੇਟੀ ਬਚਾਉ-ਬੇਟੀ ਪੜਾਉ ਮੁਹਿੰਮ ਲਈ ਦਾਨ ਕੀਤਾ ਹੈ।
ਸਾਈਬਰ ਸਿਕਿਓਰਿਟੀ ਫਰਮ ਸਾਈਬਲ ਦੀ ਰੀਪੋਰਟ ਅਨੁਸਾਰ ਦਾਨ ਕਰਨ ਵਾਲੇ ਉਪਭੋਗਤਾਵਾਂ ਨੇ ਕਿਸ ਮੋਡ ਨਾਲ, ਕਿਸ ਬੈਂਕ ਤੋਂ ਭੁਗਤਾਨ ਕੀਤਾ, ਇਸ ਦਾ ਸਾਰਾ ਵੇਰਵਾ ਮੌਜੂਦ ਹੈ, ਜੋ ਸੁਰੱਖਿਆ ਦੇ ਮਾਮਲੇ 'ਚ ਬਹੁਤ ਖਤਰਨਾਕ ਸਾਬਿਤ ਹੋ ਸਕਦਾ ਹੈ। ਡਾਟਾ ਲੀਕ ਹੋਣ ਦੀ ਘਟਨਾ ਦੀ ਜਾਂਚ ਕਰਨ ਲਈ ਉਪਭੋਗਤਾਵਾਂ ਨੂੰ ਸਾਈਬਲ ਦੇ ਇੰਸਟਾਗ੍ਰਾਮ ਪੇਜ 'ਤੇ ਜਾਣਾ ਪਵੇਗਾ, ਜਿਥੇ ਡਾਟਾ ਲੀਕ ਕਰਨ ਵਾਲੇ ਲੋਕਾਂ ਦੇ ਵੇਰਵੇ ਮੌਜੂਦ ਹਨ। (ਏਜੰਸੀ)