
ਕਮਲਾ ਹੈਰਿਸ ਦੇ ਨਾਮ ਦਾ ਗ਼ਲਤ ਉਚਾਰਣ ਕਰਨ 'ਤੇ ਪਰਡਯੂ ਦੀ ਨਿੰਦਾ
ਵਾਸ਼ਿੰਗਟਨ, 18 ਅਕਤੂਬਰ : ਜਾਰਜੀਆ ਵਿਚ ਇਕ ਚੋਣ ਰੈਲੀ ਵਿਚ ਰਿਪਬਲਿਕਨ ਪਾਰਟੀ ਦੇ ਸੇਨੇਟਰ ਡੇਵਿਡ ਪਰਡਯੂ ਵਲੋਂ ਡੈਮੋਕ੍ਰੇਟਿਕ ਪਾਰਟੀ ਦੀ ਉਪ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਕਮਲਾ ਹੈਰਿਸ ਦਾ ਲਗਾਤਾਰ ਗ਼ਲਤ ਨਾਮ ਲੈਣ ਤੋਂ ਨਾਰਾਜ਼ ਹੈਰਿਸ ਸਮਰਥਕਾਂ ਨੇ 'ਮਾਈ ਨੇਮ ਇਜ਼' ਅਤੇ 'ਆਈ ਸਟੈਂਡ ਵਿਦ ਕਮਲਾ' ਨਾਮ ਨਾਲ ਆਨਲਾਈਨ ਅਭਿਆਨ ਸ਼ੁਰੂ ਕੀਤਾ ਹੈ। ਅਸਲ ਵਿਚ ਪਰਡਯੂ ਨੇ ਰਾਸ਼ਟਰਪਤੀ ਡੋਨਲਡ ਟਰੰਪ ਦੀ ਉਮੀਦਵਾਰੀ ਦੇ ਸਮਰਥਨ ਵਿਚ ਹੋਈ ਇਕ ਚੋਣ ਰੈਲੀ ਵਿਚ ਹੈਰਿਸ ਦਾ ਲਗਾਤਾਰ ਗ਼ਲਤ ਨਾਮ ਲੈ ਕੇ ਉਨ੍ਹਾਂ ਦਾ ਮਜ਼ਾਕ ਉਡਾਇਆ। ਸ਼ੁਕਰਵਾਰ ਨੂੰ ਮੇਕਨ ਸ਼ਹਿਰ ਵਿਚ ਇਕ ਰੈਲੀ ਵਿਚ ਪਰਡਯੂ ਨੇ ਹੈਰਿਸ ਲਈ ਕਿਹਾ ਸੀ,''ਕਾਹ-ਮਹ-ਲਾ ? ਕਮਲਾ-ਮਲਾ-ਮਲਾ ? ਪਤਾ ਨਹੀਂ ਕੀ ਹੈ।'' ਗ਼ਲਤ ਨਾਮ ਲੈਣ ਅਤੇ ਇਸ ਤਰ੍ਹਾਂ ਮਜ਼ਾਕ ਉਡਾਉਣ ਨਾਲ ਹੈਰਿਸ ਦੇ ਸਮਰਥਕ ਨਾਰਾਜ਼ ਹੋ ਗਏ। ਉਥੇ ਹੀ ਹੈਰਿਸ ਦੇ ਬੁਲਾਰੇ ਸਬਰੀਨਾ ਸਿੰਘ ਨੇ ਕਿਹਾ,''ਮੈਂ ਇਸ ਨੂੰ ਆਸਾਨ ਕਰਦੀ ਹਾਂ, ਜੇਕਰ ਤੁਸੀ ਇਸ ਦਾ ਉਚਾਰਣ ਕਰ ਸਕੋ,'ਸਾਬਕਾ ਸੇਨੇਟਰ ਡੇਵਿਡ ਪਰਡਯੂ' ਤਾਂ ਤੁਸੀ ਕਹਿ ਸਕਦੇ ਹੋ, ਹੋਣ ਵਾਲੀ ਉਪ ਰਾਸ਼ਟਰਪਤੀ ਕਮਲਾ ਹੈਰਿਸ।'' ਨਿਊਯਾਰਕ ਦੇ ਦਖਣੀ ਜ਼ਿਲ੍ਹੇ ਦੀ ਸਾਬਕਾ ਅਟਾਰਨੀ ਜਨਰਲ ਪ੍ਰੀਤ ਭਰਾਰਾ ਨੇ ਟਵੀਟ ਕੀਤਾ,''ਮੇਰਾ ਨਾਮ ਪ੍ਰੀਤ ਹੈ, ਜਿਸ ਦਾ ਅਰਥ ਹੈ ਪਿਆਰ।'' ਇਸ ਤੋਂ ਇਲਾਵਾ ਕਈ ਭਾਰਤੀ ਮੂਲ ਦੀਆਂ ਨਾਮੀਂ ਹਸਤੀਆਂ ਨੇ ਵੀ ਅਪਣੇ ਹਿੰਦੀ ਨਾਵਾਂ ਦੀ ਵਿਆਖਿਆ ਕੀਤੀ ਅਤੇ ਬਿਆਨ ਪ੍ਰਤੀ ਰੋਸ ਜ਼ਾਹਰ ਕੀਤਾ। (ਏਜੰਸੀ)
ਕਈ ਹਸਤੀਆਂ ਨੇ ਅਪਣੇ ਨਾਵਾਂ ਦੀ ਵਿਆਖਿਆ ਕੀਤੀ
image