
ਦਰਬਾਰ- ਏ- ਖ਼ਾਲਸਾ ਨੇ ਬੇਅਦਬੀ ਮਾਮਲੇ ਤੇ ਬੀਬੀ ਜਗੀਰ ਕੌਰ ਨਾਲ ਵੀਚਾਰ ਚਰਚਾ ਲਈ ਅਕਾਲ ਤਖ਼ਤ ਸਾਹਿਬ ’ਤੇ ਦਿਤਾ ਬੇਨਤੀ ਪੱਤਰ
ਅੰਮ੍ਰਿਤਸਰ, 18 ਅਕਤੂਬਰ (ਸੁਖਵਿੰਦਰਜੀਤ ਸਿੰਘ ਬਹੋੜੂ): ਦਰਬਾਰ-ਏ-ਖ਼ਾਲਸਾ ਜਥੇਬੰਦੀ ਦੇ ਵਫ਼ਦ ਵਲੋਂ ਅੱਜ ਅਕਾਲ ਤਖ਼ਤ ਸਾਹਿਬ, ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਵਲੋਂ ਲਗਾਏ ਝੂਠੇ ਦੋਸ਼ ਬਾਰੇ ਖੁਲ੍ਹੀ ਵਿਚਾਰ ਚਰਚਾ ਲਈ ਜਥੇਦਾਰ ਅਕਾਲ ਤਖ਼ਤ ਨੂੰ ਬੇਨਤੀ ਪੱਤਰ ਦਿਤਾ।
ਜਾਣਕਾਰੀ ਦਿੰਦਿਆਂ ਭਾਈ ਹਰਜਿੰਦਰ ਸਿੰਘ ਮਾਝੀ (ਮੁੱਖ ਸੇਵਾਦਾਰ ਦਰਬਾਰ ਏ ਖ਼ਾਲਸਾ), ਭਾਈ ਹਰਜੀਤ ਸਿੰਘ ਢਪਾਲੀ ਨੇ ਕਿਹਾ ਕਿ 26 ਜੁਲਾਈ 2021 ਨੂੰ ਅਕਾਲ ਤਖ਼ਤ ਸਾਹਿਬ ਦੀ ਸਰਪ੍ਰਸਤੀ ਹੇਠ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਹੋਈਆਂ ਬੇਅਦਬੀਆਂ ਦੇ ਮਾਮਲੇ ਬਾਰੇ ਹੋਈ ਇਕੱਤਰਤਾ ਵਿਚ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਵਲੋਂ 2015 ਵਿਚ ਬੇਅਦਬੀਆਂ ਦੇ ਰੋਸ ਵਜੋਂ ਸ਼ਾਂਤਮਈ ਢੰਗ ਨਾਲ ਧਰਨਾ ਦੇਣ ਵਾਲੀ ਸੰਗਤ ਨੂੰ ਹੀ ਦੋਸ਼ੀ ਕਿਹਾ ਗਿਆ ਸੀ। ਬੀਬੀ ਜਗੀਰ ਕੌਰ ਦੇ ਬੋਲ ਸਨ ‘‘ਕਿ ਜਿਹੜਾ ਉਸ ਦਿਨ ਬੋਲਿਆ ਸੀ ਉਹ ਮਾਝੀ ਸਾਝੀ ਜਿਹਾ, ਮੈਂ ਕਹਿੰਦੀ ਆ ਕੇ ਇਹੋ ਹੀ ਦੋਸ਼ੀ ਨੇ, ਧਰਨੇ ਲਾਉਣ ਵਾਲੇ ਹੀ ਦੋਸ਼ੀ ਨੇ...।’’ ਬੀਬੀ ਜਗੀਰ ਕੌਰ ਦੇ ਇਨ੍ਹਾਂ ਬੋਲਾਂ ਪਿਛੋਂ ਜਥੇਬੰਦੀ ਨੇ 28 ਜੁਲਾਈ ਨੂੰ ਪ੍ਰੈਸ ਰਾਹੀਂ ਇਸ ਮਾਮਲੇ ’ਤੇ ਬੀਬੀ ਜਗੀਰ ਕੌਰ ਨੂੰ ਅਕਾਲ ਤਖ਼ਤ ਸਾਹਿਬ, ਦੀਵਾਨ ਹਾਲ ਮੰਜੀ ਸਾਹਿਬ, ਤੇਜਾ ਸਿੰਘ ਸਮੁੰਦਰੀ ਹਾਲ ਵਿਚੋਂ ਕਿਸੇ ਵੀ ਸਥਾਨ ਉਤੇ ਖੁਲ੍ਹੀ ਗੱਲਬਾਤ ਦਾ ਸੱਦਾ ਦਿਤਾ ਸੀ, ਪਰ ਅੱਜ ਤਕ ਬੀਬੀ ਜਗੀਰ ਕੌਰ ਨੇ ਇਸ ਬਾਰੇ ਕੋਈ ਜਵਾਬ ਨਹੀਂ ਦਿਤਾ।
ਭਾਈ ਮਾਝੀ, ਭਾਈ ਢਪਾਲੀ ਨੇ ਜਥੇਦਾਰ ਨੂੰ ਬੇਨਤੀ ਕੀਤੀ ਕਿ ਅਕਾਲ ਤਖ਼ਤ ਸਾਹਿਬ ਦੀ ਸਰਪ੍ਰਸਤੀ ਹੇਠ ਹੋਈ ਉਸ ਇਕੱਤਰਤਾ ਵਿਚ ਬੀਬੀ ਜਗੀਰ ਕੌਰ ਵਲੋਂ ਲਗਾਏ ਗਏ ਦੋਸ਼ਾਂ ਬਾਰੇ ਬੀਬੀ ਜਗੀਰ ਕੌਰ ਨੂੰ ਅਕਾਲ ਤਖ਼ਤ ਸਾਹਿਬ ਉਪਰ ਹੀ ਸਾਡੇ ਸਾਹਮਣੇ ਬਿਠਾ ਕੇ ਇਸੇ ਮਾਮਲੇ ਉਤੇ ਵਿਚਾਰ ਚਰਚਾ ਕਾਰਵਾਈ ਜਾਵੇ ਅਤੇ ਜਿਹੜਾ ਦੋਹਾਂ ਵਿਚੋਂ ਗ਼ਲਤ ਹੋਇਆ ਤਾਂ ਉਸ ਨੂੰ ਪੰਥਕ ਰਵਾਇਤਾਂ ਮੁਤਾਬਕ ਸਜ਼ਾ ਦਿਤੀ ਜਾਵੇ।