
ਉਤਰਾਖੰਡ ’ਚ ਭਾਰੀ ਮੀਂਹ ਕਾਰਨ ਤਿੰਨ ਦੀ ਮੌਤ, ਚਾਰਧਾਮ ਦੀ ਯਾਤਰਾ ’ਤੇ ਲੱਗੀ ਰੋਕ
ਦੇਹਰਾਦੂਨ, 18 ਅਕਤੂਬਰ : ਉਤਰਾਖੰਡ ’ਚ ਸੋਮਵਾਰ ਨੂੰ ਲਗਾਤਾਰ ਦੂਜੇ ਦਿਨ ਵੀ ਲਗਾਤਾਰ ਭਾਰੀ ਬਾਰਸ਼ ਅਤੇ ਉਚੀਆਂ ਪਹਾੜੀਆਂ ’ਤੇ ਬਰਫ਼ਬਾਰੀ ਜਾਰੀ ਰਹਿ ਜਿਸ ਕਾਰਨ ਚਾਰਧਾਮ ਯਾਤਰਾ ਠੱਪ ਪੈ ਗਈ। ਜਦਕਿ ਦੂਜੇ ਪਾਸੇ ਸੋਮਵਾਰ ਨੂੰ ਮਲਬੇ ਹੇਠਾਂ ਦਬਣ ਕਾਰਨ ਨੇਪਾਲ ਦੇ ਤਿੰਨ ਮਜ਼ਦੂਰਾਂ ਦੀ ਮੌਤ ਹੋ ਗਈ। ਚਾਰਧਾਮ ਯਾਤਰਾ 2021 ਉਤਰਾਖੰਡ ਦੇ ਕੇਦਾਰਨਾਥ, ਗੰਗੋਤਰੀ, ਬਦਰੀਨਾਥ ਅਤੇ ਯਮੁਨੋਤਰੀ ਦੀ ਯਾਤਰਾ ’ਤੇ ਫਿਲਹਾਲ ਅਸਥਾਈ ਤੌਰ ’ਤੇ ਰੋਕ ਲਗਾ ਦਿਤੀ ਗਈ ਹੈ। ਇਹ ਫ਼ੈਸਲਾ ਮੌਸਮ ਵਿਭਾਗ ਦੀ ਭਾਰੀ ਬਾਰਸ਼ ਦੀ ਚਿਤਾਵਨੀ ਕਾਰਨ ਲਿਆ ਗਿਆ ਹੈ। ਭਗਤ ਜਿਨ੍ਹਾਂ ਨੇ ਗੰਗੋਤਰੀ ਅਤੇ ਯਮੁਨੋਤਰੀ ਵਿਚ ਦਰਸ਼ਨ ਕੀਤੇ ਹਨ। ਉਨ੍ਹਾਂ ਨੂੰ ਅਪਣੀ ਸੁਰੱਖਿਅਤ ਮੰਜ਼ਲ ’ਤੇ ਜਾਣ ਲਈ ਕਿਹਾ ਗਿਆ ਹੈ। ਇਸ ਦੇ ਨਾਲ ਹੀ ਬਦਰੀਨਾਥ ਦੀ ਯਾਤਰਾ ਜਾਰੀ ਹੈ। ਮੁੱਖ ਮੰਤਰੀ ਧਾਮੀ ਨੇ ਸਬੰਧਤ ਵਿਭਾਗਾਂ ਨੂੰ ਅਲਰਟ ਰਹਿਣ ਦੇ ਨਿਰਦੇਸ ਵੀ ਦਿਤੇ ਹਨ।
ਉੱਤਰਾਖੰਡ ਵਿਚ, ਮੌਸਮ ਵਿਭਾਗ ਨੇ ਮੰਗਲਵਾਰ ਤਕ ਮੀਂਹ ਦਾ ਅਲਰਟ ਜਾਰੀ ਕੀਤਾ ਹੈ। ਇਸ ਦੇ ਮੱਦੇਨਜ਼ਰ ਚਾਰ ਧਾਮਾਂ ਦੀ ਯਾਤਰਾ ’ਤੇ ਰੋਕ ਲਗਾ ਦਿਤੀ ਗਈ ਹੈ। ਐਤਵਾਰ ਸਵੇਰ ਤੋਂ ਹੀ ਸੂਬੇ ਦੇ ਇਲਾਕਿਆਂ ਵਿਚ ਮੀਂਹ ਪੈ ਰਿਹਾ ਹੈ। ਸਾਵਧਾਨੀ ਵਜੋਂ, ਕੇਦਾਰਨਾਥ, ਬਦਰੀਨਾਥ, ਗੰਗੋਤਰੀ ਅਤੇ ਯਮੁਨੋਤਰੀ ਧਾਮ ਦੀ ਯਾਤਰਾ ਨੂੰ ਫਿਲਹਾਲ ਰੋਕ ਦਿਤਾ ਗਿਆ ਹੈ।
ਰੁਦਰਪ੍ਰਯਾਗ ਦੇ ਜ਼ਿਲ੍ਹਾ ਮੈਜਿਸਟ੍ਰੇਟ ਮਨੁਜ ਗੋਇਲ ਨੇ ਕਿਹਾ ਕਿ ਯਾਤਰੀਆਂ ਨੂੰ ਸੋਨਪ੍ਰਯਾਗ ਤੋਂ ਅੱਗੇ ਨਹੀਂ ਜਾਣ ਦਿਤਾ ਜਾ ਰਿਹਾ। ਧਾਮ ਪਹੁੰਚੇ ਯਾਤਰੀਆਂ ਨੂੰ ਦਰਸ਼ਨ ਕਰਨ ਤੋਂ ਬਾਅਦ ਵਾਪਸ ਭੇਜਿਆ ਜਾ ਰਿਹਾ ਹੈ। ਯਾਤਰਾ ਦੇ ਮੁੱਖ ਬਿੰਦੂਆਂ ’ਤੇ ਸਹਾਇਤਾ ਲਈ ਪੁਲਿਸ ਅਤੇ ਐਸਡੀਆਰਐਫ਼ ਨੂੰ ਤਾਇਨਾਤ ਕੀਤਾ ਗਿਆ ਹੈ।
ਇਥੇ, ਉਤਰਕਾਸੀ ਜ਼ਿਲ੍ਹਾ ਪ੍ਰਸ਼ਾਸਨ ਨੇ ਫਿਲਹਾਲ ਗੰਗੋਤਰੀ ਅਤੇ ਯਮੁਨੋਤਰੀ ਯਾਤਰਾ ਨੂੰ ਵੀ ਰੋਕ ਦਿਤਾ ਹੈ। ਜਿਨ੍ਹਾਂ ਯਾਤਰੀਆਂ ਨੇ ਗੰਗੋਤਰੀ ਅਤੇ ਯਮੁਨੋਤਰੀ ਵਿਚ ਦਰਸ਼ਨ ਕੀਤੇ ਹਨ ਉਨ੍ਹਾਂ ਨੂੰ ਸੁਰੱਖਿਅਤ ਮੰਜ਼ਲ ’ਤੇ ਜਾਣ ਲਈ ਕਿਹਾ ਜਾ ਰਿਹਾ ਹੈ। ਯਮੁਨੋਤਰੀ ਜਾਣ ਵਾਲੇ ਯਾਤਰੀਆਂ ਨੂੰ ਬਡਕੋਟ ਵਿਖੇ ਰੋਕ ਦਿਤਾ ਗਿਆ ਹੈ, ਜਦਕਿ ਗੰਗੋਤਰੀ ਨੂੰ ਜਾਣ ਵਾਲੇ ਯਾਤਰੀਆਂ ਨੂੰ ਉੱਤਰਕਾਸੀ ਅਤੇ ਭਟਵਾੜੀ ਦੇ ਨੇੜੇ ਰੋਕਿਆ ਜਾ ਰਿਹਾ ਹੈ। ਗੰਗੋਤਰੀ ਧਾਮ ਅਤੇ ਯਮੁਨੋਤਰੀ ਧਾਮ ਵਿਚ ਮੀਂਹ ਅਤੇ ਬਰਫ਼ਬਾਰੀ ਦੀ ਸੰਭਾਵਨਾ ਹੈ।
ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਆਫਤ ਪ੍ਰਬੰਧਨ ਵਿਭਾਗ, ਪੁਲਿਸ ਪ੍ਰਸਾਸਨ ਅਤੇ ਸਾਰੇ ਜ਼ਿਲ੍ਹਾ ਮੈਜਿਸਟ੍ਰੇਟਾਂ ਨੂੰ ਚੌਕਸ ਰਹਿਣ ਦੇ ਨਿਰਦੇਸ਼ ਦਿਤੇ ਹਨ। ਇਸ ਚਿਤਾਵਨੀ ਦੇ ਮੱਦੇਨਜਰ, ਰਾਜ ਆਫ਼ਤ ਪ੍ਰਬੰਧਨ ਅਥਾਰਟੀ, ਆਫ਼ਤ ਪ੍ਰਬੰਧਨ ਵਿਭਾਗ ਨੇ ਸਾਰੇ ਸਥਾਨਕ ਵਸਨੀਕਾਂ ਅਤੇ ਯਾਤਰੀਆਂ ਨੂੰ ਚੌਕਸ ਰਹਿਣ, ਨਦੀਆਂ ਨਾਲਿਆਂ ਤੋਂ ਦੂਰੀ ਰਖਣ ਅਤੇ ਸੁਰੱਖਿਅਤ ਥਾਵਾਂ ’ਤੇ ਰਹਿਣ ਦੀ ਅਪੀਲ ਕੀਤੀ ਹੈ। ਯਾਤਰੀਆਂ ਅਤੇ ਉੱਤਰਾਖੰਡ ਦੀ ਯਾਤਰਾ ਕਰਨ ਵਾਲੇ ਸਾਰੇ ਲੋਕਾਂ ਨੂੰ ਵੀ ਬੇਨਤੀ ਕੀਤੀ ਗਈ ਹੈ ਕਿ ਉਹ ਮੌਸਮ ਦੀਆਂ ਚਿਤਾਵਨੀਆਂ ਨੂੰ ਧਿਆਨ ਵਿਚ ਰੱਖਦੇ ਹੋਏ ਅਪਣੀ ਯਾਤਰਾ ਦੀ ਯੋਜਨਾ ਬਣਾਉਣ। ਇਸ ਸਮੇਂ ਦੌਰਾਨ ਯਾਤਰਾ ਕਰਨ ਤੋਂ ਬਚਣ ਦੀ ਕੋਸ਼ਿਸ਼ ਕਰੋ। (ਏਜੰਸੀ)