 
          	ਜੰਮੂ ਕਸ਼ਮੀਰ ’ਚ ਹੋ ਰਹੇ ਅਤਿਵਾਦੀ ਹਮਲਿਆਂ ਵਿਰੁਧ ਐਨਐਸਯੂਆਈ ਦਾ ਪ੍ਰਦਰਸ਼ਨ, ਕਈਆਂ ਨੂੰ ਹਿਰਾਸਤ ’ਚ ਲਿਆ
ਨਵੀਂ ਦਿੱਲੀ, 18 ਅਕਤੂਬਰ : ਨੈਸ਼ਨਲ ਸਟੂਡੈਂਟ ਯੂਨੀਅਨ ਆਫ਼ ਇੰਡੀਆ (ਐਨਐਸਯੂਆਈ) ਨੇ ਜੰਮੂ-ਕਸ਼ਮੀਰ ਵਿਚ ਲਗਾਤਾਰ ਹੋ ਰਹੇ ਅਤਿਵਾਦੀ ਹਮਲਿਆਂ ਦੇ ਵਿਰੋਧ ਵਿਚ ਸ਼ਾਸਤਰੀ ਭਵਨ ਦੇ ਬਾਹਰ ਵਿਰੋਧ ਪ੍ਰਦਰਸ਼ਨ ਕੀਤਾ। ਵਿਰੋਧ ਪ੍ਰਦਰਸ਼ਨ ਦੀ ਅਗਵਾਈ ਐਨਐਸਯੂਆਈ ਦੇ ਕੌਮੀ ਪ੍ਰਧਾਨ ਨੀਰਜ ਕੁੰਦਨ ਵਲੋਂ ਕੀਤੀ ਗਈ, ਜਿਸ ਵਿਚ ਐਨਐਸਯੂਆਈ ਦੇ ਸੈਂਕੜੇ ਵਰਕਰਾਂ ਨੇ ਹਿੱਸਾ ਲਿਆ।
ਇਸ ਦੌਰਾਨ ਵਰਕਰਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਪੁਤਲੇ ਸਾੜੇ ਅਤੇ ਕੇਂਦਰੀ ਮੰਤਰੀਆਂ ਅਤੇ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਹਰੇਬਾਜ਼ੀ ਕੀਤੀ। ਪ੍ਰਦਰਸ਼ਨ ਦੌਰਾਨ ਵਰਕਰਾਂ ਅਤੇ ਪੁਲਿਸ ਵਿਚਾਲੇ ਝੜਪ ਵੀ ਹੋਈ। ਪੁਲਿਸ ਨੇ ਪ੍ਰਦਰਸ਼ਨ ਕਰ ਰਹੇ ਐਨਐਸਯੂਆਈ ਦੇ ਕੌਮੀ ਪ੍ਰਧਾਨ ਨੀਰਜ ਕੁੰਦਨ ਅਤੇ ਹੋਰ ਵਰਕਰਾਂ ਨੂੰ ਹਿਰਾਸਤ ਵਿਚ ਲੈ ਲਿਆ। ਇਸ ਦੌਰਾਨ ਨੀਰਜ ਕੁੰਦਨ ਨੇ ਕਿਹਾ ਕਿ ਭਾਰਤ ਦੇ ਲੋਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਸਦੀਵੀ ਚੁੱਪੀ ਟੁੱਟਣ ਦਾ ਇੰਤਜ਼ਾਰ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਹਾਲ ਹੀ ਵਿਚ ਜੰਮੂ-ਕਸਮੀਰ ਵਿਚ ਲੋਕਾਂ ਦੀ ਹਤਿਆ ਸਪੱਸ਼ਟ ਦਰਸ਼ਾਉਂਦੀ ਹੈ ਕਿ ਘਾਟੀ ਵਿਚ ਹਾਲਾਤ ਬਦ ਤੋਂ ਬਦਤਰ ਹੁੰਦੇ ਜਾ ਰਹੇ ਹਨ। ਉਨ੍ਹਾਂ ਨੇ ਜੰਮੂ-ਕਸ਼ਮੀਰ ਦੇ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਕਿਹਾ।     (ਏਜੰਸੀ)
 
                     
                
 
	                     
	                     
	                     
	                     
     
                     
                     
                     
                     
                    