
ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਸੂਬੇ ਅੰਦਰ ਸ਼ਾਂਤੀ ਅਤੇ ਫਿਰਕੂ ਸਦਭਾਵਨਾ ਨੂੰ ਵਧ ਰਹੇ ਖ਼ਤਰੇ ਉੱਤੇ ਡੂੰਘੀ ਚਿੰਤਾ ਦਾ ਪ੍ਰਗਟਾਵਾ ਕੀਤਾ........
ਚੰਡੀਗੜ੍ਹ (ਨੀਲ) : ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਸੂਬੇ ਅੰਦਰ ਸ਼ਾਂਤੀ ਅਤੇ ਫਿਰਕੂ ਸਦਭਾਵਨਾ ਨੂੰ ਵਧ ਰਹੇ ਖ਼ਤਰੇ ਉੱਤੇ ਡੂੰਘੀ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਸਿਆਸੀ ਫ਼ਾਇਦਾ ਲੈਣ ਵਾਸਤੇ ਸੂਬੇ ਦੇ ਕਾਂਗਰਸੀ ਹਾਕਮਾਂ ਦੀ ਬਿਰਤੀ ਸ਼ਾਂਤੀ ਦੇ ਵੈਰੀਆਂ ਨੂੰ ਹੱਲਾਸ਼ੇਰੀ ਅਤੇ ਸ਼ਹਿ ਦੇ ਕੇ ਪੰਜਾਬ ਨੂੰ ਤੇਜ਼ੀ ਨਾਲ ਦੁਬਾਰਾ ਤੋਂ ਕਾਲੇ ਦਿਨਾਂ ਵਲ ਧੱਕਣ ਦੀ ਹੈ। ਇਥੇ ਇਕ ਪ੍ਰੈੱਸ ਬਿਆਨ ਜਾਰੀ ਕਰਦਿਆਂ ਸ. ਬਾਦਲ ਨੇ ਅੱਜ ਅੰਮ੍ਰਿਤਸਰ ਵਿਚ ਹੋਏ ਬੰਬ ਧਮਾਕੇ ਦੀ ਸਖ਼ਤ ਨਿਖੇਧੀ ਕੀਤੀ।
ਉਨ੍ਹਾਂ ਕਿਹਾ ਕਿ ਉਹ ਪੰਜਾਬ ਵਿਚ ਸ਼ਾਂਤੀ ਅਤੇ ਫ਼ਿਰਕੂ ਸਦਭਾਵਨਾ ਨੂੰ ਵਧ ਰਹੇ ਖ਼ਤਰੇ ਵਿਰੁਧ ਕਾਂਗਰਸੀ ਹੁਕਮਰਾਨਾਂ ਅਤੇ ਪੰਜਾਬ ਦੇ ਲੋਕਾਂ ਨੂੰ ਲਗਾਤਾਰ ਸਾਵਧਾਨ ਕਰਦੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਸੱਤਾਧਾਰੀ ਪਾਰਟੀ ਦੇ ਆਗੂਆਂ ਦੀ ਸੌੜੇ ਸਿਆਸੀ ਹਿੱਤਾਂ ਖਾਤਰ ਉਨ੍ਹਾਂ ਤੱਤਾਂ ਨੂੰ ਇਸਤੇਮਾਲ ਕਰਨ ਦੀ ਲਾਲਸਾ, ਜੋ ਕਿ ਸ਼ਰੇਆਮ ਨਫ਼ਰਤ ਅਤੇ ਹਿੰਸਾ ਦੀ ਵਿਚਾਰਧਾਰਾ ਨੂੰ ਪ੍ਰਣਾਏ ਹੋਏ ਹਨ, ਸੂਬੇ ਦੀ ਸ਼ਾਂਤੀ ਅਤੇ ਫ਼ਿਰਕੂ ਸਦਭਾਵਨਾ ਨੂੰ ਤਬਾਹ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਸੂਬੇ ਦੇ ਹੁਕਮਰਾਨ ਗੁਪਤ ਤੌਰ ਤੇ ਅਤੇ ਕਿਤੇ ਕਿਤੇ ਸ਼ਰੇਆਮ ਉਨ੍ਹਾਂ ਤੱਤਾਂ ਦੀ ਮਦਦ ਕਰਦੇ ਅਤੇ ਪੱਖ ਪੂਰਦੇ ਆ ਰਹੇ ਹਨ,
ਜਿਨ੍ਹਾਂ ਦਾ ਏਜੰਡਾ ਪੰਜਾਬ ਅੰਦਰ ਲੋਕਾਂ ਵਿਚ ਧਾਰਮਕ ਵੰਡੀਆਂ ਪਾਉਣਾ ਹੈ। ਉਨ੍ਹਾਂ ਦੇ ਆਗੂ ਅਕਾਲੀ ਦਲ ਵਿਰੁਧ ਸਾਜ਼ਿਸ਼ਾਂ ਰਚਣ ਲਈ ਮੁੱਖ ਮੰਤਰੀ ਨਾਲ ਗੁਪਤ ਮੀਟਿੰਗਾਂ ਕਰਦੇ ਆ ਰਹੇ ਹਨ। ਅਜਿਹੀਆਂ ਗਤੀਵਿਧੀਆਂ ਨੇ ਸੂਬੇ ਅੰਦਰ ਸਥਿਤੀ ਨੂੰ ਬਹੁਤ ਹੀ ਖ਼ਤਰਨਾਕ ਬਣਾ ਦਿਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਅੱਜ ਵਧ ਰਹੀ ਹਿੰਸਾ ਕਾਂਗਰਸ ਪਾਰਟੀ ਦੀ ਸਨਕੀ ਸਿਆਸੀ ਮੌਕਾਪ੍ਰਸਤੀ ਅਤੇ ਇਸ ਦੀਆਂ ਸ਼ਾਂਤੀ ਦੇ ਵੈਰੀਆਂ ਨਾਲ ਮੁਲਾਹਜ਼ੇ ਦਾਰੀਆਂ ਦਾ ਨਤੀਜਾ ਹੈ।