
ਜੇ ਕੇਂਦਰ ਦੀ ਅੜੀ ਸਾਹਮਣੇ ਕਿਸਾਨ ਵੀ ਅੜੇ ਰਹੇ ਤਾਂ ਕੇਂਦਰ ਨੂੰ ਪੰਜਾਬ ਵਿਚ ਅਪਣਾ ਰਾਜ ਕਾਇਮ ਕਰਨ ਦਾ ਬਹਾਨਾ ਬਣ ਜਾਏਗਾ
ਕੇਂਦਰ ਨੂੰ ਰੋਕਣ ਵਾਲਾ ਕੋਈ ਵੀ ਜੇਲ ਤੋਂ ਬਾਹਰ ਨਹੀਂ ਰਹਿਣ ਦਿਤਾ ਜਾਵੇਗਾ
ਚੰਡੀਗੜ੍ਹ, 18 ਨਵੰਬਰ (ਗੁਰਉਪਦੇਸ਼ ਭੁੱਲਰ): ਪੰਜਾਬ ਸਰਕਾਰ ਵਲੋਂ ਕਿਸਾਨਾਂ ਦੇ ਅੰਦੋਲਨ ਦੇ ਮਾਮਲਿਆਂ ਨੂੰ ਲੈ ਕੇ ਗਠਿਤ ਤਿੰਨ ਮੈਂਬਰੀ ਮੰਤਰੀ ਕਮੇਟੀ ਨੇ ਅੱਜ ਪੰਜਾਬ ਮੰਤਰੀ ਮੰਡਲ ਬੈਠਕ ਤੋਂ ਪਹਿਲਾਂ 30 ਕਿਸਾਨ ਜਥੇਬੰਦੀਆਂ ਦੇ ਆਗੂਆਂ ਨਾਲ ਮੁਲਾਕਾਤ ਕੀਤੀ।
ਇਸ ਕਮੇਟੀ ਵਿਚ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਸੁੱਖ ਸਰਕਾਰੀਆ ਸ਼ਾਮਲ ਹਨ। ਮੁੱਖ ਮੰਤਰੀ ਦੇ ਸਿਆਸੀ ਸਕੱਤਰ ਕੈਪਟਨ ਸੰਦੀਪ ਸੰਧੂ ਤੋਂ ਇਲਾਵਾ ਵਿਧਾਇਕ ਕੁਲਜੀਤ ਨਾਗਰਾ, ਦਰਸ਼ਨ ਸਿੰਘ ਬਰਾੜ, ਕੁਲਬੀਰ ਜ਼ੀਰਾ ਤੇ ਬਰਿੰਦਰਮੀਤ ਪਾਹੜਾ ਆਦਿ ਵੀ ਉਨ੍ਹਾਂ ਨਾਲ ਮੌਜੂਦ ਸਨ। ਮੰਤਰੀਆਂ ਤੇ ਕਾਂਗਰਸ ਵਿਧਾਇਕਾਂ ਨੇ ਜਿਥੇ ਸਰਕਾਰ ਤੇ ਪਾਰਟੀ ਵਲੋਂ ਕਿਸਾਨਾਂ ਨਾਲ ਇਕਜੁਟਤਾ ਪ੍ਰਗਟ ਕਰਦਿਆਂ ਉਨ੍ਹਾਂ ਦੀਆਂ ਮੰਗਾਂ ਦਾ ਸਮਰਥਨ ਕੀਤਾ, ਬੰਦ ਕੀਤੇ ਛੋਟੇ ਪੇਂਡੂ ਖ਼ਰੀਦ ਕੇਂਦਰ ਚਾਲੂ ਰੱਖਣ ਦੀ ਮੰਗ ਵੀ ਪ੍ਰਵਾਨ ਕੀਤੀ, ਉਥੇ ਨਾਲ ਹੀ ਸੂਬੇ ਵਿਚ ਵਪਾਰ, ਉਦਯੋਗ ਤੇ ਹੋਰ ਖੇਤਰਾਂ ਵਿਚ ਸਪਲਾਈ ਰੁਕਣ ਕਾਰਨ ਹੋ ਰਹੇ ਵੱਡੇ ਆਰਥਕ ਨੁਕਸਾਨ ਦੇ ਮੱਦੇਨਜ਼ਰ ਮਾਲ ਗੱਡੀਆਂ ਚਲਾਉਣ ਵਿਚ ਕੇਂਦਰ ਦੀ ਬਹਾਨੇਬਾਜ਼ੀ ਖ਼ਤਮ ਕਾਰਨ ਲਈ ਮੁਸਾਫ਼ਰ ਗੱਡੀਆਂ ਲਈ ਵੀ ਰੇਲ ਟਰੈਕ ਖੋਹਲਣ ਉਤੇ ਸੂਬੇ ਦੇ ਹਿਤ ਵਿਚ ਜ਼ੋਰ ਦਿਤਾ।
ਪੰਜਾਬ ਸਰਕਾਰ ਚਿੰਤਿਤ ਹੈ ਕਿ ਕਿਸਾਨਾਂ ਵਲੋਂ ਮੁਸਾਫ਼ਰ ਗੱਡੀਆਂ ਨੂੰ ਰੋਕਣ ਨੂੰ ਇਕ ਬਹਾਨਾ ਬਣਾ ਕੇ, ਕੇਂਦਰ ਸਰਕਾਰ ਪੰਜਾਬ ਵਿਚ ਰਾਸ਼ਟਰਪਤੀ ਰਾਜ ਰਾਹੀਂ ਅਪਣੀ ਸਰਕਾਰ ਕਾਇਮ ਕਰਦੀ ਹੈ ਤਾਂ ਕੇਂਦਰ ਨੂੰ ਰੋਕਣ ਵਾਲੀ ਕੋਈ ਤਾਕਤ ਨਹੀਂ ਰਹਿਣ ਦਿਤੀ ਜਾਏਗੀ। ਜਿਹੜਾ ਕੋਈ ਬੋਲੇਗਾ, ਉਸ ਨੂੰ ਜੇਲ ਵਿਚ ਸੁਟ ਦਿਤਾ ਜਾਵੇਗਾ। ਇਸ ਨਾਲ ਪੰਜਾਬ ਬੁਰੀ ਤਰ੍ਹਾਂ ਪਿਸ ਜਾਏਗਾ। ਕਿਸਾਨ ਆਗੂਆਂ ਨੇ ਇਸ ਸਬੰਧੀ ਕੇਂਦਰ ਦੇ ਰਵਈਏ ਨੂੰ ਦੇਖ ਕੇ ਹੀ ਭਵਿੱਖ ਵਿਚ ਫ਼ੈਸਲਾ ਲੈਣ ਦੀ ਗੱਲ ਆਖੀ ਹੈ। ਕਿਸਾਨਾਂ ਨਾਲ ਮੀਟਿੰਗ ਤੋਂ ਬਾਅਦ ਮੰਤਰੀ ਬਾਜਵਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਸਾਰੀਆਂ ਗੱਡੀਆਂ ਨੂੰ ਰਾਹ ਦਿਵਾਉਣ ਲਈ ਪੂਰੇ ਯਤਨ ਕਰ ਰਹੀ ਹੈ ਪਰ ਕੇਂਦਰ ਸਰਕਾਰ ਵੀ ਅੜੀਅਲ ਰਵਈਆ ਅਪਣਾ ਰਹੀ ਹੈ ਤੇ ਪੰਜਾਬ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ। ਉਨ੍ਹਾਂ ਉਦਾਹਰਣ ਦਿੰਦੇ ਹੋਏ ਕਿਹਾ ਕਿ ਰਾਜਸਥਾਨimage ਵਿਚ ਇਕ ਵਰਗ ਦਾ ਰੇਲ ਰੋਕੋ ਅੰਦੋਲਨ ਚੱਲ ਰਿਹਾ ਹੈ ਪਰ ਉਥੇ ਕੇਂਦਰ ਸਰਕਾਰ ਨੇ ਪੂਰੇ ਰਾਜਸਥਾਨ ਵਿਚ ਗੱਡੀਆਂ ਬੰਦ ਨਹੀਂ ਕੀਤੀਆਂ। ਉਨ੍ਹਾਂ ਕਿਹਾ ਕਿ ਕੇਂਦਰ ਅਸਲ ਵਿਚ ਜਾਣ ਬੁਝ ਕੇ ਪੰਜਾਬ ਜਾ ਆਰਥਕ ਨੁਕਸਾਨ ਕਰ ਰਿਹਾ ਹੈ।