
ਦੋ ਸਾਲ ਪਹਿਲਾਂ ਹੋਈ ਸੀ ਮਹਿਲਾ ਦੇ ਪਤੀ ਦੀ ਮੌਤ
ਜਲੰਧਰ (ਸੁਸ਼ੀਲ ਹੰਸ): ਜਲੰਧਰ ਦੇ ਹਰਦੀਪ ਨਗਰ ਇਲਾਕੇ ਵਿਚ ਇਕ ਮਹਿਲਾ ਵੱਲੋਂ ਖੁਦਕੁਸ਼ੀ ਕਰਨ ਦਾ ਦੁਖਦਾਈ ਮਾਮਲਾ ਸਾਹਮਣੇ ਆਇਆ ਹੈ। ਖੁਦਕੁਸ਼ੀ ਕਰਨ ਤੋਂ ਪਹਿਲਾਂ ਮਹਿਲਾ ਨੇ ਵਿਦੇਸ਼ ਵਿਚ ਰਹਿ ਰਹੇ ਅਪਣੇ ਬੇਟੇ ਨੂੰ ਵੀਡੀਓ ਕਾਲ ਕੀਤੀ।
Women Suicide
ਵੀਡੀਓ ਕਾਲ ਦੌਰਾਨ ਹੀ ਜਦੋਂ ਮਹਿਲਾ ਫਾਹਾ ਲਗਾਉਣ ਲੱਗੀ ਤਾਂ ਉਹਨਾਂ ਦੇ ਬੇਟੇ ਨੇ ਗੁਆਂਢੀਆਂ ਨੂੰ ਫੋਨ ਕੀਤਾ ਪਰ ਜਦੋਂ ਤੱਕ ਗੁਆਂਢੀ ਉਹਨਾਂ ਦੇ ਘਰ ਪਹੁੰਚੇ ਤਾਂ ਬਹੁਤ ਦੇਰ ਹੋ ਚੁੱਕੀ ਸੀ। ਗੁਆਂਢੀਆਂ ਨੇ ਇਸ ਘਟਨਾ ਦੀ ਜਾਣਕਾਰੀ ਇਲਾਕੇ ਦੀ ਪੁਲਿਸ ਨੂੰ ਦਿੱਤੀ।
House
ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਹਰਦੀਪ ਨਗਰ ਦੇ ਰਹਿਣ ਵਾਲੇ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਮ੍ਰਿਤਕ ਤਰਸੇਮ ਕੌਰ ਦੇ ਬੇਟੇ ਭੁਪਿੰਦਰ ਸਿੰਘ ਦਾ ਫੋਨ ਆਇਆ ਕਿ ਉਹਨਾਂ ਦੀ ਮਾਂ ਆਤਮ ਹੱਤਿਆ ਕਰਨ ਜਾ ਰਹੀ ਹੈ। ਪਰ ਜਦੋਂ ਤੱਕ ਉਹ ਉਹਨਾਂ ਦੇ ਘਰ ਪਹੁੰਚੇ ਤਾਂ ਉਹਨਾਂ ਨੇ ਖੁਦਕੁਸ਼ੀ ਕਰ ਲਈ ਸੀ।
Kulwinder Singh
ਰਿਸ਼ਤੇਦਾਰਾਂ ਦਾ ਕਹਿਣਾ ਹੈ ਕਿ ਤਰਸੇਮ ਕੌਰ ਦੀਆਂ ਦੋ ਬੇਟੀਆਂ ਤੇ ਇਕ ਬੇਟਾ ਵਿਦੇਸ਼ ਵਿਚ ਰਹਿੰਦੇ ਹਨ। 2 ਸਾਲ ਪਹਿਲਾਂ ਤਰਸੇਮ ਕੌਰ ਦੇ ਪਤੀ ਮਲਕੀਤ ਸਿੰਘ ਦੀ ਅੱਜ ਦੇ ਦਿਨ ਹੀ ਮੌਤ ਹੋਈ ਸੀ। ਤਰਸੇਮ ਕੌਰ ਘਰ ਵਿਚ ਇਕੱਲੀ ਰਹਿੰਦੀ ਸੀ। ਗੁਆਂਢੀਆਂ ਨੇ ਦੱਸਿਆ ਕਿ ਤਰਸੇਮ ਕੌਰ ਡਿਪਰੈਸ਼ਨ ਵਿਚ ਸੀ ਤੇ ਉਹਨਾਂ ਦਾ ਇਲਾਜ ਚੱਲ ਰਿਹਾ ਸੀ।
Jasbir Singh
ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪੁਲਿਸ ਅਧਿਕਾਰੀ ਜਸਬੀਰ ਸਿੰਘ ਨੇ ਦੱਸਿਆ ਕਿ ਮਾਨਸਿਕ ਪਰੇਸ਼ਾਨੀ ਦੇ ਚਲਦਿਆਂ ਤਰਸੇਮ ਕੌਰ ਨੇ ਅਜਿਹਾ ਖੌਫਨਾਕ ਕਦਮ ਚੁੱਕਿਆ ਹੈ। ਪੁਲਿਸ ਨੇ ਮਾਮਲੇ ਵਿਚ 174 ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।