
1 ਦਸੰਬਰ ਤੱਕ ਲਿਖ਼ਤੀ ਰੂਪ 'ਚ ਮੰਗੇ 25 ਸਵਾਲਾਂ ਦੇ ਜਵਾਬ
Rating:ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ: ਗ੍ਰਿਫ਼ਤਾਰ AIG ਅਸ਼ੀਸ਼ ਕਪੂਰ ਦੀ ਪਤਨੀ ਕਮਲ ਕਪੂਰ ਤੋਂ ਵਿਜੀਲੈਂਸ ਵੱਲੋਂ ਪੁੱਛਗਿੱਛ
1 ਦਸੰਬਰ ਤੱਕ ਲਿਖ਼ਤੀ ਰੂਪ 'ਚ ਮੰਗੇ 25 ਸਵਾਲਾਂ ਦੇ ਜਵਾਬ
ਮੋਹਾਲੀ : ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿਚ ਗ੍ਰਿਫ਼ਤਾਰ ਏਆਈਜੀ ਅਸ਼ੀਸ਼ ਕਪੂਰ ਦੀ ਪਤਨੀ ਕਮਲ ਕਪੂਰ ਤੋਂ ਪੰਜਾਬ ਵਿਜੀਲੈਂਸ ਬਿਊਰੋ ਨੇ ਪੁੱਛਗਿੱਛ ਕੀਤੀ। ਇਸ ਲਈ ਕਮਲ ਕਪੂਰ ਨੂੰ ਸ਼ੁੱਕਰਵਾਰ ਨੂੰ ਮੋਹਾਲੀ ਵਿਜੀਲੈਂਸ ਥਾਣੇ ਬੁਲਾਇਆ ਗਿਆ। ਸੂਤਰਾਂ ਮੁਤਾਬਕ ਵਿਜੀਲੈਂਸ ਅਧਿਕਾਰੀਆਂ ਨੇ ਕਮਲ ਕਪੂਰ ਨੂੰ ਇਕ ਕਾਗਜ਼ 'ਤੇ ਲਿਖੇ 25 ਸਵਾਲ ਦਿੱਤੇ ਅਤੇ 1 ਦਸੰਬਰ ਤੱਕ ਸਾਰਿਆਂ ਦਾ ਲਿਖਤੀ ਜਵਾਬ ਦੇਣ ਲਈ ਕਿਹਾ। ਹਾਲਾਂਕਿ ਇਸ ਤੋਂ ਇਲਾਵਾ ਕਮਲ ਕਪੂਰ ਤੋਂ ਕਰੀਬ 2 ਘੰਟੇ ਤੱਕ ਪੁੱਛਗਿੱਛ ਕੀਤੀ ਗਈ।
ਸੂਤਰਾਂ ਮੁਤਾਬਕ ਕਮਲ ਕਪੂਰ ਸਵੇਰੇ 11 ਵਜੇ ਸੈਕਟਰ-68 ਸਥਿਤ ਵਿਜੀਲੈਂਸ ਬਿਊਰੋ ਦੇ ਦਫ਼ਤਰ ਪਹੁੰਚੇ। ਇਸ ਤੋਂ ਬਾਅਦ ਦੁਪਹਿਰ 1 ਵਜੇ ਤੱਕ ਉਸ ਤੋਂ ਪੁੱਛਗਿੱਛ ਦੀ ਪ੍ਰਕਿਰਿਆ ਜਾਰੀ ਰਹੀ। ਸੂਤਰਾਂ ਮੁਤਾਬਕ ਕਮਲ ਕਪੂਰ ਤੋਂ ਪੁੱਛਗਿੱਛ ਦੌਰਾਨ ਇਕ ਮਹਿਲਾ ਇੰਸਪੈਕਟਰ ਵੀ ਮੌਜੂਦ ਸੀ।
ਕਮਲ ਕਪੂਰ ਤੋਂ ਪੁੱਛੇ ਗਏ ਇਹ ਸਵਾਲ
-ਬੱਚੇ ਕਿੱਥੇ ਪੜ੍ਹਦੇ ਸਨ?
-ਕਿੰਨੇ ਬੈਂਕ ਖਾਤੇ ਹਨ?
-ਬੈਂਕ ਖਾਤੇ ਵਿਚ ਪੈਸੇ ਕਿੱਥੋਂ ਆਏ?
-ਲਹਿਰਾਗਾਗਾ, ਪਟਿਆਲਾ ਅਤੇ ਚੰਡੀਗੜ੍ਹ ਦੀਆਂ ਜਾਇਦਾਦਾਂ ਕਿਵੇਂ ਬਣੀਆਂ?
-ਕਿਸ ਬੈਂਕ ਵਿਚ ਕਿੰਨੇ ਲਾਕਰ ਹਨ?
-ਪਰਿਵਾਰ ਦੁਆਰਾ ਰੱਖੇ ਗਏ ਸੋਨੇ ਦੇ ਗਹਿਣਿਆਂ ਦੀ ਖਰੀਦ ਦਾ ਪ੍ਰਬੰਧ ਕਿਵੇਂ ਕੀਤਾ ਗਿਆ ਸੀ?
-ਕਮਲ ਕਪੂਰ ਦੇ ਬੈਂਕ ਖਾਤੇ ਵਿਚ 50,000 ਰੁਪਏ ਪ੍ਰਤੀ ਮਹੀਨਾ ਕਿੱਥੋਂ ਜਮ੍ਹਾ ਕਰਵਾਏ ਜਾਂਦੇ ਹਨ?
ਇਨ੍ਹਾਂ ਤੋਂ ਇਲਾਵਾ ਕਈ ਸਵਾਲ ਹਨ, ਜਿਨ੍ਹਾਂ ਦਾ ਜਵਾਬ ਕਮਲ ਕਪੂਰ ਨੂੰ 1 ਦਸੰਬਰ ਤੱਕ ਦੇਣਾ ਹੋਵੇਗਾ।
ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ 'ਚ ਕਮਲ ਕਪੂਰ ਨੂੰ ਅਦਾਲਤ ਤੋਂ ਗ੍ਰਿਫਤਾਰੀ ਤੋਂ ਰਾਹਤ ਮਿਲੀ ਹੈ। ਇਸ ਤੋਂ ਬਾਅਦ ਉਹ ਜਾਂਚ ਵਿਚ ਸ਼ਾਮਲ ਹੋਣ ਲਈ ਮੋਹਾਲੀ ਦੇ ਸੈਕਟਰ 68 ਸਥਿਤ ਪੰਜਾਬ ਵਿਜੀਲੈਂਸ ਬਿਊਰੋ ਦੇ ਦਫਤਰ ਗਈ। ਸੂਤਰਾਂ ਮੁਤਾਬਕ ਅਸ਼ੀਸ਼ ਨੇ ਕਮਲ ਕਪੂਰ ਨੂੰ ਆਪਣੇ ਨਾਂ ਟਰਾਂਸਫਰ ਕੀਤੀ ਗਈ ਪ੍ਰਾਪਰਟੀ ਨਾਲ ਜੁੜੇ ਸਵਾਲਾਂ ਦੇ ਜਵਾਬ ਦੇਣ ਲਈ ਕਿਹਾ ਅਤੇ ਨਾਲ ਹੀ ਪੁਛਿਆ ਕਿ ਏਆਈਜੀ ਅਸ਼ੀਸ਼ ਕਪੂਰ ਆਪਣੇ ਖਾਤੇ 'ਚ ਮਹੀਨਾਵਾਰ 50 ਹਜ਼ਾਰ ਕਿੱਥੋਂ ਜਮ੍ਹਾ ਕਰਾਉਂਦੇ ਸਨ। ਕਮਲ ਕਪੂਰ ਤੋਂ ਪੁਛਿਆ ਗਿਆ ਕਿ ਉਹ ਸੈਕਟਰ 22 ਦੇ ਬੈਂਕ ਵਿਚ ਅਸ਼ੀਸ਼ ਕਪੂਰ ਦੇ ਲਾਕਰ ਤੋਂ ਬਰਾਮਦ ਗਹਿਣਿਆਂ ਤੋਂ ਜਾਣੂ ਹੈ।
ਇਕ ਕਰੋੜ ਰੁਪਏ ਰਿਸ਼ਵਤ ਮਾਮਲੇ 'ਚ ਗ੍ਰਿਫਤਾਰ ਏਆਈਜੀ ਅਸ਼ੀਸ਼ ਕਪੂਰ ਅਤੇ ਏਐਸਆਈ ਹਰਵਿੰਦਰ ਸਿੰਘ ਖ਼ਿਲਾਫ਼ ਦਰਜ ਐਫਆਈਆਰ 'ਚ ਸ਼ਿਕਾਇਤਕਰਤਾ ਪੰਜਾਬ ਪੁਲਿਸ ਦਾ ਡੀਐਸਪੀ ਹੈ। ਇਸ ਨੂੰ ਲੈ ਕੇ ਸਵਾਲ ਵੀ ਖੜ੍ਹੇ ਹੋ ਗਏ ਹਨ। ਮੁਲਜ਼ਮ ਅਸ਼ੀਸ਼ ਕਪੂਰ ਵੱਲੋਂ ਪੇਸ਼ ਹੋਏ ਵਕੀਲ ਪ੍ਰਦੀਪ ਸਿੰਘ ਵਿਰਕ ਨੇ ਅਦਾਲਤ ਵਿਚ ਦਲੀਲ ਦਿੱਤੀ ਕਿ ਵਿਜੀਲੈਂਸ ਵੱਲੋਂ ਦਰਜ ਐਫਆਈਆਰ ਵਿਚ ਡੀਐਸਪੀ ਹੀ ਸ਼ਿਕਾਇਤਕਰਤਾ ਹੈ, ਜੋ ਕਿ ਕਾਨੂੰਨ ਵਿਚ ਸਹੀ ਨਹੀਂ ਹੈ।
ਇਸ ਮਾਮਲੇ 'ਚ ਐੱਸ ਆਈ ਟੀ ਬਣਾਈ ਗਈ ਸੀ, ਜਿਸ ਵਿਚ ਏ.ਡੀ.ਜੀ.ਪੀ. ਰੈਂਕ ਦੇ 2 ਅਧਿਕਾਰੀਆਂ ਨੇ ਜਾਂਚ ਕਰ ਕੇ ਅਸ਼ੀਸ਼ ਕਪੂਰ ਨੂੰ ਕਲੀਨ ਚਿੱਟ ਦੇ ਦਿੱਤੀ ਪਰ ਹੁਣ ਵਿਜੀਲੈਂਸ ਦਾ ਡੀ ਐੱਸ ਪੀ ਰੈਂਕ ਦਾ ਅਧਿਕਾਰੀ ਏ ਡੀ ਜੀ ਪੀ ਰੈਂਕ ਦੇ ਅਧਿਕਾਰੀਆਂ ਦੀ ਜਾਂਚ ਰਿਪੋਰਟ ਨੂੰ ਗਲਤ ਸਾਬਤ ਕਰ ਕੇ ਐੱਫ ਆਈ ਆਰ ਦਰਜ ਕਰ ਰਿਹਾ ਹੈ।