
ਦਿੱਲੀ ਅਦਾਲਤ ਨੇ ਤੀਜੇ ਦਰਜੇ ਦਾ ਤਸ਼ੱਦਦ ਨਾ ਕਰਨ ਦਾ ਦਿੱਤਾ ਹੁਕਮ
ਨਵੀਂ ਦਿੱਲੀ : ਦਿੱਲੀ ਦੀ ਪੁਲਿਸ ਨੂੰ ਅਦਾਲਤ ਨੇ ਮਹਿਰੌਲੀ ਹੱਤਿਆਕਾਂਡ ਦੇ ਦੋਸ਼ੀ ਆਫਤਾਬ ਅਮੀਨ ਪੂਨਾਵਾਲਾ ਦਾ ਪੰਜ ਦਿਨਾਂ ਦੇ ਅੰਦਰ ਨਾਰਕੋ ਵਿਸ਼ਲੇਸ਼ਣ ਟੈਸਟ ਪੂਰਾ ਕਰਨ ਦੇ ਨਿਰਦੇਸ਼ ਦਿੱਤੇ ਹਨ, ਜਦਕਿ ਇਹ ਸਪੱਸ਼ਟ ਕੀਤਾ ਹੈ ਕਿ ਪੁਲਿਸ ਉਸ 'ਤੇ ਕੋਈ ਥਰਡ ਡਿਗਰੀ ਤਸ਼ੱਦਦ ਨਹੀਂ ਵਰਤ ਸਕਦੀ ।
ਮੈਟਰੋਪੋਲੀਟਨ ਮੈਜਿਸਟਰੇਟ ਵਿਜੇਸ਼੍ਰੀ ਰਾਠੌਰ ਨੇ ਫੋਰੈਂਸਿਕ ਸਾਇੰਸ ਲੈਬਾਰਟਰੀ, ਰੋਹਿਣੀ ਨੂੰ ਨਿਰਦੇਸ਼ ਦਿੱਤਾ ਕਿ ਉਹ ਜਾਂਚ ਅਧਿਕਾਰੀ (ਆਈ.ਓ.) ਨੂੰ ਪੰਜ ਦਿਨਾਂ ਦੇ ਅੰਦਰ ਮੁਲਜ਼ਮ ਦਾ ਨਾਰਕੋ ਵਿਸ਼ਲੇਸ਼ਣ ਟੈਸਟ ਕਰਵਾਉਣ ਦੀ ਇਜਾਜ਼ਤ ਦੇਣ। ਕਿਸੇ ਵੀ ਥਰਡ ਡਿਗਰੀ ਤਸ਼ੱਦਦ ਦੀ ਵਰਤੋਂ ਨਾ ਕਰਨ ਦਾ ਜਾਂਚ ਅਧਿਕਾਰੀ ਨੂੰ ਨਿਰਦੇਸ਼ ਦਿੱਤਾ ਗਿਆ ਹੈ। ਜੱਜ ਨੇ ਆਪਣੇ ਹੁਕਮ ਵਿਚ ਕਿਹਾ ਹੈ ਕਿ ਨਿਯਮਾਂ ਅਨੁਸਾਰ ਐਮਐਲਸੀ ਤਿਆਰ ਕੀਤੀ ਜਾਵੇ।
ਜ਼ਿਕਰਯੋਗ ਹੈ ਕਿ ਅਠਾਈ ਸਾਲਾ ਪੂਨਾਵਾਲਾ ਨੇ ਕਥਿਤ ਤੌਰ 'ਤੇ ਆਪਣੀ ਪਾਰਟਨਰ ਸ਼ਰਧਾ ਵਾਕਰ ਦਾ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ ਅਤੇ ਉਸ ਦੇ ਸਰੀਰ ਦੇ 35 ਟੁਕੜੇ ਕਰ ਦਿੱਤੇ, ਜਿਸ ਨੂੰ ਉਸ ਨੇ ਦੱਖਣੀ ਦਿੱਲੀ ਦੇ ਮਹਿਰੌਲੀ ਸਥਿਤ ਆਪਣੀ ਰਿਹਾਇਸ਼ 'ਤੇ ਲਗਭਗ ਤਿੰਨ ਹਫ਼ਤਿਆਂ ਤੱਕ 300 ਲੀਟਰ ਦੇ ਫਰਿੱਜ ਵਿਚ ਰੱਖਿਆ। ਇੰਨਾ ਹੀ ਨਹੀਂ ਪੂਨਵਾਲਾ ਨੇ ਸ਼ਰਧਾ ਦੀ ਦੇਹ ਦੇ ਕੀਤੇ ਟੁਕੜਿਆਂ ਨੂੰ ਜੰਗਲੀ ਇਲਾਕੇ ਵਿਚ ਖਿਲਾਰ ਦਿੱਤਾ ਸੀ।
ਪੁਲਿਸ ਨੇ ਕਿਹਾ ਕਿ ਉਨ੍ਹਾਂ ਨੂੰ ਸ਼ੱਕ ਹੈ ਕਿ ਜੋੜੇ ਵਿਚਕਾਰ ਲੜਾਈ ਹੋਈ ਸੀ। ਕਈ ਮੁੱਦਿਆਂ ਨੂੰ ਲੈ ਕੇ ਉਨ੍ਹਾਂ ਵਿੱਚ ਅਕਸਰ ਬਹਿਸ ਹੁੰਦੀ ਰਹਿੰਦੀ ਸੀ । ਜਿਸ ਦੇ ਨਤੀਜੇ ਵਜੋਂ 18 ਮਈ ਦੀ ਸ਼ਾਮ ਨੂੰ ਪੂਨਾਵਾਲਾ ਨੇ 27 ਸਾਲਾ ਵਾਕਰ ਦੀ ਹੱਤਿਆ ਕਰ ਦਿੱਤੀ ਸੀ।