
ਸੱਤਾ ’ਚੋਂ ਬਾਹਰ ਹੋ ਕੇ ਹੀ ਬਾਦਲਾਂ ਨੂੰ ਪੰਥ, ਪੰਜਾਬ ਤੇ ਕਿਸਾਨ ਦੀ ਯਾਦ ਆਉਂਦੀ ਹੈ : ‘ਆਪ’
ਚੰਡੀਗੜ੍ਹ, 18 ਦਸੰਬਰ (ਸੁਰਜੀਤ ਸਿੰਘ ਸੱਤੀ): ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਦੀ ਪ੍ਰਧਾਨ ਅਤੇ ਬਾਦਲ ਦਲ ਦੀ ਆਗੂ ਬੀਬੀ ਜਗੀਰ ਕੌਰ ਵਲੋਂ ਕਿਸਾਨ ਅੰਦੋਲਨ ਬਾਰੇ ਦਿਤੇ ਬਿਆਨ ਉੱਤੇ ਸਖ਼ਤ ਇਤਰਾਜ਼ ਪ੍ਰਗਟਾਉਂਦਿਆਂ ਕਿਹਾ ਕਿ ਅਜਿਹੀ ਹੋਛੀ ਬਿਆਨਬਾਜ਼ੀ ਕਰਨਾ ਬਾਦਲ ਦਲ ਦੀ ਬੌਖਲਾਹਟ ਦਾ ਨਤੀਜਾ ਹੈ। ਪਾਰਟੀ ਦੇ ਕਿਸਾਨ ਵਿੰਗ ਦੇ ਪ੍ਰਧਾਨ ਅਤੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਅਤੇ ਵਿਧਾਇਕਾ ਬਲਜਿੰਦਰ ਕੌਰ ਨੇ ਕਿਹਾ ਕਿ ਧਰਮ ਦੇ ਨਾਂ ’ਤੇ ਵੋਟਾਂ ਠੱਗਣ ਵਾਲੇ ਬਾਦਲ ਦਲ ਦੀਆਂ ਨਜ਼ਰਾਂ ਹੁਣ ਕਿਸਾਨਾਂ ਉੱਤੇ ਟਿਕੀਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਬਾਦਲ ਦਲ ਕਿਸਾਨ ਅੰਦੋਲਨ ਰਾਹੀਂ ਅਪਣੀ ਖੁੱਸ ਚੁੱਕੀ ਰਾਜਨੀਤਿਕ ਜ਼ਮੀਨ ਨੂੰ ਤਲਾਸ਼ਣ ਦੀ ਕੋਸ਼ਿਸ਼ ਨਾ ਕਰੇ। ਉਨ੍ਹਾਂ ਕਿਹਾ ਕਿ ਕਾਲੇ ਕਾਨੂੰਨ ਬਾਦਲ ਪਰਵਾਰ ਦੀ ਇਕ ਕੁਰਸੀ ਅਤੇ ਸੱਤਾ ਦੀ ਲਾਲਸਾ ਦਾ ਹੀ ਨਤੀਜਾ ਹਨ। ਉਨ੍ਹਾਂ ਕਿਹਾ ਕਿ ਬਾਦਲ ਪਰਵਾਰ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਉਹ ਖੁਰ ਚੁੱਕੀ ਸਿਆਸੀ ਜ਼ਮੀਨ ਹਾਸਲ ਕਰਨ ਲਈ ਸਿੱਖ ਪੰਥ ਦੀ ਸਿਰਮੌਰ ਸੰਸਥਾ ਐਸਜੀਪੀਸੀ ਨੂੰ ਵਰਤਣ ਤੋਂ ਗੁਰੇਜ਼ ਨਹੀਂ ਕਰ ਰਿਹਾ। ਉਨ੍ਹਾਂ ਕਿਹਾ ਕਿ ਬਾਦਲ ਦੇ ਰਾਜ ਦੌਰਾਨ ਵੀ ਹਜ਼ਾਰਾਂ ਕਿਸਾਨ ਖ਼ੁਦਕੁਸ਼ੀਆਂ ਲਈ ਮਜਬੂਰ ਹੋਏ, ਪ੍ਰੰਤੂ ਬਾਦਲਾਂ ਨੇ ਕਿਸੇ ਵੀ ਬਾਂਹ ਨਹੀਂ ਫੜੀ।
ਇਸੇ ਤਰ੍ਹਾਂ ਲੋਕਾਂ ਨੂੰ ਉਨ੍ਹਾਂ ਦਾ ਮਾਫ਼ੀਆ ਰਾਜ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਖੇਤੀ ਕਾਨੂੰਨਾਂ ਨੂੰ ਲੈ ਕੇ ਬਾਦਲ ਪਰਵਾਰ ਦੀ ਗ਼ਦਾਰੀ ਚੰਗੀ ਤਰ੍ਹਾਂ ਯਾਦ ਹੈ ਅਤੇ ਭਵਿੱਖ ’ਚ ਵੀ ਹਮੇਸ਼ਾ ਰਹੇਗੀ।