
ਕਾਰਗਿਲ ਯੁੱਧ ਉਤੇ ਬਿ੍ਰਗੇ. ਉਮੇਸ਼ ਸਿੰਘ ਬਾਵਾ ਨੇ ਲਿਖੀ ਕਿਤਾਬ
ਚੰਡੀਗੜ੍ਹ, 18 ਦਸੰਬਰ (ਸਪੋਕਸਮੈਨ ਸਮਾਚਾਰ ਸੇਵਾ): 1999 ਦੇ ਕਾਰਗਿਲ ਯੁੱਧ ਦੌਰਾਨ 17 ਜਾਟ ਯੂਨਿਟ ਬਿ੍ਰਗੇਡੀਅਰ ਉਮੇਸ ਸਿੰਘ ਬਾਵਾ ਦੀ ਕਮਾਂਡ ਅਧੀਨ ਸੀ ਅਤੇ ਉਨ੍ਹਾਂ ਦੀ ਯੂਨਿਟ ਨੇ ਮਸਕੋਹ ਘਾਟੀ ਵਿਚ 4875 ਪੁਆਇੰਟ ਦੇ ਹਿੱਸੇ ਪਿੰਪਲ ਕੰਪਲੈਕਸ ਉਤੇ ਕਬਜ਼ੇ ਦੌਰਾਨ ਅਹਿਮ ਭੂਮਿਕਾ ਨਿਭਾਈ ਸੀ। ਬਿ੍ਰਗੇਡੀਅਰ ਬਾਵਾ ਨੇ ਅਪਣੀ ਸੇਵਾਮੁਕਤੀ ਤੋਂ ਬਾਅਦ, ਇਕ ਕਿਤਾਬ “ਮਸਕੋਹ: ਕਾਰਗਿਲ ਐਜ਼ ਆਈ ਸਾਅ ਇਟ’’ ਲਿਖੀ।
ਇਸ ਵਾਰ ਵਰਚੁਅਲ ਤੌਰ ਉਤੇ ਕਰਵਾਏ ਜਾ ਰਹੇ ਮਿਲਟਰੀ ਲਿਟਰੇਚਰ ਫ਼ੈਸਟੀਵਲ ਦੇ ਚੌਥੇ ਭਾਗ ਦੇ ਉਦਘਾਟਨੀ ਦਿਨ ਕਿਤਾਬ “ਮਸਕੋਹ: ਕਾਰਗਿਲ ਐਜ਼ ਆਈ ਸਾਅ ਇਟ’’ ਉੱਤੇ ਵਿਚਾਰ-ਵਟਾਂਦਰਾ ਕਰਵਾਇਆ ਗਿਆ। ਇਸ ਵਿਚਾਰ ਵਟਾਂਦਰੇ ਦਾ ਸੰਚਾਲਨ ਐਚ.ਟੀ. ਦੇ ਰੈਜੀਡੈਂਟ ਐਡੀਟਰ ਰਮੇਸ ਵਿਨਾਇਕ ਵਲੋਂ ਕੀਤਾ ਗਿਆ ਅਤੇ ਹੋਰ ਭਾਗੀਦਾਰਾਂ ਵਿਚ ਮੇਜਰ ਜਨਰਲ ਅਮਰਜੀਤ ਸਿੰਘ ਅਤੇ ਇੰਡੀਅਨ ਐਕਸਪ੍ਰੈੱਸ ਦੇ ਰੈਜੀਡੈਂਟ ਐਡੀਟਰ ਮਨਰਾਜ ਗਰੇਵਾਲ ਸ਼ਰਮਾ ਸ਼ਾਮਲ ਸਨ। ਬਿ੍ਰਗੇ. ਉਮੇਸ ਸਿੰਘ ਬਾਵਾ ਵਲੋਂ ਲਿਖੀ ਇਹ ਪੁਸਤਕ ‘ਮਸਕੋਹ ਵਾਰੀਅਰਜ’ ਦੀਆਂ ਜੰਗੀ ਕਹਾਣੀਆਂ ਦਾ ਪ੍ਰਮਾਣਿਤ ਬਿਰਤਾਂਤ ਹੈ, ਜਿਨ੍ਹਾਂ ਨੇ ਕਾਰਗਿਲ ਯੁੱਧ ਦੌਰਾਨ 17 ਜਾਟ ਯੂਨਿਟ ਦੀ ਕਮਾਂਡ ਕੀਤੀ ਅਤੇ ਜਿਨ੍ਹਾਂ ਨੂੰ 1999 ਵਿਚ ਮਸਕੋਹ ਘਾਟੀ ਵਿਚ ਅਪਣੀ ਬਹਾਦਰੀ ਲਈ ਵੀਰ ਚੱਕਰ ਨਾਲ ਸਨਮਾਨਤ ਕੀਤਾ ਗਿਆ। ਰਮੇਸ ਵਿਨਾਇਕ ਨੇ ਦਸਿਆ ਕਿ ਕਾਰਗਿਲ ਜੰਗ ਦੌਰਾਨ, ਉਨ੍ਹਾਂ ਨੇ ਇਸ ਖੇਤਰ ਦਾ ਦੌਰਾ ਕੀਤਾ ਸੀ ਅਤੇ ਉਸ ਸਮੇਂ ਇੰਡੀਆ ਟੂਡੇ ਲਈ ਰਿਪੋਰਟ ਕੀਤੀ ਸੀ। ਉਨ੍ਹਾਂ ਦਸਿਆ ਕਿ ਇਹ ਕਿਤਾਬ ਇਸ ਢੰਗ ਨਾਲ ਲਿਖੀ ਗਈ ਹੈ ਕਿ ਜੇਕਰ ਕੋਈ ਇਸ ਨੂੰ ਪੜ੍ਹਨਾ ਸ਼ੁਰੂ ਕਰਦਾ ਹੈ, ਤਾਂ ਇਸ ਨੂੰ ਖ਼ਤਮ ਕਰਨ ਤੋਂ ਪਹਿਲਾਂ ਕੋਈ ਨਹੀਂ ਰੁੱਕ ਸਕਦਾ। ਬਿ੍ਰਗੇ. ਬਾਵਾ ਨੇ ਦਸਿਆ ਕਿ ਇਸ ਪੁਸਤਕ ਨੂੰ ਲਿਖਣ ਦਾ ਮੁੱਖ ਉਦੇਸ਼ ਆਉਣ ਵਾਲੀਆਂ ਪੀੜ੍ਹੀਆਂ ਲਈ ਯੁੱਧ ਦੇ ਤਜ਼ਰਬੇ ਸਾਂਝੇ ਕਰਨਾ ਹੈ ਤਾਂ ਕਿ ਜਦੋਂ ਨਵੀਂਆਂ ਲੜਾਈਆਂ ਸ਼ੁਰੂ ਅਤੇ ਖ਼ਤਮ ਹੋਣਗੀਆਂ, ਅਜਿਹੇ ਮਹੱਤਵਪੂਰਣ ਸਬਕ “ਖ਼ੂਨ ਨਾਲ ਮੁੜ ਲਿਖਣੇ-ਸਿਖਣੇ” ਨਹੀਂ ਪੈਣਗੇ। ਉਨ੍ਹਾਂ ਕਿਹਾ ਕਿ ਇਹ ਕਿਤਾਬ ਦਰਸਾਏਗੀ ਕਿ ਕਾਰਗਿਲ ਯੁੱਧ ਦੌਰਾਨ ਅਸੀ ਜੋ ਗ਼ਲਤੀਆਂ ਕੀਤੀਆਂ ਸਨ, ਉਸ ਨੂੰ ਦੁਹਰਾਇਆ ਨਹੀਂ ਜਾਣਾ ਚਾਹੀਦਾ।
ਅਤੇ ਇਹ ਕਿਤਾਬ ਦੁਨੀਆਂ ਨੂੰ 17 ਜਾਟ ਦੇ ਸੈਨਿਕਾਂ ਦੀਆਂ ਕੁਰਬਾਨੀਆਂ ਅਤੇ ਬਹਾਦਰੀ ਬਾਰੇ ਦਸਣ ਦਾ ਇਕ ਜ਼ਰੀਆ ਹੈ।