
ਸਿਹਤ ਮੰਤਰੀ ਵਲੋਂ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ ਅਧੀਨ ਸਿਹਤ ਸਬੰਧੀ ਬੁਨਿਆਦੀ ਢਾਂਚੇ ਦੇ ਯੋਗਦਾਨ ਲਈ ਫੁਜੀਫਿਲਮ ਦੀ ਸ਼ਲਾਘਾ
ਚੰਡੀਗੜ : ਸੂਬੇ ਨੂੰ ਸਿਹਤ ਸਬੰਧੀ ਮਜ਼ਬੂਤ ਬੁਨਿਆਦੀ ਢਾਂਚਾ ਮੁਹੱਈਆ ਕਰਵਾਉਣ ਦੇ ਮੱਦੇਨਜ਼ਰ, ਪੰਜਾਬ ਦੇ ਸਿਹਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਦੇ ਯਤਨਾਂ ਨੂੰ ਹੱਲਾਸ਼ੇਰੀ ਦਿੰਦੇ ਹੋਏ ਫੁਜੀਫਿਲਮ ਇੰਡੀਆ ਗੁਰੂਗਰਾਮ ਵਲੋਂ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਨੂੰ ਚਾਰ ਆਧੁਨਿਕ ਜਪਾਨੀ ਐਕਸ-ਰੇ ਮਸ਼ੀਨਾਂ ਦਾਨ ਕੀਤੀਆਂ ਗਈਆਂ।
Balbir Sidhu
ਸਿਹਤ ਮੰਤਰੀ ਨੇ ਕਿਹਾ ਕਿ ਫੁਜੀਫਿਲਮ ਇੰਡੀਆ ਨੇ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ (ਸੀਐਸਆਰ) ਪਹਿਲਕਦਮੀ ਤਹਿਤ ਇਹ ਮਸ਼ੀਨਾਂ ਦਾਨ ਕੀਤੀਆਂ ਹਨ, ਜੋ ਕਿ ਪੰਜਾਬ ਦੇ ਲੋਕਾਂ ਨੂੰ ਬਿਹਤਰ ਸਿਹਤ ਸੰਭਾਲ ਸੇਵਾਵਾਂ ਮੁਹੱਈਆ ਕਰਵਾਉਣ ਲਈ ਸਿਹਤ ਦੇ ਬੁਨਿਆਦੀ ਢਾਂਚੇ ਨੂੰ ਹੋਰ ਆਧੁਨਿਕ ਅਤੇ ਮਜ਼ਬੂਤ ਕਰਨ ਵਿੱਚ ਸਹਾਇਕ ਸਿੱਧ ਹੋਣਗੀਆਂ। ਜ਼ਿਕਰਯੋਗ ਹੈ ਕਿ ਹਰੇਕ ਮਸ਼ੀਨ ਦੀ ਕੀਮਤ 30 ਲੱਖ ਰੁਪਏ ਹੈ ਜਿਸ ਨਾਲ ਇਹਨਾਂ ਮਸ਼ੀਨਾਂ ਦੀ ਕੁੱਲ ਕੀਮਤ 1.2 ਕਰੋੜ ਰੁਪਏ ਬਣਦੀ ਹੈ।
Fujifilm India donates modern digital X-Ray machines to Punjab health dept
ਸਿਹਤ ਬੁਨਿਆਦੀ ਢਾਂਚੇ ਵਿਚ ਪਾਏ ਯੋਗਦਾਨ ਲਈ ਫੁਜੀਫਿਲਮ ਇੰਡੀਆ ਦੀ ਸ਼ਲਾਘਾ ਕਰਦਿਆਂ ਸ. ਸਿੱਧੂ ਨੇ ਕਿਹਾ ਕਿ ਇਹ ਮਸੀਨਾਂ ਜਲੰਧਰ, ਪਠਾਨਕੋਟ, ਲੁਧਿਆਣਾ ਦੇ ਸਰਕਾਰੀ ਹਸਪਤਾਲਾਂ ਅਤੇ ਮੈਡੀਕਲ ਕਾਲਜ, ਅੰਮਿ੍ਰਤਸਰ ਵਿਚ ਲਗਾਈਆਂ ਜਾਣਗੀਆਂ ਜਿਥੇ ਸੂਬੇ ਦੇ ਲੋਕ ਨਾਮਾਤਰ ਖਰਚਿਆਂ ਨਾਲ ਇਨਾਂ ਅਤਿ-ਆਧੁਨਿਕ ਮਸ਼ੀਨਾਂ ਦੀਆਂ ਸੇਵਾਵਾਂ ਹਾਸਲ ਕਰ ਸਕਣਗੇ।
ਫੁਜੀਫਿਲਮ ਇੰਡੀਆ ਦੇ ਜੋਨਲ ਸੇਲਜ ਮੈਨੇਜਰ ਵਿਨੈ ਚਮੋਲੀ ਨੇ ਕਿਹਾ ਕਿ ਕੰਪਨੀ ਭਵਿੱਖ ਵਿੱਚ ਵੀ ਅਜਿਹੀਆਂ ਪਹਿਲਕਦਮੀਆਂ ਜਾਰੀ ਰੱਖੇਗੀ। ਇਸ ਮੌਕੇ ਸਿਹਤ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਹੁਸਨ ਲਾਲ, ਐਮਡੀ ਪੀਐਚਐਸਸੀ ਮਿਸ ਤਨੂ ਕਸਯਪ, ਡਾਇਰੈਕਟਰ (ਖਰੀਦ) ਪੀਐਚਐਸਸੀ ਡਾ. ਰਾਜੇਸ ਸ਼ਰਮਾ ਅਤੇ ਬਾਇਓਮੈਡੀਕਲ ਇੰਜੀਨੀਅਰ ਪੀਐਚਐਸਸੀ ਸ੍ਰੀ ਮਨੋਜ ਮੋਦੀ ਵੀ ਹਾਜ਼ਰ ਸਨ।