
ਪੰਜਾਬੀ ਗਾਇਕ ਸੱਤਾ ਵੈਰੋਵਾਲੀਆ ਨਵੇਂ ਗੀਤ ‘ਠੋਕਵਾਂ ਸਲਾਮ’ ਰਾਹÄ ਕਿਸਾਨੀ ਸੰਘਰਸ਼ ਨੂੰ ਸਿਜਦਾ ਕਰੇਗਾ
ਆਕਲੈਂਡ, 18 ਦਸੰਬਰ, (ਹਰਜਿੰਦਰ ਸਿੰਘ ਬਸਿਆਲਾ): ਨਿਊਜ਼ੀਲੈਂਡ ਵਸਦਾ ਪ੍ਰਸਿੱਧ ਪੰਜਾਬੀ ਗੀਤਾਂ ਦਾ ਰਚਨਹਾਰਾ ਅਤੇ ਐਵਾਰਡ ਜੇਤੂ ਰਿਹਾ ਅਤੇ ਨਾਲ ਹੀ ਗਾਇਕੀ ਦਾ ਸ਼ੌਕ ਪਾਲ ਰਿਹਾ ਨੌਜਵਾਨ ਸੱਤਾ ਵੈਰੋਵਾਲੀਆ ਭਾਰਤੀਆਂ ਖਾਸ ਕਰ ਪੰਜਾਬੀਆਂ ਦੇ ਕਿਸਾਨੀ ਸੰਘਰਸ਼ ਤੋਂ ਬਹੁਤ ਪ੍ਰਭਾਵਤ ਹੈ। ਉਸਦੀ ਕਲਮ ਹੁਣ ਤਕ ਕਈ ਕੁੱਝ ਲਿਖ ਕੇ ਅਤੇ ਗਾ ਕੇ ਇਥੇ ਆਪਣਾ ਅਸਰਦਾਰ ਸੁਨੇਹਾ ਛੱਡ ਚੁੱਕੀ ਹੈ ਅਤੇ ਹੁਣ ਇਕ ਵਾਰ ਫਿਰ ਉਸਨੇ ਕਿਸਾਨੀ ਸੰਘਰਸ਼ ਨੂੰ ਸਿਜਦਾ ਕਰਦਾ ਇਕ ਗੀਤ ‘ਠੋਕਵਾਂ ਸਲਾਮ’ ਲਿਖਿਆ ਹੈ ਜਿਸ ਨੂੰ ਵੈਰੋਵਾਲ ਪ੍ਰੋਡਕਸ਼ਨ ਐਂਡ ਆਈ. ਜੀ. ਫਿਲਮਜ਼ ਵਲੋਂ ਅੱਜ-ਕੱਲ ਦੇ ਵਿਚ ਰਿਲੀਜ਼ ਕੀਤਾ ਜਾ ਰਿਹਾ ਹੈ। ਇਸ ਗੀਤ ਦਾ ਰੰਗਦਾਰ ਪੋਸਟਰ ਜੋ ਕਿ ਕਿਸਾਨੀ ਸਕੈਚਾਂ ਨਾਲ ਬਣਾਇਆ ਹੈ, ਨੂੰ ਬੀਤੀ ਸ਼ਾਮ ਰੇਡੀਓ ਸਪਾਈਸ ਅਤੇ ਕੀਵੀ. ਸਟੂਡੀਓ ਦੇ ਪਾਪਾਟੋਏਟੋਏ ਸਥਿਤ ਸਟੂਡੀਉ ਵਿਖੇ ਰਿਲੀਜ ਕੀਤਾ ਗਿਆ ਅਤੇ ਗੀਤ ਦੇ ਕੁੱਝ ਅੰਸ਼ ਵੀ ਸੁਣਾਏ ਗਏ। ਇਸ ਗੀਤ ਨੂੰ ਸੰਗੀਤਬੱਧ ਕੀਤਾ ਹੈ ਨਿਊਜ਼ੀਲੈਂਡ ਵਸਦੇ ਨੌਜਵਾਨ ਗੁਰਨੀਤ ਰਹਿਸੀ ਨੇ। ਗੀਤ ਦੀ ਵੀਡੀਉਗ੍ਰਾਫੀ ਦੇ ਵਿਚ ਫੋਟੋਗ੍ਰਾਫਰ ਇੰਦਰ ਜੜੀਆ ਨੇ ਪੂਰੇ ਕਿਸਾਨੀ ਸੰਘਰਸ਼ ਦੀਆਂ ਤਸਵੀਰਾਂ ਨੂੰ ਕੜੀਆਂ ਵਿਚ ਬੜੇ ਤਰੀਕੇ ਨਾਲ ਜੋੜਿਆ ਹੈ। ਗੀਤ ਦੇ ਬੋਲ ਜਿਥੇ ਅਪਣੇ ਹੱਕਾਂ ਦੀ ਗੱਲ ਕਰਦੇ ਹਨ ਉਥੇ ਕਿਸਾਨੀ ਸੰਘਰਸ਼ ਨੂੰ ਵੀ ਅਪਣਾ ਜ਼ਜਬੇ ਭਰਿਆ ‘ਠੋਕਵਾਂ ਸਲਾਮ’ ਕਰਦੇ ਹਨ। ਜੋ ਕਿ ਇਸ ਸੰਘਰਸ਼ ਨੂੰ ਠਾਹ ਲਾਉਣ ਵਾਲਿਆਂ ਲਈ ਠੋਕਵਾਂ ਜਵਾਬ ਵੀ ਹਨ। ਇਸ ਗੀਤ ਨੂੰ ਦਿਨਾਂ ਵਿਚ ਹੀ ਤਿਆਰ ਕੀਤਾ ਹੈ। ਇਸ ਨੂੰ ਵੈਰੋਵਾਲ ਪ੍ਰੋਡਕਸ਼ਨ ਯੂ.ਟਿਊਬ ਚੈਨਲ ਉਤੇ ਜਾਰੀ ਕੀਤਾ ਜਾਵੇਗਾ।