ਨਾਬਾਲਗ਼ ਕੁੜੀ ਨੇ ਪ੍ਰੇਮੀ ਨੂੰ ਘਰ ਬੁਲਾ ਕਰਵਾਇਆ ਮਾਤਾ-ਪਿਤਾ ਦਾ ਕਤਲ
ਮੁਲਜ਼ਮ ਨਾਲ ਅਪਣੀ ਨਾਬਾਲਗ਼ ਧੀ ਦੇ ਪਿਛਲੇ 2 ਸਾਲਾਂ ਤੋਂ ਜਾਰੀ ਪ੍ਰੇਮ ਸਬੰਧਾਂ ਦੇ ਵਿਰੁਧ ਸੀ ਸ਼ਰਮਾ ਪਰਵਾਰ
ਇੰਦੌਰ, 18 ਦਸੰਬਰ : ਮੱਧ ਪ੍ਰਦੇਸ਼ ਪੁਲਿਸ ਨੇ ਸ਼ੁਕਰਵਾਰ ਨੂੰ ਵਿਸ਼ੇਸ਼ ਹਥਿਆਰਬੰਦ ਫੋਰਸ (ਐੱਸ.ਏ.ਐੱਫ.) ’ਚ ਤਾਇਨਾਤ ਗਾਰਡ ਅਤੇ ਉਸ ਦੀ ਪਤਨੀ ਦੇ ਕਤਲ ਦੇ ਦੋਸ਼ ’ਚ ਜੋੜੇ ਦੀ ਨਾਬਾਲਗ਼ ਧੀ ਅਤੇ ਉਸ ਦੇ 20 ਸਾਲਾ ਪ੍ਰੇਮੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਡਿਪਟੀ ਇੰਸਪੈਕਟਰ ਜਨਰਲ ਹਰਿਨਾਰਾਣਾਚਾਰੀ ਮਿਸ਼ਰਾ ਨੇ ਦਸਿਆ ਕਿ ਐੱਸ.ਏ.ਐੱਫ. ਗਾਰਡ ਜੋਤੀਪ੍ਰਸਾਦ ਸ਼ਰਮਾ (45) ਅਤੇ ਉਨ੍ਹਾਂ ਦੀ ਪਤਨੀ ਨੀਲਮ ਸ਼ਰਮਾ (43) ਦਾ ਵੀਰਵਾਰ ਤੜਕੇ ਉਦੋਂ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਕਤਲ ਕਰ ਦਿਤਾ, ਜਦੋਂ ਉਹ ਡੂੰਘੀ ਨੀਂਦ ’ਚ ਸਨ। ਉਨ੍ਹਾਂ ਨੇ ਦਸਿਆ ਕਿ ਦੋਹਰੇ ਕਤਲ ਕਾਂਡ ਨੂੰ ਅੰਜਾਮ ਦੇਣ ਦੇ ਦੋਸ਼ ’ਚ ਇੰਦੌਰ ਤੋਂ ਕਰੀਬ 225 ਕਿਲੋਮੀਟਰ ਦੂਰ ਮੰਦਸੌਰ ਤੋਂ ਸ਼ਰਮਾ ਜੋੜੇ ਦੀ 17 ਸਾਲਾ ਧੀ ਅਤੇ ਉਸ ਦੇ ਪ੍ਰੇਮੀ ਧਨੰਜਯ ਯਾਦਵ ਉਰਫ਼ ਡੀਜੇ (20) ਨੂੰ ਗਿ੍ਰਫ਼ਤਾਰ ਕੀਤਾ ਹੈ। ਦੋਵੇਂ ਵਾਰਦਾਤ ਨੂੰ ਅੰਜਾਮ ਦੇ ਕੇ ਰਾਜਸਥਾਨ ’ਚ ਪਨਾਹ ਲੈਣ ਦੀ ਫਿਰਾਕ ’ਚ ਸਨ। ਮਿਸ਼ਰਾ ਨੇ ਦਸਿਆ ਕਿ ਸ਼ਰਮਾ ਜੋੜਾ, ਯਾਦਵ ਨਾਲ ਅਪਣੀ ਨਾਬਾਲਗ਼ ਧੀ ਦੇ ਪਿਛਲੇ 2 ਸਾਲਾਂ ਤੋਂ ਜਾਰੀ ਪ੍ਰੇਮ ਸਬੰਧਾਂ ਦੇ ਵਿਰੁਧ ਸਨ। ਇਸ ਕਾਰਨ ਕੁੜੀ ਨੇ ਅਪਣੇ ਪ੍ਰੇਮੀ ਨਾਲ ਮਿਲ ਕੇ ਉਨ੍ਹਾਂ ਨੂੰ ਰਸਤੇ ਤੋਂ ਹਟਾਉਣ ਲੱਗੀ। ਉਨ੍ਹਾਂ ਨੇ ਦਸਿਆ ਕਿ ਕੁੜੀ ਨੇ ਸਾਜ਼ਸ਼ ਦੇ ਅਧੀਨ ਵੀਰਵਾਰ ਚਾਰ ਵਜੇ ਦੇ ਨੇੜੇ-ਤੇੜੇ ਅਪਣੇ ਘਰ ਦਾ ਦਰਵਾਜ਼ਾ ਖੋਲ੍ਹ ਕੇ ਯਾਦਵ ਨੂੰ ਅੰਦਰ ਵਾੜਿਆ। ਉਨ੍ਹਾਂ ਨੇ ਦਸਿਆ ਕਿ ਇਸ ਤੋਂ ਪਹਿਲਾਂ ਉਹ ਘਰ ਦੇ ਬਾਹਰ ਲੱਗੇ ਸੀਸੀਟੀਵੀ ਕੈਮਰੇ ਬੰਦ ਕਰ ਚੁਕੀ ਸੀ।
ਡੀ.ਆਈ.ਜੀ. ਨੇ ਦਸਿਆ ਕਿ ਕੁੜੀ ਦੀ ਮਦਦ ਨਾਲ ਉਸ ਦੇ ਪ੍ਰੇਮੀ ਨੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਕੇ ਸ਼ਰਮਾ ਜੋੜੇ ਨੂੰ ਜਾਨੋਂ ਮਾਰ ਦਿਤਾ ਅਤੇ ਡੂੰਘੀ ਨੀਂਦ ’ਚ ਡੁੱਬੇ ਹੋਣ ਕਾਰਨ ਉਹ ਅਪਣਾ ਬਚਾਅ ਨਹੀਂ ਕਰ ਸਕੇ। ਪੁੱਛਗਿਛ ਦੌਰਾਨ ਦੋਹਾਂ ਦੋਸ਼ੀਆਂ ਨੇ ਕਿਹਾ ਕਿ ਉਨ੍ਹਾਂ ਨੇ ਦੋਹਰੇੇ ਕਤਲ ਨੂੰ ਇਸ ਲਈ ਅੰਜਾਮ ਦਿਤਾ, ਕਿਉਂਕਿ ਉਨ੍ਹਾਂ ਨੂੰ ਲੱਗ ਰਿਹਾ ਸੀ ਕਿ ਜੇਕਰ ਉਹ ਸ਼ਰਮਾ ਨੂੰ ਰਸਤੇ ਤੋਂ ਹਟਾਏ ਬਿਨਾਂ ਘਰੋਂ ਦੌੜਦੇ ਹਨ ਤਾਂ ਐੱਸ.ਏ.ਐੱਫ. ’ਚ ਉਨ੍ਹਾਂ ਦੀ ਤਾਇਨਾਤੀ ਦੇ ਪ੍ਰਭਾਵ ਕਾਰਨ ਪੁਲਿਸ ਉਨ੍ਹਾਂ ਨੂੰ ਜਲਦ ਲੱਭ ਲਵੇਗੀ ਅਤੇ ਉਨ੍ਹਾਂ ਦਾ ਵਿਆਹ ਦਾ ਸੁਪਨਾ ਕਦੇ ਪੂਰਾ ਨਹੀਂ ਹੋ ਸਕੇਗਾ।
ਉਨ੍ਹਾਂ ਨੇ ਕਿਹਾ ਕਿ ਨਾਬਾਲਗ਼ ਕੁੜੀ ਅਤੇ ਉਸ ਦਾ ਪ੍ਰੇਮੀ ਚਾਹੁੰਦੇ ਸਨ ਕਿ ਉਹ ਜ਼ਿੰਦਗੀ ਭਰ ਆਜ਼ਾਦ ਪਰਿੰਦਿਆਂ ਦੀ ਤਰ੍ਹਾਂ ਰਹਿਣ ਅਤੇ ਉਨ੍ਹਾਂ ਰੋਕਣ-ਟੋਕਣ ਵਾਲਾ ਕੋਈ ਵੀ ਨਾ ਹੋਵੇ। (ਪੀਟੀਆਈ)
ਡੀ.ਆਈ.ਜੀ. ਅਨੁਸਾਰ ਪੁਲਿਸ ਦੀ ਹੁਣ ਤਕ ਦੀ ਪੁੱਛਗਿਛ ਦੌਰਾਨ ਨਾਬਾਲਗ਼ ਕੁੜੀ ਨੂੰ ਅਪਣੇ ਕੀਤੇ ’ਤੇ ਕੋਈ ਪਛਤਾਵਾ ਨਹੀਂ ਹੈ। ਮਾਮਲੇ ਦੀ ਜਾਂਚ ਜਾਰੀ ਹੈ। (ਏਜੰਸੀ)