
ਅਮਰੀਕਾ ’ਚ ਕੋਰੋਨਾ ਖ਼ਿਲਾਫ਼ ਟੀਕਾਕਰਨ ਸ਼ੁਰੂ, ਰਾਸ਼ਟਰਪਤੀ ਟਰੰਪ ਨੇ ਬਣਾਈ ਦੂਰੀ
ਉਪ ਰਾਸ਼ਟਰਪਤੀ ਮਾਈਕ ਪੇਸ ਤੇ ਉਨ੍ਹਾਂ ਦੀ ਪਤਨੀ ਨੂੰ ਲਗਾਇਆ ਕੋਵਿਡ-19 ਦਾ ਟੀਕਾ
ਵਾਸ਼ਿੰਗਟਨ, 18 ਦਸੰਬਰ : ਅਮਰੀਕਾ ’ਚ ਟਰੰਪ ਪ੍ਰਸ਼ਾਸਨ ਨੇ ਕੋਰੋਨਾ ਵਾਇਰਸ ਖ਼ਿਲਾਫ਼ ਟੀਕਾਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿਤੀ ਹੈ ਜਦਕਿ ਇਹ ਪ੍ਰਕਿਰਿਆ ਇੰਨੀ ਜਲਦੀ ਸ਼ੁਰੂ ਹੋਣ ਦੀ ਉਮੀਦ ਉਨ੍ਹਾਂ ਦੇ ਪ੍ਰਸ਼ਾਸਨ ਦੇ ਕੁੱਝ ਅਧਿਕਾਰੀਆਂ ਨੂੰ ਵੀ ਨਹੀਂ ਸੀ। ਹਾਲਾਂਕਿ, ਇਸ ਪ੍ਰਕਿਰਿਆ ਨਾਲੋਂ ਰਾਸ਼ਟਰਪਤੀ ਡੋਨਾਲਡ ਟਰੰਪ ਵੱਖ ਨਜਰ ਆ ਰਹੇ ਹਨ ਜਦਕਿ ਉਨ੍ਹਾਂ ਦੇ ਸਹਿਯੋਗੀਆਂ ਨੂੰ ਉਮੀਦ ਹੈ ਕਿ ਇਹ ਉਨ੍ਹਾਂ ਦੀ ਵਿਰਾਸਤ ਦੇ ਇਕ ਅਹਿਮ ਹਿੱਸੇ ਦੇ ਤੌਰ ’ਤੇ ਪੇਸ਼ ਕੀਤਾ ਜਾ ਸਕਦਾ ਹੈ।
ਟਰੰਪ ਨੇ ਤੁਰਤ ਟੀਕਾ ਵਿਕਸਿਤ ਕਰਨ ਅਤੇ ਵੰਡਣ ਲਈ ਸਰਕਾਰੀ ਮੁਹਿੰਮ ‘ਆਪ੍ਰੇਸ਼ਨ ਵਾਰਪ ਸਪੀਡ ਦੀ ਸ਼ੁਰੂਆਤ ਇਸ ਬਸੰਤ ਰੁੱਤ ਵਿਚ ਵ੍ਹਾਈਟ ਹਾਊਸ ਦੇ ਪ੍ਰਸਿੱਧ ਰੋਜ਼ ਗਾਰਡਨ ਵਿਚ ਅਪਣੇ ਸਮਰਥਕਾਂ ਦੀ ਭਾਰੀ ਭੀੜ ਵਿਚਕਾਰ ਕੀਤੀ ਸੀ। ਅੱਜ ਅਮਰੀਕਾ ਦੇ ਇਤਿਹਾਸ ਦੇ ਸੱਭ ਤੋਂ ਵੱਡੇ ਟੀਕਾਕਰਨ ਮੁਹਿੰਮ ਦੇ 5 ਦਿਨ ਬੀਤ ਚੁੱਕੇ ਹਨ ਪਰ ਟਰੰਪ ਕਿਸੇ ਵੀ ਜਨਤਕ ਪ੍ਰੋਗਰਾਮ ਵਿਚ ਦਿਖਾਈ ਨਹੀਂ ਦਿਤੇ। ਉਨ੍ਹਾਂ ਖੁਦ ਨੂੰ ਟੀਕਾ ਨਹੀਂ ਲਗਵਾਇਆ, ਹਾਲਾਂਕਿ ਇਸ ਵਿਚਕਾਰ ਉਨ੍ਹਾਂ ਨੇ ਸਿਰਫ਼ ਦੋ ਵਾਰ ਟਵੀਟ ਕੀਤਾ। ਇਸ ਦੌਰਾਨ ਉਪ ਰਾਸ਼ਟਰਪਤੀ ਮਾਈਕ ਪੇਸ ਮੁੱਖ ਭੂਮਿਕਾ ਵਿਚ ਦਿਖਾਈ ਦੇ ਰਹੇ ਹਨ। ਉਨ੍ਹਾਂ ਨੇ ਇਸ ਹਫ਼ਤੇ ਟੀਕਾ ਉਤਪਾਦਨ ਪਲਾਂਟ ਦਾ ਦੌਰਾਨ ਕੀਤਾ। ਸ਼ੁਕਰਵਾਰ ਸਵੇਰੇ ਟੀਵੀ ਚੈਨਲਾਂ ਦੇ ਸਿੱਧੇ ਪ੍ਰਸਾਰਣ ਦੌਰਾਨ ਕੈਮਰੇ ਦੇ ਸਾਹਮਣੇ ਅਮਰੀਕਾ ਦੇ ਉਪ ਰਾਸ਼ਟਰਪਤੀ ਮਾਈਕ ਪੇਸ ਅਤੇ ਉਨ੍ਹਾਂ ਦੀ ਪਤਨੀ ਨੇ ਕੇਰਨ ਨੂੰ ਕੋਵਿਡ 19 ਦਾ ਟੀਕਾ ਲਗਾਇਆ ਗਿਆ। ਪ੍ਰਤੀਨਿਧ ਸਭਾ ਦੀ ਸਪੀਕਰ ਨੈਂਸੀ ਪੇਲੋਸੀ ਅਤੇ ਸੈਨੇਟ ’ਚ ਬਹੁਮਤ ਪਾਰਟੀ ਦੇ ਨੇਤਾ ਮਿਚ ਮੈਕੋਨੇਲ ਨੇ ਵੀਰਵਾਰ ਨੂੰ ਕਿਹਾ ਕਿ ਉਹ ਅਗਲੇ ਕੁੱਝ ਦਿਨਾਂ ’ਚ ਕੋਵਿਡ 19 ਦਾ ਟੀਕਾ ਲੈਣਗੇ।
ਟਰੰਪ ਤਿੰਨ ਨੰਵਬਰ ਦੇ ਰਾਸ਼ਟਰਪਤੀ ਚੋਣ ’ਚ ਹਾਰ ਦੇ ਬਾਅਦ ਤੋਂ ਹੀ ਚੁੱਪ ਹਨ ਅਤੇ ਲੋਕਾਂ ਦੀ ਇੱਛਾਵਾਂ ਉਲਟਣ ਦੀ ਕੋਸ਼ਿਸ਼ਾਂ ਕਰ ਰਹੇ ਹਨ। ਉਨ੍ਹਾਂ ਨੇ ਟੀਕਾਕਰਨ ਦਾ ਜਨਤਕ ਚੇਹਰਾ ਬਣਨ ਦੀ ਯੋਜਨਾ ਅਸਵੀਕਾਰ ਕਰ ਦਿਤੀ। ਟਰੰਪ ਨਾਲ ਹੋਣ ਵਾਲੀ ਗੱਲਬਾਤ ਦੀ ਜਾਣਕਾਰੀ ਰਖਣੇ ਵਾਲਿਆਂ ਨੇ ਦਸਿਆ ਕਿ ਰਾਸ਼ਟਰਪਤੀ ਨੇ ਲੋਕਾਂ ਦਾ ਭਰੋਸਾ ਵਧਾਉਣ ਲਈ ਟੀਕਾ ਵਿਕਸਿਤ ਕਰਨ ਵਾਲੀ ਲੈਬਾਂ ਅਤੇ ਉਤਪਾਦਨ ਕੇਂਦਰ ਜਾ ਕੇ ਉਥੇ ਕੰਮ ਕਰ ਰਹੇ ਕਰਮਚਾਰੀਆਂ ਨੂੰ ਧਨਵਾਦ ਦੇਣ ਦੇ ਪ੍ਰਸਤਾਵ ਵੀ ਅਸਵੀਕਾਰ ਕਰ ਦਿਤੇ। (ਪੀਟੀਆਈ)