
ਬ੍ਰਿਟੇਨ ਵਾਂਗ ਭਾਰਤ ’ਚ ਵੀ ਫੈਲਿਆ ਓਮੀਕਰੋਨ ਤਾਂ ਰੋਜ਼ਾਨਾ ਆਉਣਗੇ 14 ਲੱਖ ਮਾਮਲੇ
ਨਵੀਂ ਦਿੱਲੀ, 18 ਦਸੰਬਰ : ਕੋਰੋਨਾ ਵਾਇਰਸ ਦੇ ਨਵੇਂ ਰੂਪ ਓਮੀਕਰੋਨ ਦਾ ਖ਼ਤਰਾ ਪੂਰੀ ਦੁਨੀਆ ’ਚ ਬਣਿਆ ਹੋਇਆ ਹੈ। ਭਾਰਤ ’ਚ ਵੀ ਓਮੀਕਰੋਨ ਵਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਨੀਤੀ ਆਯੋਗ ਦੇ ਮੈਂਬਰ ਡਾ.ਵੀ.ਕੇ ਪਾਲ ਨੇ ਚਿੰਤਾ ਜਾਹਰ ਕੀਤੀ ਹੈ। ਇਕ ਪ੍ਰੈੱਸ ਕਾਨਫ਼ਰੰਸ ’ਚ ਡਾ. ਪਾਲ ਨੇ ਕਿਹਾ ਕਿ ਜੇਕਰ ਬਿ੍ਰਟੇਨ ਵਾਂਗ ਇਹ ਭਾਰਤ ’ਚ ਵੀ ਫੈਲਿਆ ਤਾਂ ਰੋਜ਼ਾਨਾ 14 ਲੱਖ ਕੇਸ ਸਾਹਮਣੇ ਆਉਣਗੇ। ਭਾਰਤ ’ਚ ਹੁਣ ਤਕ ਓਮੀਕਰੋਨ ਦੇ 113 ਕੇਸ ਸਾਹਮਣੇ ਆ ਚੁੱਕੇ ਹਨ। ਬਿ੍ਰਟੇਨ ’ਚ ਵੀ ਨਵੇਂ ਰੂਪ ਨੂੰ ਲੈ ਕੇ ਹਾਲਾਤ ਖਰਾਬ ਹੁੰਦੇ ਜਾ ਰਹੇ ਹਨ। ਡਾ. ਪਾਲ ਨੇ ਬਿ੍ਰਟੇਨ ਅਤੇ ਫਰਾਂਸ ’ਚ ਸਥਿਤੀ ਨੂੰ ਉਜਾਗਰ ਕਰਦਿਆਂ ਚਿਤਾਵਨੀ ਦਿਤੀ ਹੈ, ਜਿਥੇ ਓਮੀਕਰੋਨ ਕਾਰਨ ਕੇਸ ਵੱਧ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਅਜਿਹੇ ਦੇਸ਼ਾਂ ’ਚ ਰੋਜ਼ਾਨਾ ਮਾਮਲਿਆਂ ਨੂੰ ਭਾਰਤ ਦੀ ਆਬਾਦੀ ਦੇ ਲਿਹਾਜ ਨਾਲ ਵੇਖਿਆ ਜਾਵੇ ਤਾਂ ਇਸ ਦਾ ਮਤਲਬ ਹੋਵੇਗਾ ਇਥੇ ਇਕ ਦਿਨ ਵਿਚ 14 ਲੱਖ ਮਾਮਲੇ ਆਉਣਗੇ। ਇਸ ਤਰ੍ਹਾਂ ਫ਼ਰਾਸ ਜਿਥੇ 80 ਫ਼ੀ ਸਦੀ ਟੀਕਾਕਰਨ ਹੋ ਚੁੱਕਾ ਹੈ, ਜਿਥੇ 65,000 ਮਾਮਲੇ ਰਿਪੋਰਟ ਕੀਤੇ ਜਾ ਚੁੱਕੇ ਹਨ।
ਡਾ. ਪਾਲ ਨੇ ਕਿਹਾ ਕਿ ਯੂਰਪ ਵਿਚ ਵਾਇਰਸ ਦੇ ਕੇਸਾਂ ’ਚ ਤੇਜ਼ੀ ਆਉਣ ਨਾਲ ਉੱਥੇ ਕੋਰੋਨਾ ਵਾਇਰਸ ਗਲੋਬਲ ਮਹਾਂਮਾਰੀ ਦੇ ਨਵੇਂ ਪੜਾਅ ਦਾ ਅਨੁਭਵ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੂਰਨ ਟੀਕਾਕਰਨ, ਮਾਸਕ ਪਹਿਨਣਾ, ਵੱਡੀਆਂ ਸਭਾਵਾਂ ਤੋਂ ਬੱਚਣਾ ਬਹੁਤ ਹੀ ਮਹੱਤਵਪੂਰਨ ਹੋ ਸਕਦਾ ਹੈ। ਭਾਰਤ ’ਚ ਉਪਲੱਬਧ ਟੀਕੇ ਪ੍ਰਭਾਵੀ ਹਨ। ਵੈਕਸੀਨ ਬੂਸਟਰ ਡੋਜ਼ ’ਤੇ ਇਕ ਵਿਗਿਆਨਕ ਅਧਿਐਨ ’ਤੇ ਛੇਤੀ ਫ਼ੈਸਲਾ ਲਿਆ ਜਾਵੇਗਾ। ਸਿਹਤ ਮੰਤਰਾਲਾ ਦੇ ਸੰਯੁਕਤ ਸਕੱਤਰ ਅਗਰਵਾਲ ਨੇ ਕਿਹਾ ਕਿ ਓਮੀਕਰੋਨ ਦੇ ਮਾਮਲੇ 91 ਦੇਸ਼ਾਂ ’ਚ ਸਾਹਮਣੇ ਆ ਚੁੱਕੇ ਹਨ।
ਡਾ. ਪਾਲ ਨੇ ਕਿਹਾ ਕਿ ਜੀਨੋਮ ਸੀਕਵੈਂਸਿੰਗ ਵਿਸ਼ਵ ਵਿਚ ਦੂਜੇ ਨੰਬਰ ’ਤੇ ਭਾਰਤ ਵਿਚ ਕੀਤੀ ਜਾ ਰਹੀ ਹੈ ਅਤੇ ਇਸ ਵਿਚ ਲਗਾਤਾਰ ਵਾਧਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਹਰ ਕੇਸ ਦੀ ਜੀਨੋਮ ਸੀਕਵੈਂਸਿੰਗ ਕਰਨਾ ਸੰਭਵ ਨਹੀਂ ਹੋਵੇਗਾ। ਇਹ ਬਿਮਾਰੀ ਦੀ ਪਛਾਣ ਕਰਨ ਦਾ ਸਾਧਨ ਨਹੀਂ ਹੈ, ਪਰ ਮਹਾਂਮਾਰੀ ਦਾ ਮੁਲਾਂਕਣ ਅਤੇ ਨਿਗਰਾਨੀ ਕਰਨ ਲਈ ਹੈ। ਅਸੀਂ ਯਕੀਨ ਦਿਵਾ ਸਕਦੇ ਹਾਂ ਕਿ ਮੌਜੂਦਾ ਸਮੇਂ ਵਿਚ ਢੁਕਵੇਂ ਢੰਗ ਨਾਲ ਨਮੂਨੇ ਲਏ ਜਾ ਰਹੇ ਹਨ।