3 ਵਿਅਕਤੀਆਂ ਦੀ ਮੌਤ ਹੋ ਗਈ ਅਤੇ 8 ਗੰਭੀਰ ਜ਼ਖ਼ਮੀ ਹੋ ਗਏ
ਨਾਭਾ : ਨਾਭਾ ਬਲਾਕ ਦੇ ਪਿੰਡ ਹਰੀਗੜ੍ਹ ਨਜ਼ਦੀਕ ਵਾਪਰੇ ਭਿਆਨਕ ਹਾਦਸੇ ਦੌਰਾਨ 3 ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ 8 ਦੇ ਗੰਭੀਰ ਜ਼ਖ਼ਮੀ ਹੋਣ ਦੀ ਖ਼ਬਰ ਮਿਲੀ ਹੈ। ਜਾਣਕਾਰੀ ਮੁਤਾਬਕ ਤਿੰਨੋਂ ਮ੍ਰਿਤਕ ਪਿੰਡ ਹਥਨ ਦੇ ਰਹਿਣ ਵਾਲੇ ਸਨ। ਦੱਸਿਆ ਜਾ ਰਿਹਾ ਹੈ ਕਿ ਇਹ ਸਾਰੇ ਬੀਤੀ ਰਾਤ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਸੇਵਾ ਕਰਕੇ ਟਾਟਾ 407 ਰਾਹੀਂ ਪਿੰਡ ਹਥਨ ਜ਼ਿਲ੍ਹਾ ਮਾਲੇਰਕੋਟਲਾ ਪਰਤ ਰਹੇ ਸਨ। ਇਸ ਦੌਰਾਨ ਸ਼ਰਧਾਲੂਆਂ ਨਾਲ ਭਰੀ ਟਾਟਾ 407 ਰਾਹ 'ਚ ਖੜ੍ਹੀ ਗੰਨੇ ਨਾਲ ਭਰੀ ਟਰਾਲੀ 'ਚ ਜਾ ਟਕਰਾਈ ਅਤੇ ਫਿਰ ਸੰਤੁਲਨ ਵਿਗੜਨ ਕਰ ਕੇ ਦਰੱਖਤ ਜਾ ਵੱਜੀ।
ਹਾਦਸਾ ਇੰਨਾ ਭਿਆਨਕ ਸੀ ਕਿ 3 ਵਿਅਕਤੀਆਂ ਦੀ ਮੌਤ ਹੋ ਗਈ ਅਤੇ 8 ਗੰਭੀਰ ਜ਼ਖ਼ਮੀ ਹੋ ਗਏ। ਮ੍ਰਿਤਕਾਂ ਦੀ ਪਛਾਣ ਸੁਰਿੰਦਰ ਸਿੰਘ, ਗੁਰਦੀਪ ਸਿੰਘ ਅਤੇ ਸ਼ੇਰ ਮੁਹੰਮਦ ਵੱਜੋ ਹੋਈ ਹੈ। ਜ਼ਖ਼ਮੀ ਵਿਅਕਤੀ ਵੱਖ-ਵੱਖ ਹਸਪਤਾਲਾਂ 'ਚ ਜੇਰੇ ਇਲਾਜ ਹਨ। ਇਸ ਮੌਕੇ ਪਿੰਡ ਹਥਨ ਦੇ ਵਾਸੀ ਜਗਜੀਤ ਸਿੰਘ ਨੇ ਦੱਸਿਆ ਕਿ ਸਾਡਾ ਸਾਰਾ ਪਿੰਡ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਜੋੜ ਮੇਲ 'ਤੇ ਪਿਛਲੇ 30 ਸਾਲਾਂ ਤੋਂ ਲੰਗਰ ਦੀ ਸੇਵਾ ਕਰਦਾ ਆ ਰਿਹਾ ਹੈ ਅਤੇ ਇਹ ਸਾਰੇ ਵਿਅਕਤੀ ਸੇਵਾ ਕਰਕੇ ਫਤਹਿਗੜ੍ਹ ਸਾਹਿਬ ਤੋਂ ਵਾਪਸ ਪਰਤ ਰਹੇ ਸਨ ਤਾਂ ਨਾਭਾ ਨਜ਼ਦੀਕ ਇਹ ਹਾਦਸਾ ਵਾਪਰ ਗਿਆ।
ਉਨ੍ਹਾਂ ਦੱਸਿਆ ਕਿ ਜਿਨ੍ਹਾਂ ਵਿਅਕਤੀਆਂ ਦੀ ਇਸ ਹਾਦਸੇ ਦੌਰਾਨ ਮੌਤ ਹੋਈ ਹੈ ਉਹ ਬਹੁਤ ਹੀ ਗਰੀਬ ਪਰਿਵਾਰ ਨਾਲ ਸਬੰਧ ਰੱਖਦੇ ਹਨ ਅਤੇ ਉਨ੍ਹਾਂ ਦੇ ਛੋਟੇ-ਛੋਟੇ ਬੱਚੇ ਹਨ। ਇਸ ਤੋਂ ਇਲਾਵਾ ਉਨ੍ਹਾਂ ਮੰਗ ਕਰਦਿਆਂ ਕਿਹਾ ਕਿ ਓਵਰਲੋਡ ਗੰਨੇ ਦੀਆਂ ਟਰਾਲੀਆਂ ਸੜਕ ਹਾਦਸੇ ਦਾ ਕਾਰਨ ਬਣ ਰਹੀਆਂ ਹਨ, ਇਸ ਲਈ ਸਰਕਾਰ ਵੱਲੋਂ ਸਖ਼ਤ ਕਾਨੂੰਨ ਬਣਾਉਣੇ ਚਾਹੀਦੇ ਹਨ ਤਾਂ ਜੋ ਕਿਸੇ ਦਾ ਘਰ ਇਸ ਤਰ੍ਹਾਂ ਨਾ ਉਜੜੇ।
ਇਸ ਦੇ ਨਾਲ ਹਾਦਸੇ ਬਾਰੇ ਗੱਲ ਕਰਦਿਆਂ ਨਾਭਾ ਥਾਣਾ ਦੇ ਐੱਸ. ਐੱਚ. ਓ ਗੁਰਪ੍ਰੀਤ ਸਿੰਘ ਭਿੰਡਰ ਨੇ ਦੱਸਿਆ ਕਿ ਇਸ ਮਾਮਲੇ 'ਚ ਪੁਲਿਸ ਵੱਲੋਂ ਟਰਾਲੀ ਦੇ ਡਰਾਈਵਰ ਖ਼ਿਲਾਫ਼ ਧਾਰਾ 304 ਏ ਤਹਿਤ ਮਾਮਲਾ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।