
ਮੁਲਜ਼ਮ ਫਰਾਰ ਤੇ ਪੁਲਿਸ ਨੇ ਹਿਰਾਸਤ ’ਚ ਲਏ 22 ਕੁੱਕੜ
ਗੁਰਦਾਸਪੁਰ: ਸੀ.ਆਈ.ਏ ਸਟਾਫ ਗੁਰਦਾਸਪੁਰ ਨੇ ਇੱਕ ਅਜਿਹੇ ਗਿਰੋਹ ਦਾ ਪਰਦਾਫਾਸ਼ ਕੀਤਾ ਜੋ ਕੁੱਕੜਾਂ ਦੀ ਲੜਾਈ ਦੇ ਨਾਮ 'ਤੇ ਪ੍ਰਤੀ ਲੜਾਈ 2 ਤੋਂ 5 ਲੱਖ ਰੁਪਏ ਤੱਕ ਦੀਆਂ ਸ਼ਰਤਾਂ ਲਾਉਂਦਾ ਸੀ। ਮੁਲਜ਼ਮ ਇਸ ਇਨਾਮੀ ਰਾਸ਼ੀ ਦਾ 10 ਫੀਸਦੀ ਪੁਲਿਸ ਦੇ ਨਾਂ ’ਤੇ ਕੱਢਵਾ ਕੇ ਠੱਗੀ ਮਾਰਦੇ ਸਨ। ਪੁਲਿਸ ਵੱਲੋਂ ਮਾਮਲੇ ਵਿਚ 12 ਵਿਅਕਤੀਆਂ ਦੀ ਪਹਿਚਾਣ ਕੀਤੀ ਗਈ ਹੈ ਅਤੇ ਉਨ੍ਹਾਂ ਖਿਲਾਫ ਨਾਮ ਸਮੇਤ ਅਤੇ 25/30 ਅਣਪਛਾਤੇ ਵਿਅਕਤੀਆਂ ਖਿਲਾਫ ਵੀ ਮਾਮਲਾ ਦਰਜ ਕੀਤਾ ਗਿਆ ਹੈ।
ਇਸ ਸਬੰਧੀ ਸੀ.ਆਈ.ਏ ਸਟਾਫ ਗੁਰਦਾਸਪੁਰ ਦੇ ਇੰਚਾਰਜ ਕਪਿਲ ਕੌਸ਼ਲ ਨੇ ਦੱਸਿਆ ਕਿ ਸਾਡੀ ਇੱਕ ਪਾਰਟੀ ਸਿੰਧਵਾਂ ਮੋੜ 'ਤੇ ਵਾਹਨਾਂ ਦੀ ਚੈਕਿੰਗ ਕਰ ਰਹੀ ਸੀ ਤਾਂ ਕਿਸੇ ਮੁਖਬਰ ਨੇ ਪੁਲਿਸ ਪਾਰਟੀ ਨੂੰ ਇਤਲਾਹ ਦਿੱਤੀ ਕਿ ਪਿੰਡ ਅਲਾਵਲਪੁਰ 'ਚ ਕੁਝ ਨੌਜਵਾਨ ਕੁੱਕੜਾਂ ਦੀ ਲੜਾਈ ਕਰਵਾ ਰਹੇ ਹਨ | ਜੋ ਕਿ ਗੈਰਕਾਨੂੰਨੀ ਹੈ। ਕੁੱਕੜਾਂ ਦੀ ਲੜਾਈ ਦੇ ਨਾਮ 'ਤੇ ਪ੍ਰਤੀ ਲੜਾਈ 2 ਤੋਂ 5 ਲੱਖ ਰੁਪਏ ਤੱਕ ਦੀਆਂ ਸ਼ਰਤਾਂ ਲਗਾਈਆਂ ਜਾ ਰਹੀਆਂ ਸਨ ਮੌਕੇ 'ਤੇ ਕਾਫੀ ਲੋਕ ਆਪਣੇ-ਆਪਣੇ ਮੁਰਗੇ ਲੈ ਕੇ ਆਏ ਸਨ। ਇਹ ਲੋਕ ਪੁਲਿਸ ਦੇ ਨਾਮ 'ਤੇ ਜਿੱਤੀ ਰਕਮ ਦਾ 10 ਪ੍ਰਤੀਸ਼ਤ ਇਹ ਕਹਿ ਕੇ ਲੈ ਲੈਂਦੇ ਸਨ ਕਿ ਪੁਲਿਸ ਇਸ ਗੈਰ-ਕਾਨੂੰਨੀ ਕੰਮ ਲਈ 10 ਪ੍ਰਤੀਸ਼ਤ ਪੈਸੇ ਲੈਂਦੀ ਹੈ।
ਕਪਿਲ ਕੌਸ਼ਲ ਨੇ ਦੱਸਿਆ ਕਿ ਪੁਲਿਸ ਪਾਰਟੀ ਨੇ ਜਾਣਕਾਰੀ ਮਿਲਦਿਆਂ ਹੀ ਤੁਰੰਤ ਕਾਰਵਾਈ ਕਰਦੇ ਹੋਏ ਅਲਾਵਲਪੁਰ ਦੇ ਇੱਟਾਂ ਦੇ ਭੱਠੇ ਨੇੜੇ ਦੱਸੀ ਜਗ੍ਹਾ 'ਤੇ ਛਾਪਾ ਮਾਰਿਆ, ਜਿੱਥੇ ਕੁੱਕੜਾਂ ਦੀ ਲੜਾਈ ਦਾ ਕੰਮ ਚੱਲ ਰਿਹਾ ਸੀ। ਪਰ ਦੋਸ਼ੀ 22 ਮੁਰਗਿਆਂ ਨੂੰ ਮੌਕੇ 'ਤੇ ਹੀ ਛੱਡ ਕੇ ਭੱਜਣ 'ਚ ਕਾਮਯਾਬ ਹੋ ਗਏ। ਜਿਨ੍ਹਾਂ ਨੂੰ ਪੁਲਿਸ ਨੇ ਆਪਣੇ ਕਬਜ਼ੇ 'ਚ ਲੈ ਲਿਆ ਹੈ।
ਇਸ ਸਬੰਧੀ ਥਾਣਾ ਤਿੱਬੜ ਵਿੱਚ ਮੁੱਖ ਮੁਲਜ਼ਮ ਕਾਕਾ ਵਾਸੀ ਪਿੰਡ ਲੇਹਲ ਅਤੇ ਪਵਨਪ੍ਰੀਤ ਸਿੰਘ ਉਰਫ਼ ਟੀਟੂ ਵਾਸੀ ਪਿੰਡ ਬੌਲੀ, ਇੰਦਰਜੀਤ ਸਿੰਘਾਂ ਸਮੇਤ ਕੁੱਲ 12 ਵਿਅਕਤੀਆਂ ਦੇ ਨਾਮ ਸਮੇਤ ਅਤੇ 25-30 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਗੈਂਬਲਿੰਗ ਐਕਟ ਸਮੇਤ ਪੰਛੀਆਂ ’ਤੇ ਅੱਤਿਆਚਾਰ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ ਹੈ।