
ਟਾਈਟਲਰ ਤੇ ਸੱਜਣ ਕੁਮਾਰ ਦੀ ਗ੍ਰਿਫ਼ਤਾਰੀ ਦੀ ਮੰਗ
ਨਵੀਂ ਦਿੱਲੀ, 7 ਫ਼ਰਵਰੀ (ਅਮਨਦੀਪ ਸਿੰਘ) : ਦਿੱਲੀ ਦੇ ਅਕਾਲੀਆਂ ਨੇ ਅੱਜ ਸ਼ਾਮ ਨੂੰ ਨਵੰਬਰ 1984 ਦੇ ਕਤਲੇਆਮ ਦੇ ਮਾਮਲੇ ਵਿਚ ਜਗਦੀਸ਼ ਟਾਈਟਲਰ ਦੇ ਅਖੌਤੀ ਗੁਪਤ ਵੀਡੀਉ ਖੁਲਾਸੇ ਪਿਛੋਂ ਦਿੱਲੀ ਪੁਲਿਸ ਦੇ ਹੈਡਕੁਆਰਟਰ ਨੂੰ ਘੇਰਨਾ ਸੀ, ਪਰ ਪੁਲਿਸ ਫੋਰਸ ਵਲੋਂ ਮੁਜ਼ਾਹਰਾਕਾਰੀਆਂ ਨੂੰ ਪਹਿਲਾਂ ਹੀ ਥੋੜੀ ਦੂਰ ਬਹਾਦੁਰ ਸ਼ਾਹ ਜ਼ਫਰ ਮਾਰਗ 'ਤੇ ਰੋਕ ਦਿਤਾ ਗਿਆ। ਇਥੇ ਮੁਜ਼ਾਹਰਾਕਾਰੀਆਂ ਨੇ ਟਾਈਟਲਰ ਤੇ ਸੱਜਣ ਕੁਮਾਰ ਦੇ ਪੁੱਤਲੇ ਫੂਕ ਕੇ, ਅਪਣਾ ਰੋਸ ਪ੍ਰਗਟਾਇਆ ਤੇ ਟਾਈਟਲਰ ਦੇ ਖ਼ਿਲਾਫ਼ ਤੁਰਤ ਐਫਆਈਆਰ ਦਰਜ ਕਰ ਕੇ, ਗੁਪਤ ਵੀਡੀਉ ਟੁਕੜਿਆਂ ਦੀ ਪੜਤਾਲ ਕਰਨ ਦੀ ਮੰਗ ਕੀਤੀ ਗਈ।ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ.ਮਨਜੀਤ ਸਿੰਘ ਜੀ.ਕੇ. ਦੀ ਅਗਵਾਈ ਹੇਠ ਸਿੱਖਾਂ ਨੇ ਟਾਈਟਲਰ ਖਿਲਾਫ ਰੋਹ ਭਰਪੂਰ ਨਾਹਰੇ ਲਾਉਂਦੇ ਹੋਏ ਦਿੱਲੀ ਪੁਲਿਸ 'ਤੇ ਉਸਨੂੰ ਅਖਉਤੀ ਤੌਰ 'ਤੇ ਬਚਾਉਣ ਦੇ ਦੋਸ਼ ਲਾਏ। '1984 ਕਤਲੇਆਮ ਸੀ, ਸਾਨੂੰ ਇਨਸਾਫ ਦਿਉ' ਅਤੇ 100 ਸਿੱਖਾਂ ਨੂੰ ਮਾਰਨ ਦਾ ਕਬੂਲਨਾਮਾ ਫਿਰ ਵੀ ਦਿੱਲੀ ਪੁਲਿਸ ਲਾਚਾਰ' ਦੇ ਨਾਹਰੇ ਲਾਏ ਗਏ।ਉਨਾਂ੍ਹ ਕਿਹਾ ਕਿ ਭਾਵੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 1984 ਬਾਰੇ ਰਾਜ ਸਭਾ ਵਿਚ ਬਿਆਨ ਦੇ ਕੇ ਹਮਦਰਦੀ ਪ੍ਰਗਟਾਈ ਹੈ ਪਰ ਉਨਾਂ੍ਹ ਨੂੰ ਕਤਲੇਆਮ ਦੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕਰਨ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ।
ਭਰਵੀਂ ਤਾਦਾਦ ਵਿਚ ਜੁੜੇ ਹੋਏ ਮੁਜ਼ਾਹਰਾਕਾਰੀਆਂ ਨੂੰ ਸੰਬੋਧਨ ਕਰਦਿਆਂ ਸ.ਮਨਜੀਤ ਸਿੰਘ ਜੀ.ਕੇ. ਨੇ ਕਿਹਾ, “ ਟਾਈਟਲਰ ਦੀ ਗ੍ਰਿਫਤਾਰੀ ਦੀ ਲੜਾਈ ਅਸੀਂ ਹਰ ਮੋਰਚੇ 'ਤੇ ਲੜਾਂਗੇ। ਹੁਣ ਤੱਕ ਇਨਸਾਫ ਦੇ ਨਾਂਅ 'ਤੇ ਸਾਨੂੰ ਸਿਰਫ ਭਰੋਸੇ ਹੀ ਮਿਲੇ ਹਨ, ਹੁਣ ਤਾਂ ਟਾਈਟਲਰ ਖ਼ਿਲਾਫ਼ ਉਸਦਾ ਇਕਬਾਲੀਆ ਸਬੂਤ ਸਾਹਮਣੇ ਆ ਚੁਕੈ, ਹੁਣ ਕਿਉਂ ਦਿੱਲੀ ਪੁਲਿਸ ਟਾਈਟਲਰ ਨੂੰ ਬਚਾਉਣ ਦੀ ਖੇਡ ਖੇਡ ਰਹੀ ਹੈ? “ ਉਨ੍ਹਾਂ ਦਿੱਲੀ ਪੁਲਿਸ ਨੂੰ ਇਕ ਹਫਤੇ ਵਿਚ ਟਾਈਟਲਰ ਖਿਲਾਫ ਸਖਤ ਕਾਰਵਾਈ ਕਰਨ ਦੀ ਚਿਤਾਵਨੀ ਦਿਤੀ।ਉਨ੍ਹਾਂ ਰੋਸ ਪ੍ਰਗਟਾਉਂਦੇ ਹੋਏ ਕਿਹਾ ਕਿ ਅਸੀਂ ਕੇਂਦਰੀ ਗ੍ਰਹਿ ਮੰਤਰੀ, ਦਿੱਲੀ ਪੁਲਿਸ ਅਤੇ ਕਾਂਗਰਸ ਖ਼ਿਲਾਫ਼ ਅਪਣਾ ਸੰਘਰਸ਼ ਹੋਰ ਤਿੱਖਾ ਕਰਾਂਗੇ, ਜੇ ਲੋੜ ਪਈ ਤਾਂ ਇਨਾਂ੍ਹ ਸਾਰਿਆਂ ਖਿਲਾਫ ਵੀ ਮੁਜ਼ਾਹਰੇ ਕਰਨ ਤੋਂ ਪਿਛੇ ਨਹੀਂ ਹਟਾਂਗੇ। ਉਨਾ੍ਹ 9 ਫ਼ਰਵਰੀ ਨੂੰ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਗ੍ਰਹਿ 'ਤੇ 84 ਪੀੜ੍ਹਤ ਵਿਧਵਾਵਾਂ ਤੇ ਬੱਚਿਆਂ ਨੂੰ ਲੈ ਕੇ ਮੁਜ਼ਾਹਰਾ ਕਰਨ ਦਾ ਐਲਾਨ ਕੀਤਾ।ਇਸ ਮੌਕੇ ਦਿੱਲੀ ਕਮੇਟੀ ਦੇ ਮੈਂਬਰ ਸ.ਅਵਤਾਰ ਸਿੰਘ ਹਿਤ, ਸ.ਹਰਮੀਤ ਸਿੰਘ ਕਾਲਕਾ, ਪਰਮਜੀਤ ਸਿੰਘ ਰਾਣਾ, ਵਿਕਰਮ ਸਿੰਘ ਰੋਹਿਣੀ, ਮੀਡੀਆ ਸਲਾਹਕਾਰ ਸ.ਪਰਮਿੰਦਰਪਾਲ ਸਿੰਘ ਸਣੇ ਇਸਤਰੀ ਅਕਾਲੀ ਦਲ ਦੀਆਂ ਬੀਬੀਆਂ ਤੇ ਹੋਰ ਸ਼ਾਮਲ ਹੋਏ।