
ਕੇਂਦਰ ਸਰਕਾਰ ਕਿਸਾਨਾਂ ਨਾਲ ਵਾਰ-ਵਾਰ ਮੀਟਿੰਗਾਂ ਕਰ ਕੇ ਉਡਾ ਰਹੀ ਹੈ ਮਜ਼ਾਕ : ਅਮਰੀਕੀ ਸਿੱਖ ਆਗੂ
ਕਿਹਾ, ਕੇਂਦਰ ਸਰਕਾਰ ਛੇਤੀ ਤੋਂ ਛੇਤੀ ਕਾਲੇ ਖੇਤੀ ਕਾਨੂੰਨ ਰੱਦ ਕਰੇ
ਵਾਸ਼ਿੰਗਟਨ ਡੀ. ਸੀ., 19 ਜਨਵਰੀ (ਸੁਰਿੰਦਰ ਗਿੱਲ): ਅਮਰੀਕਾ ਦੇ ਸਿੱਖ ਆਗੂਆਂ ਨੇ ਇਕ ਪ੍ਰੈੱਸ ਨੋਟ ਜਾਰੀ ਕਰਦਿਆਂ ਕਿਹਾ ਹੈ ਕਿ ਕਿਸਾਨੀ ਮੁੱਦੇ ਨੂੰ ਸਰਕਾਰ ਨੇ ਵਕਾਰ ਦਾ ਮਸੌਦਾ ਬਣਾ ਦਿਤਾ ਹੈ। ਜਦਕਿ ਸਰਕਾਰ ਲਈ ਇਹ ਬਹੁਤ ਹੀ ਮਾਮੂਲੀ ਤੇ ਛੋਟੀ ਗੱਲ ਹੈ। ਕਾਨੂੰਨ ਵਾਪਸ ਲੈ ਕੇ ਜੇਕਰ ਸਰਕਾਰ ਦਾ ਅਕਸ ਬਿਹਤਰ ਹੁੰਦਾ ਹੈ ਤਾਂ ਇਹ ਕੋਈ ਘਾਟੇ ਦਾ ਸੌਦਾ ਨਹੀਂ ਹੈ। ਕਿਸਾਨਾਂ ਨੂੰ ਤੰਗ ਪ੍ਰੇਸ਼ਾਨ ਕਰਨਾ, ਉਨ੍ਹਾਂ ਨੂੰ ਕੜਾਕੇ ਦੀ ਠੰਢ ਵਿਚ ਪਰਖਣਾ ਕਿਧਰ ਦੀ ਸਿਆਣਪ ਹੈ? ਜੋ ਚੀਜ਼ ਉਹ ਚਾਹੁੰਦੇ ਹੀ ਨਹੀਂ ਹਨ, ਉਹ ਕਾਨੂੰਨ ਕਿਸਾਨਾਂ ਤੇ ਥੋਪਣ ਦਾ ਘਟੀਆ ਮਨਸੂਬਾ ਸਰਕਾਰ ਅਪਣਾ ਰਹੀ ਹੈ ਜਿਸ ਨੂੰ ਕਿਸਾਨ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ। ਭਾਵੇਂ ਉਹ ਮਰ ਹੀ ਕਿਉਂ ਨਾ ਜਾਣ। ਹੁਣ ਤਕ ਮਰਨ ਵਾਲੇ ਕਿਸਾਨਾਂ ਦੀ ਗਿਣਤੀ 100 ਤੋਂ ਉਪਰ ਹੋ ਗਈ ਹੈ ਪਰ ਸਰਕਾਰ ਟੱਸ ਤੋਂ ਮੱਸ ਨਹੀਂ ਹੋਈ। ਕਿਸਾਨਾਂ ਨੇ ਅਪਣਾ ਨਿਰੰਤਰ ਸੰਘਰਸ਼ ਜਾਰੀ ਰੱਖਿਆ ਹੋਇਆ ਹੈ।
ਆਗੂਆਂ ਨੇ ਅੱਗੇ ਕਿਹਾ ਕਿ ਜਿਸ ਦਿਨ ਸਰਕਾਰ ਨਾਲ ਗੱਲ ਟੁਟ ਗਈ ਜਾਂ ਮੀਟਿੰਗਾਂ ਦਾ ਸਿਲਸਿਲਾ ਖ਼ਤਮ ਹੋ ਗਿਆ। ਉਸ ਦਿਨ ਸਰਕਾਰ ਦਾ ਹੇਠਾਂ ਡਿੱਗਣਾ ਤਹਿ ਹੈ ਕਿਉਂਕਿ ਸੰਘਰਸ਼ ਨੇ ਸਰਕਾਰ ਦੇ ਨਾਂ ਪੱਖੀ ਵਤੀਰੇ ਨੂੰ ਵੇਖਦੇ ਹੋਏ ਤੇਜ਼ ਹੋ ਜਾਣਾ ਹੈ। ਕਿਸਾਨਾਂ ਨੇ ਸਰਕਾਰ ਦੇ ਨੱਕ ਵਿਚ ਦਮ ਹੋਰ ਕਰ ਦੇਣਾ ਹੈ ਜਿਸ ਦਾ ਖਮਿਆਜ਼ਾ ਸਰਕਾਰ ਨੂੰ ਭੁਗਤਣਾ ਔਖਾ ਹੋ ਜਾਵੇਗਾ। ਸਰਕਾਰ ਦਾ ਅਕਸ ਦਿਨੋਂ ਦਿਨ ਵਿਗੜ ਰਿਹਾ ਹੈ। ਹੁਣ ਤਾਂ ਸਰਕਾਰ ਲੋਕਾਂ ਵਿਚ ਜਾਣ ਤੋਂ ਵੀ ਗੁਰੇਜ਼ ਕਰਨ ਲੱਗੀ ਹੈ। ਅਜਿਹੀ ਸਥਿਤੀ ਵਿਚ ਸਰਕਾਰ ਕਿਉਂ ਮੂਕ ਦਰਸ਼ਕ ਬਣੀ ਹੋਈ ਹੈ। ਇਸ ਗੱਲ ਦੀ ਸਮਝ ਨਹੀਂ ਆ ਰਹੀ। ਭਾਰਤ ਸਰਕਾਰ ਨੂੰ ਅਮਰੀਕਾ ਦੇ ਪਾਰਲੀਮੈਂਟ ਦਿ੍ਰਸ਼ ਤੋਂ ਕੁੱਝ ਸਿੱਖਣਾ ਚਾਹੀਦਾ ਹੈ ਕਿ ਲੋਕਾਂ ਸਾਹਮਣੇ ਪੁਲਿਸ ਕੁੱਝ ਵੀ ਨਹੀਂ ਹੈ। ਜੇਕਰ ਉਨ੍ਹਾਂ ਤਹਈਆ ਕਰ ਲਿਆ ਤਾਂ ਉਨ੍ਹਾਂ ਪਾਰਲੀਮੈਂਟ ਜਾ ਕੇ ਇਕੱਲੇ-ਇਕੱਲੇ ਨੂੰ ਘੇਰਨ ਤੋਂ ਵੀ ਗੁਰੇਜ਼ ਨਹੀਂ ਕਰਨਾ। ਅਜੇ ਤਕ ਤਾਂ ਸਾਰਾ ਕੁੱਝ ਸ਼ਾਂਤਮਈ ਤੇ ਅਰਾਮ ਨਾਲ ਚਲ ਰਿਹਾ ਹੈ। ਪਰ ਸਥਿਤੀ ਦੇ ਗੰਭੀਰ ਬਣਦਿਆਂ ਬਹੁਤ ਚਿਰ ਨਹੀਂ ਲਗਣਾ। ਸੋ ਸਰਕਾਰ ਨੂੰ ਹਾਲੇ ਵੀ ਸੋਚਣਾ ਚਾਹੀਦਾ ਹੈ, ਛੇਤੀ ਤੋਂ ਛੇਤੀ ਇਹ ਖੇਤੀ ਕਾਨੂੰਨ ਵਾਪਸ ਲੈ ਲੈਣੇ ਚਾਹੀਦੇ ਹਨ।