
ਅਕਸ਼ੈ ਛਾਬੜਾ ਅਤੇ ਉਸ ਦਾ ਸਾਥੀ ਸੰਦੀਪ ਸਿੰਘ ਜਨਤਾ ਨਗਰ ਦੇ ਰਹਿਣ ਵਾਲੇ ਹਨ।
ਚੰਡੀਗੜ੍ਹ - ਪੰਜਾਬ ਵਿਚ ਨੈਸ਼ਨਲ ਨਾਰਕੋਟਿਕਸ ਕੰਟਰੋਲ ਬਿਊਰੋ ਦੀ ਟੀਮ ਨੇ ਸ਼ੁੱਕਰਵਾਰ ਨੂੰ ਏ.ਐਸ.ਐਂਡ ਕੰਪਨੀ ਦੇ 80 ਦੇ ਕਰੀਬ ਸ਼ਰਾਬ ਦੇ ਠੇਕੇ ਸੀਲ ਕਰ ਦਿੱਤੇ ਹਨ। ਇਸ ਕੰਪਨੀ ਦੀ ਡਰੱਗ ਤਸਕਰੀ ਦੇ ਸਰਗਨਾ ਅਕਸ਼ੈ ਛਾਬੜਾ ਦੇ ਕਾਰੋਬਾਰ ਵਿਚ 25 ਫ਼ੀਸਦੀ ਹਿੱਸੇਦਾਰੀ ਸੀ, ਜਿਸ ਨੂੰ ਕਿ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਅਕਸ਼ੈ ਛਾਬੜਾ ਨਸ਼ਾ ਤਸਕਰੀ ਤੋਂ ਕਮਾਏ ਪੈਸੇ ਨੂੰ ਸ਼ਰਾਬ ਦੇ ਕਾਰੋਬਾਰ 'ਚ ਲਗਾ ਰਿਹਾ ਹੈ।
ਸ਼ੁੱਕਰਵਾਰ ਤੜਕੇ ਚੰਡੀਗੜ੍ਹ ਤੋਂ ਲੁਧਿਆਣਾ ਪੁੱਜੀ ਐਨਸੀਬੀ ਦੀ ਟੀਮ ਨੇ ਇਸ ਗਰੁੱਪ ਦੇ ਠੇਕੇ ਸੀਲ ਕਰ ਦਿੱਤੇ। ਅਕਸ਼ੈ ਛਾਬੜਾ ਨੂੰ ਪੁਲਿਸ ਨੇ ਜੈਪੁਰ ਇੰਟਰਨੈਸ਼ਨਲ ਏਅਰਪੋਰਟ ਤੋਂ ਫਰਾਰ ਹੁੰਦੇ ਹੋਏ ਗ੍ਰਿਫ਼ਤਾਰ ਕੀਤਾ ਸੀ। ਅਕਸ਼ੈ ਛਾਬੜਾ ਅਤੇ ਉਸ ਦਾ ਸਾਥੀ ਸੰਦੀਪ ਸਿੰਘ ਜਨਤਾ ਨਗਰ ਦੇ ਰਹਿਣ ਵਾਲੇ ਹਨ। ਅਕਸ਼ੈ ਛਾਬੜਾ ਇੱਕ ਵੱਡੇ ਸ਼ਰਾਬ ਕਾਰੋਬਾਰੀ ਦਾ ਪੁੱਤਰ ਹੈ।
ਇਹ ਵੀ ਪੜ੍ਹੋ: ਮੈਟਰੋ ਪਾਇਲਟ ਤ੍ਰਿਪਤੀ ਸ਼ੇਟੇ ਨੇ ਪ੍ਰਧਾਨ ਮੰਤਰੀ ਨੂੰ ਕਰਵਾਈ ਯਾਤਰਾ, ਤਿੰਨ ਸਾਲ ਨੌਕਰੀ ਲਈ ਕੀਤਾ ਸੀ ਸੰਘਰਸ਼
ਨਸ਼ਾ ਤਸਕਰ ਅਕਸ਼ੈ ਛਾਬੜਾ ਨੇ ਘਰ ਦੇ ਨਾਲ-ਨਾਲ ਕਈ ਪਲਾਟ ਵੀ ਖਰੀਦੇ ਸਨ। ਖਾਲੀ ਸਮਾਂ ਬਿਤਾਉਣ ਲਈ ਮੁਲਜ਼ਮ ਨੇ ਵੱਡਾ ਫਾਰਮ ਹਾਊਸ ਬਣਾਇਆ ਹੋਇਆ ਹੈ। ਛਾਬੜਾ ਨੇ ਨਸ਼ੇ ਦੇ ਪੈਸੇ ਨਾਲ ਕਈ ਲਗਜ਼ਰੀ ਗੱਡੀਆਂ ਵੀ ਖਰੀਦੀਆਂ ਹੋਈਆਂ ਹਨ। ਇਸ ਦੇ ਨਾਲ ਹੀ ਜ਼ਿਲ੍ਹਾ ਲੁਧਿਆਣਾ ਵਿਚ ਫੋਰਟਿਸ ਗਰੁੱਪ, ਗਿੱਲ ਗਰੁੱਪ ਅਤੇ ਢੋਲੇਵਾਲ ਗਰੁੱਪ ਵਿੱਚ ਅਕਸ਼ੇ ਦੀ 100 ਫ਼ੀਸਦੀ ਪਕੜ ਹੈ।
ਲੁਧਿਆਣਾ ਵਿਚ 15 ਨਵੰਬਰ 2022 ਨੂੰ ਐਨਸੀਬੀ (ਨੈਸ਼ਨਲ ਨਾਰਕੋਟਿਕਸ ਕੰਟਰੋਲ ਬਿਊਰੋ) ਨੂੰ ਗੁਪਤ ਸੂਚਨਾ ਮਿਲੀ ਸੀ ਕਿ ਸੰਦੀਪ ਸਿੰਘ ਉਰਫ਼ ਦੀਪੂ ਵੱਡੇ ਪੱਧਰ ’ਤੇ ਹੈਰੋਇਨ ਦੀ ਤਸਕਰੀ ਕਰਦਾ ਹੈ। ਟੀਮ ਨੇ ਛਾਪਾ ਮਾਰ ਕੇ ਮੁਲਜ਼ਮ ਨੂੰ ਜਗਦੀਸ਼ ਨਗਰ ਫਲਾਈਓਵਰ ਤੋਂ 20.326 ਕਿਲੋ ਹੈਰੋਇਨ ਸਮੇਤ ਕਾਬੂ ਕੀਤਾ ਹੈ।
ਟੀਮ ਨੂੰ ਮੁਲਜ਼ਮਾਂ ਕੋਲੋਂ ਵਿਦੇਸ਼ੀ ਨਸ਼ੀਲੇ ਪਦਾਰਥ ਅਤੇ ਨਸ਼ੀਲੇ ਪਾਊਡਰ ਸਮੇਤ ਹੋਰ ਸਾਮਾਨ ਮਿਲਿਆ ਸੀ। ਸੰਦੀਪ ਨੇ ਪੁੱਛਗਿੱਛ ਦੌਰਾਨ ਸ਼ਰਾਬ ਕਾਰੋਬਾਰੀ ਅਕਸ਼ੈ ਛਾਬੜਾ ਦਾ ਨਾਂ ਲਿਆ ਸੀ। ਅਕਸ਼ੈ ਛਾਬੜਾ ਅਤੇ ਉਸ ਦੇ ਸਾਥੀ ਗੌਰਵ ਗੋਰਾ ਉਰਫ ਅਜੈ ਦੋਵਾਂ ਨੂੰ ਟੀਮ ਨੇ 24 ਨਵੰਬਰ 2022 ਨੂੰ ਜੈਪੁਰ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕੀਤਾ ਸੀ।
ਦੋਵੇਂ ਮੁਲਜ਼ਮ ਸ਼ਾਰਜਾਹ ਭੱਜਣ ਦੀ ਤਿਆਰੀ ਕਰ ਰਹੇ ਸਨ। ਮੁਲਜ਼ਮਾਂ ਨੇ ਤਿੰਨ ਪ੍ਰਾਈਮ ਰੂਟਾਂ ਤਹਿਤ 1400 ਕਿਲੋ ਹੈਰੋਇਨ ਦੀ ਸਪਲਾਈ ਕਰਨੀ ਸੀ। ਜਿਸ ਵਿਚ ਮੁਦਰਾ ਪੋਰਟ ਗੁਜਾਰਾ, ਆਈ.ਸੀ.ਪੀ ਅਟਾਰੀ ਪੰਜਾਬ ਅਤੇ 250 ਕਿਲੋ ਹੈਰੋਇਨ ਜੰਮੂ-ਕਸ਼ਮੀਰ ਭੇਜੀ ਜਾਣੀ ਸੀ। ਇਸ ਕਾਰਵਾਈ ਤੋਂ ਬਾਅਦ ਹੋਰ ਸ਼ਰਾਬ ਕਾਰੋਬਾਰੀਆਂ ਵਿਚ ਵੀ ਹੜਕੰਪ ਮੱਚ ਗਿਆ ਹੈ।