
Patiala News: ਮੌਕੇ ’ਤੇ ਮਾਚਿਸ ਨਾ ਮਿਲਣ ਕਰ ਕੇ ਮੁਲਾਜ਼ਮਾਂ ਨੇ ਭੱਜ ਕੇ ਬਚਾਈ ਜਾਨ
ਪਟਿਆਲਾ (ਥਿੰਦ) : ਜ਼ਿਲ੍ਹਾ ਜੱਜ ਦੇ ਨਿਰਦੇਸ਼ਾਂ ’ਤੇ ਕਬਜ਼ਾ ਲੈਣ ਗਏ ਕਰਮਚਾਰੀਆਂ ’ਤੇ ਸਪ੍ਰਿਟ ਪਾ ਕੇ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਬਹਿਸ ਤੋਂ ਬਾਅਦ ਮੁਲਜ਼ਮਾਂ ਨੇ ਕਰਮਚਾਰੀਆਂ ’ਤੇ ਸਪ੍ਰਿਟ ਸੁੱਟ ਦਿਤਾ ਪਰ ਮੌਕੇ ’ਤੇ ਮਾਚਿਸ ਨਾ ਮਿਲਣ ਕਰ ਕੇ ਕਰਮਚਾਰੀਆਂ ਨੇ ਭੱਜ ਕੇ ਅਪਣੀ ਜਾਨ ਬਚਾਈ। ਇਸ ਤੋਂ ਬਾਅਦ ਮੁਲਜਮਾਂ ਨੇ ਇੱਟਾਂ ਤੇ ਪੱਥਰਾਂ ਨਾਲ ਕਰਮਚਾਰੀਆਂ ’ਤੇ ਹਮਲਾ ਵੀ ਕੀਤਾ।
ਕੋਤਵਾਲੀ ਥਾਣਾ ਪੁਲਿਸ ਨੇ ਇਸ ਸਬੰਧੀ ਕਰਮਚਾਰੀ ਸੋਮਨਾਥ ਨਿਵਾਸੀ ਬਾਜਵਾ ਕਲੋਨੀ ਦੇ ਬਿਆਨ ’ਤੇ ਮਾਮਲਾ ਦਰਜ ਕੀਤਾ ਹੈ। ਪੁਲਿਸ ਨੇ ਮੁਕੇਸ਼, ਸੰਤੋਸ਼ ਕੁਮਾਰ, ਰਕੇਸ਼ ਕੁਮਾਰ, ਸਚਿਨ ਕੁਮਾਰ, ਗੀਤੂ, ਸੀਮਾ ਵਾਸੀ ਨਾਮਦਾਰ ਖਾਨ ਰੋਡ ਪਟਿਆਲਾ ਤੇ ਕੱੁਝ ਅਣਪਛਾਤਿਆਂ ਵਿਰੁਧ ਮਾਮਲਾ ਦਰਜ ਕੀਤਾ ਹੈ। ਪੁਲਿਸ ਕੋਲ ਦਰਜ ਸ਼ਿਕਾਇਤ ਅਨੁਸਾਰ ਮੁਲਜ਼ਮਾਂ ਨੇ ਨਾਮਦਾਰ ਖ਼ਾਨ ਰੋਡ ’ਤੇ ਕਿਰਾਏ ’ਤੇ ਮਕਾਨ ਲਿਆ ਸੀ।
ਇਸ ਮਕਾਨ ਨੂੰ ਖ਼ਾਲੀ ਕਰਨ ਦੀ ਬਜਾਏ ਮੁਲਜ਼ਮਾਂ ਨੇ ਇਸ ’ਤੇ ਕਬਜ਼ਾ ਕਰ ਲਿਆ ਸੀ, ਜਿਸ ਕਾਰਨ ਮਕਾਨ ਮਾਲਕ ਨੇ ਕੋਰਟ ਕੇਸ ਕਰ ਦਿਤਾ। ਜੱਜ ਗੁਰਕਿਰਨ ਸਿੰਘ ਦੀ ਅਦਾਲਤ ਨੇ ਕਬਜ਼ੇ ਲਈ ਮਕਾਨ ਨੂੰ ਖ਼ਾਲੀ ਕਰਵਾਉਣ ਲਈ ਵਰੰਟ ਜਾਰੀ ਕੀਤਾ ਸੀ ਜਿਸ ਤੋਂ ਬਾਅਦ ਅੰਤਰਪਾਲ ਸਿੰਘ, ਗੰਗਾ ਦੱਤਾ, ਬਲਜੀਤ ਸਿੰਘ ਤੇ ਸੋਮਨਾਥ 17 ਜਨਵਰੀ ਦੀ ਦੁਪਹਿਰ ਨੂੰ ਕਬਜ਼ਾ ਲੈਣ ਪੁੱਜੇ, ਜਿਥੇ ਮੁਲਜ਼ਮਾਂ ਨੇ ਪਹਿਲਾਂ ਧੱਕਾ ਮੁੱਕੀ ਕੀਤੀ ਗਈ।
ਇਸ ਤੋਂ ਬਾਅਦ ਸਪ੍ਰਿਟ ਸੁੱਟ ਦਿਤਾ ਜੋਕਿ ਅੰਤਰਪਾਲ ਸਿੰਘ ਤੇ ਗੰਗਾ ਦੱਤਾ ’ਤੇ ਪੈ ਗਿਆ। ਮੁਲਜ਼ਮਾਂ ਨੇ ‘ਅੱਗ ਲਾਓ-ਅੱਗ’ ਦਾ ਰੌਲਾ ਪਾਉਣ ਸ਼ੁਰੂ ਕੀਤਾ ਤਾਂ ਕਰਮਚਾਰੀਆਂ ਨੇ ਮੌਕੇ ਤੋਂ ਭੱਜ ਕੇ ਅਪਣੀ ਜਾਨ ਬਚਾਈ। ਘਟਨਾ ਤੋਂ ਬਾਅਦ ਦੋ ਵਿਅਕਤੀਆਂ ਨੂੰ ਪੁਲਿਸ ਨੇ ਹਿਰਾਸਤ ਵਿਚ ਲਿਆ ਹੈ ਪਰ ਗ੍ਰਿਫ਼ਤਾਰ ਦੀ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ। ਥਾਣਾ ਕੋਤਵਾਲੀ ਮੁਖੀ ਹਰਿਜੰਦਰ ਸਿੰਘ ਢਿਲੋਂ ਨੇ ਕਿਹਾ ਕਿ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।