ਕਾਂਗਰਸ ਦੀ ਅੰਦਰੂਨੀ ਮੀਟਿੰਗ ’ਚ ਹੋਈ ਚਰਚਾ
ਅੰਮ੍ਰਿਤਸਰ: ਅੰਮ੍ਰਿਤਸਰ ਵਿੱਚ ਕਾਂਗਰਸੀ ਨੇਤਾ ਅਤੇ ਸਾਬਕਾ ਮੰਤਰੀ ਡਾ. ਰਾਜਕੁਮਾਰ ਵੇਰਕਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਾਂਗਰਸ ਪਾਰਟੀ ਅੰਦਰ ਚੱਲ ਰਹੀ ਬਿਆਨਬਾਜ਼ੀ ਅਤੇ ਦਲਿਤ ਮੁੱਦਿਆਂ ‘ਤੇ ਸਪਸ਼ਟੀਕਰਨ ਦਿੱਤਾ। ਉਨ੍ਹਾਂ ਕਿਹਾ ਕਿ ਜਿਸ ਮੀਟਿੰਗ ਨੂੰ ਲੈ ਕੇ ਚਰਚਾ ਹੋ ਰਹੀ ਹੈ, ਉਹ ਕਾਂਗਰਸ ਪਾਰਟੀ ਦੀ ਅੰਦਰੂਨੀ ਮੀਟਿੰਗ ਸੀ ਅਤੇ ਉਸ ਵਿੱਚ ਦਲਿਤ ਮੁੱਦਿਆਂ ‘ਤੇ ਸਿਹਤਮੰਦ ਚਰਚਾ ਹੋਈ।
ਡਾ. ਵੇਰਕਾ ਨੇ ਕਿਹਾ ਕਿ ਪਾਰਟੀ ਦੇ ਅੰਦਰ ਹਰ ਆਗੂ ਨੂੰ ਆਪਣੀ ਗੱਲ ਰੱਖਣ ਦਾ ਪੂਰਾ ਅਧਿਕਾਰ ਹੁੰਦਾ ਹੈ। ਚਰਨਜੀਤ ਸਿੰਘ ਚੰਨੀ ਵੱਲੋਂ ਜੋ ਗੱਲਾਂ ਕਹੀਆਂ ਗਈਆਂ ਹਨ, ਉਹੀ ਗੱਲਾਂ ਪਹਿਲਾਂ ਰਾਹੁਲ ਗਾਂਧੀ ਵੀ ਕਰ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਸੋਸ਼ਲ ਇੰਜੀਨੀਅਰਿੰਗ ਦੇ ਅਧਾਰ ‘ਤੇ ਸਮਾਜ ਦੇ ਹਰ ਵਰਗ ਨੂੰ ਉਸਦਾ ਹੱਕ ਮਿਲਣਾ ਚਾਹੀਦਾ ਹੈ ਅਤੇ ਜਿੱਥੇ ਕਿਤੇ ਵੀ ਕਮੀ ਰਹਿ ਗਈ ਹੈ, ਉਸਨੂੰ ਦੂਰ ਕਰਨਾ ਲਾਜ਼ਮੀ ਹੈ। ਉਨ੍ਹਾਂ ਕਿਹਾ ਕਿ ਇਹ ਵਿਚਾਰ ਸਿਰਫ਼ ਚੰਨੀ ਸਾਹਿਬ ਦੇ ਨਹੀਂ ਹਨ, ਬਲਕਿ ਰਾਜਾ ਵੜਿੰਗ ਅਤੇ ਪ੍ਰਤਾਪ ਸਿੰਘ ਬਾਜਵਾ ਵੀ ਇਹੀ ਗੱਲ ਕਹਿ ਰਹੇ ਹਨ ਕਿ ਜੋ ਲੋਕ ਪਿੱਛੇ ਰਹਿ ਗਏ ਹਨ ਜਾਂ ਜਿਨ੍ਹਾਂ ਨੂੰ ਅੱਗੇ ਵਧਣ ਦਾ ਮੌਕਾ ਨਹੀਂ ਮਿਲਿਆ, ਉਨ੍ਹਾਂ ਨੂੰ ਨਾਲ ਲੈ ਕੇ ਚੱਲਣਾ ਚਾਹੀਦਾ ਹੈ।
35 ਕਾਂਗਰਸੀ ਆਗੂਆਂ ਵੱਲੋਂ ਹਾਈ ਕਮਾਂਡ ਨੂੰ ਲਿਖੀ ਗਈ ਚਿੱਠੀ ‘ਤੇ ਬੋਲਦਿਆਂ ਡਾ. ਵੇਰਕਾ ਨੇ ਕਿਹਾ ਕਿ ਇਸ ਨਾਲ ਪਾਰਟੀ ਵਿੱਚ ਕਿਸੇ ਵੀ ਤਰ੍ਹਾਂ ਦੀ ਦੋ ਫਾੜ ਦੀ ਗੱਲ ਨਹੀਂ ਹੈ। ਹਾਈ ਕਮਾਂਡ ਨਾਲ ਗੱਲ ਕਰਨਾ ਅਤੇ ਆਪਣੀ ਰਾਇ ਰੱਖਣਾ ਕਾਂਗਰਸ ਦੀ ਪਰੰਪਰਾ ਦਾ ਹਿੱਸਾ ਹੈ। ਉਨ੍ਹਾਂ ਸਪਸ਼ਟ ਕੀਤਾ ਕਿ ਉਹ ਇਸ ਚਿੱਠੀ ਵਿੱਚ ਸ਼ਾਮਲ ਨਹੀਂ ਹਨ ਅਤੇ ਉਨ੍ਹਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ।
