
ਲੋਕ ਸਭਾ ਚੋਣਾਂ ਦਾ ਐਲਾਨ ਮਾਰਚ ਮਹੀਨੇ ਵਿਚ ਹੋ ਜਾਣ ਕਾਰਨ ਵੱਖ-ਵੱਖ ਪਾਰਟੀਆਂ ਦੇ ਉਮੀਦਾਵਾਰਾਂ ਵਲੋਂ ਹਾਈਕਮਾਂਡ ਤਕ ਪਹੁੰਚ ਕਰ ਕੇ ਅਪਣੀ ਦਾਅਵੇਦਾਰੀ ਪੱਕੀ ਕੀਤੀ.......
ਪੱਟੀ : ਲੋਕ ਸਭਾ ਚੋਣਾਂ ਦਾ ਐਲਾਨ ਮਾਰਚ ਮਹੀਨੇ ਵਿਚ ਹੋ ਜਾਣ ਕਾਰਨ ਵੱਖ-ਵੱਖ ਪਾਰਟੀਆਂ ਦੇ ਉਮੀਦਾਵਾਰਾਂ ਵਲੋਂ ਹਾਈਕਮਾਂਡ ਤਕ ਪਹੁੰਚ ਕਰ ਕੇ ਅਪਣੀ ਦਾਅਵੇਦਾਰੀ ਪੱਕੀ ਕੀਤੀ ਜਾ ਰਹੀ ਹੈ। ਪੰਜਾਬ ਦੇ 13 ਲੋਕ ਸਭਾ ਹਲਕਿਆਂ ਵਿਚੋਂ ਹਲਕਾ ਖਡੂਰ ਸਾਹਿਬ ਵਿਚ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਦੇ ਦਾਅਵੇਦਾਰਾਂ ਦੀ ਗਿਣਤੀ ਘੱਟ ਨਜ਼ਰ ਆ ਰਹੀ ਹੈ, ਉਥੇ ਕਾਂਗਰਸ ਪਾਰਟੀ ਵਲੋਂ ਚੋਣ ਲੜਨ ਲਈ ਦਾਅਵੇਦਾਰਾਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਇਸ ਹਲਕੇ ਤੋਂ ਕਾਂਗਰਸ ਪਾਰਟੀ ਲਈ ਵਿਧਾਨ ਸਭਾ ਹਲਕਾ ਖੇਮਕਰਨ ਗੁਰਚੇਤ ਸਿੰਘ ਭੁੱਲਰ, ਉਨ੍ਹਾਂ ਦੇ ਸਪੁੱਤਰ ਅਨੂਪ ਸਿੰਘ, ਕਿਰਨਜੀਤ ਸਿੰਘ ਮਿੱਠਾ,
ਸਰਵਨ ਸਿੰਘ ਧੁੰਨ, ਹਲਕਾ ਜ਼ੀਰਾ ਤੋਂ ਇੰਦਰਜੀਤ ਸਿੰਘ ਜ਼ੀਰਾ ਸਾਬਕਾ ਮੰਤਰੀ, ਕੁਲਬੀਰ ਸਿੰਘ ਜ਼ੀਰਾ ਵਿਧਾਇਕ, ਹਲਕਾ ਬਿਆਸ ਤੋਂ ਸਾਬਕਾ ਵਿਧਾਇਕ ਜਸਬੀਰ ਸਿੰਘ ਡਿੰਪਾ, ਹਲਕਾ ਤਰਨਤਾਰਨ ਤੋਂ ਮਨਿੰਦਰਪਾਲ ਸਿੰਘ ਪਲਾਸੌਰ ਅਤੇ ਵਿਧਾਨ ਸਭਾ ਹਲਕਾ ਪੱਟੀ ਤੋਂ ਸੀਨੀਅਰ ਕਾਂਗਰਸੀ ਆਗੂ ਜਗਤਾਰ ਸਿੰਘ ਬੁਰਜ ਤੋਂ ਇਲਾਵਾ ਯੂਥ ਕਾਂਗਰਸ ਦੇ ਕੋਟੇ ਵਿਚੋਂ ਹਰਪ੍ਰੀਤ ਸਿੰਘ ਸੰਧੂ ਪ੍ਰਧਾਨ ਯੂਥ ਕਾਂਗਰਸ ਹਲਕਾ ਖਡੂਰ ਸਹਿਬ ਨੇ ਵੀ ਅਪਣੀ ਦਾਅਵੇਦਾਰੀ ਪੇਸ਼ ਕੀਤੀ ਹੈ।
ਇਸ ਮੌਕੇ ਜਗਤਾਰ ਸਿੰਘ ਬੁਰਜ ਸੀਨੀਅਰ ਆਗੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਕਾਂਗਰਸ ਦੇ ਵਫ਼ਾਦਾਰ ਸਿਪਾਹੀ ਹਨ
ਅਤੇ ਉਹ ਕਾਂਗਰਸ ਪਾਰਟੀ ਲਈ ਲੰਮੇ ਸਮੇਂ ਤੋਂ ਬੇਦਾਗ਼ ਸੇਵਾ ਕਰਦੇ ਆ ਰਹੇ ਹਨ। ਉਨ੍ਹਾਂ ਦਸਿਆ ਕਿ ਉਨ੍ਹਾਂ ਨੇ ਬੀਤੇ ਸਾਲ 1992 ਤੇ 2007 ਵਿਚ ਵਿਧਾਨ ਸਭਾ ਚੋਣਾਂ ਲਈ ਹਲਕਾ ਪੱਟੀ ਤੋਂ ਦਾਅਵੇਦਾਰੀ ਪੇਸ਼ ਕੀਤੀ ਸੀ ਅਤੇ ਉਨ੍ਹਾਂ ਦਾ ਨਾਮ ਮੁੱਖ ਦਾਅਵੇਦਾਰਾਂ ਦੀ ਸੂਚੀ ਵਿਚ ਸ਼ਾਮਲ ਸੀ ਪਰ ਹਾਈਕਮਾਂਡ ਵਲੋਂ ਹੋਰ ਦੂਸਰੇ ਉਮੀਦਵਾਰਾਂ ਨੂੰ ਟਿਕਟ ਦਿਤੇ ਜਾਣ 'ਤੇ ਵੀ ਪਾਰਟੀ ਹੁਕਮਾਂ ਉਪਰ ਫੁੱਲ ਚੜ੍ਹਾਉਂਦਿਆਂ ਉਮੀਦਵਾਰਾਂ ਦੀ ਡੱਟ ਕੇ ਹਮਾਇਤ ਕੀਤੀ ਜਾਂਦੀ ਰਹੀ ਹੈ। ਇਸ ਮੌਕੇ ਲੋਕ ਸਭਾ ਹਲਕਾ ਖਡੂਰ ਸਾਹਿਬ ਯੂਥ ਕਾਂਗਰਸ ਦੇ ਪ੍ਰਧਾਨ ਹਰਪ੍ਰੀਤ ਸਿੰਘ ਨੇ ਕਿਹਾ ਕਿ ਉਹ ਪਿਛਲੇ ਲੰਮੇ ਸਮੇਂ ਤੋਂ ਯੂਥ ਕਾਂਗਰਸ ਦੇ ਨਾਲ-ਨਾਲ ਪੰਜਾਬ ਪ੍ਰਦੇਸ਼
ਕਾਂਗਰਸ ਦੇ ਮੈਂਬਰ ਵਜੋਂ ਵੀ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰ ਰਹੇ ਹਨ ਅਤੇ ਇਸ ਸਮੇਂ ਉਹ ਲੋਕ ਸਭਾ ਖਡੂਰ ਸਾਹਿਬ ਤੋਂ ਯੂਥ ਕਾਂਗਰਸ ਦੇ ਪ੍ਰਧਾਨ ਵਜੋਂ ਸੇਵਾਵਾਂ ਨਿਭਾਅ ਰਹੇ ਹਨ ਤੇ ਉਨ੍ਹਾਂ ਨੇ ਅਪਣੇ ਇਸ ਕਾਰਜਕਾਲ ਦੌਰਾਨ ਨੌਜਵਾਨਾਂ ਨੂੰ ਯੂਥ ਕਾਂਗਰਸ ਨਾਲ ਜੋੜ ਕੇ ਮਜ਼ਬੂਤ ਸੰਗਠਨ ਬਣਾਇਆ ਹੈ। ਉਨ੍ਹਾਂ ਕਿਹਾ ਕਿ ਆਲ ਇੰਡੀਆ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਵਲੋਂ ਲੋਕ ਸਭਾ ਚੋਣਾਂ ਵਿਚ ਯੂਥ ਕਾਂਗਰਸ ਲਈ ਸੀਟਾਂ ਰਾਖਵੀਆਂ ਰੱਖੀਆਂ ਹਨ ਜਿਸ ਵਿਚ ਉਨ੍ਹਾਂ ਨੂੰ ਯੂਥ ਕੋਟੇ ਵਿਚੋਂ ਅਪਣੀ ਦਾਅਵੇਦਾਰੀ ਪੇਸ਼ ਕੀਤੀ ਹੈ।
ਜੇਕਰ ਉਨ੍ਹਾਂ ਨੂੰ ਸੀਟ ਮਿਲਦੀ ਹੈ ਉਹ ਸ਼ਾਨ ਨਾਲ ਜਿੱਤ ਪ੍ਰਾਪਤ ਕਰਨਗੇ। ਇਸ ਤੋਂ ਇਲਾਵਾ ਕਾਂਗਰਸ ਪਾਰਟੀ ਨਾਲ ਸਬੰਧਤ ਬਾਕੀ ਉਮੀਦਵਾਰਾਂ ਵਲੋਂ ਮਜ਼ਬੂਤੀ ਨਾਲ ਅਪਣੀ ਦਾਅਵੇਦਾਰੀ ਪੇਸ਼ ਕੀਤੀ ਜਾ ਰਹੀ ਹੈ। ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਵਲੋਂ ਸਾਬਕਾ ਵਿਧਾਇਕ ਵਿਰਸਾ ਸਿੰਘ ਵਲਟੋਹਾ, ਹਰੀ ਸਿੰਘ ਜ਼ੀਰਾ ਦੇ ਨਾਮ ਚਰਚਾ ਵਿਚ ਹਨ।
ਇਸ ਨਾਲ ਹੀ ਆਮ ਆਦਮੀ ਪਾਰਟੀ ਵਲੋਂ ਪਿਛਲੀਆਂ ਵਿਧਾਨ ਸਭਾ ਚੋਣਾਂ ਹਲਕਾ ਖਡੂਰ ਸਾਹਿਬ ਤੋਂ ਚੋਣ ਲੜ ਚੁੱਕੇ ਭੁਪਿੰਦਰ ਸਿੰਘ ਬਿੱਟੂ ਵਲੋਂ ਮਜ਼ਬੂਤੀ ਨਾਲ ਦਾਅਵੇਦਾਰੀ ਰੱਖੀ ਗਈ ਹੈ। ਇਸ ਨਾਲ ਹੀ ਕਸ਼ਮੀਰ ਸਿੰਘ ਸੋਹਲ, ਕਰਤਾਰ ਸਿੰਘ ਪਹਿਲਵਾਨ, ਰਣਜੀਤ ਸਿੰਘ ਚੀਮਾ ਤੋਂ ਇਲਾਵਾ ਪੰਜਾਬੀ ਪਾਰਟੀ ਅਤੇ ਲੋਕ ਇਨਸਾਫ਼ ਪਾਰਟੀ ਵਲੋਂ ਅਜੇ ਤਕ ਲੋਕ ਸਭਾ ਚੋਣਾਂ ਲਈ ਦੋਹਾਂ ਪਾਰਟੀਆਂ ਵਲੋਂ ਕਿਸੇ ਨੂੰ ਵੀ ਉਮੀਦਵਾਰ ਬਣਾਉਣ ਦੇ ਨਾਮ ਚਰਚਾ ਵਿਚ ਨਹੀਂ ਹਨ।