
ਬੇਅਦਬੀ ਮਾਮਲੇ 'ਚ ਬਾਦਲਾਂ ਦੀ ਨੀਂਦ ਉਡਾਉਣ ਨੂੰ ਤਿਆਰ ਕੈਪਟਨ ਸਰਕਾਰ !
ਚੰਡੀਗੜ੍ਹ: ਬਹਿਬਲ ਕਲਾਂ ਗੋਲੀਕਾਂਡ ਤੇ ਬਰਗਾੜੀ ਬੇਅਦਬੀ ਮਾਮਲੇ ਨੂੰ ਲੈ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿਧਾਨ ਸਭਾ ਵਿਚ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਸਾਰੇ ਮਾਮਲਿਆਂ ਦੀ ਜਾਂਚ ਪੰਜਾਬ ਪੁਲਿਸ ਹੀ ਕਰੇਗੀ। ਕੈਪਟਨ ਨੇ ਕਿਹਾ ਕਿ ਇਨ੍ਹਾਂ ਕੇਸਾਂ ਵਿਚ ਸੀਬੀਆਈ ਸੁਪਰੀਮ ਕੋਰਟ 'ਚ ਕੇਸ ਹਾਰ ਗਈ ਹੈ।
Photo
ਹੁਣ ਪੰਜਾਬ ਸਰਕਾਰ ਵਲੋਂ ਬਣਾਈ ਗਈ SIT ਇਸ ਮਾਮਲੇ ਦੀ ਜਾਂਚ ਕਰੇਗੀ। ਇਸ ਸਬੰਧੀ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਸੁਖਬੀਰ ਬਾਦਲ ਦੀ ਇਕੋ ਮੰਗ ਸੀ ਕਿ ਬੇਅਦਬੀ ਮਾਮਲੇ ਦੀ ਜਾਂਚ ਸੀਬੀਆਈ ਨੂੰ ਦੇ ਦਿਓ ਕਿਉਂਕਿ ਉਹਨਾਂ ਦੀ ਸਰਕਾਰ ਸੀ ਤੇ ਇਹ ਕੁਝ ਕਰਨਾ ਚਾਹੁੰਦੇ ਸੀ। ਅੱਜ ਸੁਪਰੀਮ ਕੋਰਟ ਨੇ ਇਹਨਾਂ ਦੇ ਮੂੰਹ ‘ਤੇ ਵੱਡੀ ਚਪੇੜ ਮਾਰੀ ਹੈ।
Photo
ਉਹਨਾਂ ਕਿਹਾ ਕਿ ਹੁਣ ਪੰਜਾਬ ਸਰਕਾਰ ਜਲਦ ਹੀ ਲੋਕਾਂ ਸਾਹਮਣੇ ਸੱਚਾਈ ਲੈ ਕੇ ਆਵੇਗੀ। ਇਸ ਦੌਰਾਨ ਬਿਕਮਰ ਮਜੀਠੀਆ ਨਾਲ ਪੇਸ਼ ਕੀਤੀਆਂ ਤਸਵੀਰਾਂ ‘ਤੇ ਬਿਆਨ ਦਿੰਦਿਆਂ ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਜਿਨ੍ਹਾਂ ਲੀਡਰਾਂ ਦੀਆਂ ਤਸਵੀਰਾਂ ਨਾਲ ਲੱਗੀਆਂ ਹਨ ਉਹਨਾਂ ਦੀ ਐਸਟੀਐਫ ਜਾਂਚ ਕਰੇਗੀ।
Photo
ਇਸ ਦੇ ਨਾਲ ਹੀ ਰੰਧਾਵਾ ਨੇ ਅਕਾਲੀ ਦਲ ਵੱਲੋਂ ਵਿਧਾਨ ਸਭਾ ਦੇ ਬਾਹਰ ਕੀਤੇ ਗਏ ਪ੍ਰਦਰਸ਼ਨ ਨੂੰ ਲੈ ਕੇ ਅਕਾਲੀਆਂ ਨੂੰ ਘੇਰਿਆ ਹੈ। ਉਹਨਾਂ ਕਿਹਾ ਕਿ ਅਕਾਲੀ ਪੰਜਾਬ ਦੇ ਗਰੀਬਾਂ ਨੂੰ ਕਰੰਟ ਲਾ ਕੇ ਗਲੇ ‘ਚ ਬੱਲਬ ਪਾ ਕੇ ਫਿਰ ਰਹੇ ਹਨ। ਹੁਣ ਜਿਸ ਦਿਨ ਵ੍ਹਾਈਟ ਪੇਪਰ ਆਵੇਗਾ, ਪੰਜਾਬ ਸਰਕਾਰ ਇਹਨਾਂ ਨੂੰ ਕਰੰਟ ਲਗਾਵੇਗੀ।
Photo
ਦੱਸ ਦਈਏ ਕਿ ਅੱਜ ਵਿਧਾਨ ਸਭਾ ਇਜਲਾਸ ਦੇ ਪਹਿਲੇ ਹੀ ਦਿਨ ਅਕਾਲੀ ਦਲ ਵੱਲੋਂ ਵਿਧਾਨ ਸਭਾ ਦੇ ਬਾਹਰ ਪ੍ਰਦਰਸ਼ਨ ਕੀਤਾ ਗਿਆ। ਇਸ ਪ੍ਰਦਰਸ਼ਨ ਦੀ ਅਗਵਾਈ ਬਿਕਰਮ ਮਜੀਠੀਆ ਵੱਲੋਂ ਕੀਤੀ ਜਾ ਰਹੀ ਸੀ। ਇਹ ਪ੍ਰਦਰਸ਼ਨ ਬਿਜਲੀ ਦੇ ਬਿੱਲਾਂ ਅਤੇ ਹੋਰ ਕਈ ਮੁੱਦਿਆਂ ਨੂੰ ਲੈ ਕੇ ਕੀਤਾ ਜਾ ਰਿਹਾ ਸੀ। ਇਸ ਦੌਰਾਨ ਅਕਾਲੀ ਆਗੂਆਂ ਵੱਲੋਂ ਗਲੇ ਵਿਚ ਬਿਜਲੀ ਦੇ ਬੱਲਬ ਪਾਏ ਗਏ ਸਨ। ਇਸ ਦੇ ਨਾਲ ਹੀ ਉਹਨਾਂ ਦੇ ਹੱਥਾਂ ਵਿਚ ਕੈਪਟਨ ਸਰਕਾਰ ਵਿਰੋਧੀ ਪੋਸਟਰ ਵੀ ਸਨ।