
15ਵੀਂ ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦੀ ਹੰਗਾਮੇ ਨਾਲ ਸ਼ੁਰੂਆਤ ਹੋ ਗਈ ਹੈ।
ਚੰਡੀਗੜ੍ਹ: 15ਵੀਂ ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦੀ ਹੰਗਾਮੇ ਨਾਲ ਸ਼ੁਰੂਆਤ ਹੋ ਗਈ ਹੈ। ਪਹਿਲਾਂ ਤੋਂ ਹੀ ਅੰਦਾਜ਼ਾ ਲਗਾਇਆ ਜਾ ਰਿਹਾ ਸੀ ਕਿ ਇਹ ਇਜਲਾਸ ਹੰਗਾਮੇ ਭਰਿਆ ਹੋਵੇਗਾ ਕਿਉਂਕਿ ਦੋ ਤਿਹਾਈ ਬਹੁਮਤ ਵਾਲੀ ਕਾਂਗਰਸ ਸਰਕਾਰ ਦੀ ਕਾਰਗੁਜ਼ਾਰੀ ਬਾਰੇ ਦੋਨੋ ਵਿਰੋਧੀ ਧਿਰਾਂ 'ਆਪ' ਤੇ ਅਕਾਲੀ ਭਾਜਪਾ ਸਮੇਤ ਲੋਕ ਇਨਸਾਫ਼ ਪਾਰਟੀ ਦੇ ਵਿਧਾਇਕ ਲੋਕ ਹਿਤ ਮੁੱਦਿਆਂ ਤੇ ਭਖਵੀਂ ਬਹਿਸ ਚਾਹੁੰਦੇ ਹਨ।
Photo
ਇਜਲਾਸ ਦੇ ਪਹਿਲੇ ਹੀ ਦਿਨ ਅਕਾਲੀ ਦਲ ਵੱਲੋਂ ਵਿਧਾਨ ਸਭਾ ਦੇ ਬਾਹਰ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸ ਪ੍ਰਦਰਸ਼ਨ ਦੀ ਅਗਵਾਈ ਬਿਕਰਮ ਮਜੀਠੀਆ ਵੱਲੋਂ ਕੀਤੀ ਜਾ ਰਹੀ ਹੈ। ਇਹ ਪ੍ਰਦਰਸ਼ਨ ਬਿਜਲੀ ਦੇ ਬਿੱਲਾਂ ਅਤੇ ਹੋਰ ਕਈ ਮੁੱਦਿਆਂ ਨੂੰ ਲੈ ਕੇ ਕੀਤਾ ਜਾ ਰਿਹਾ ਹੈ। ਪੰਜਾਬ ਸਰਕਾਰ 25 ਫਰਵਰੀ ਨੂੰ ਪੰਜਾਬ ਦੇ ਬਜਟ ਪੇਸ਼ ਕਰੇਗੀ। ਇਸ ਦੌਰਾਨ ਅਕਾਲੀ ਆਗੂਆਂ ਵੱਲੋਂ ਗਲੇ ਵਿਚ ਬਿਜਲੀ ਦੇ ਬੱਲਬ ਪਾਏ ਗਏ ਹਨ।
Photo
ਇਸ ਦੇ ਨਾਲ ਹੀ ਉਹਨਾਂ ਦੇ ਹੱਥਾਂ ਵਿਚ ਕੈਪਟਨ ਸਰਕਾਰ ਵਿਰੋਧੀ ਪੋਸਟਰ ਦਿਖਾਈ ਦੇ ਰਹੇ ਹਨ। ਦੱਸ ਦਈਏ ਕਿ ਵਿਧਾਨ ਸਭਾ ਸਕਤਰੇਤ ਵਲੋਂ ਜਾਰੀ ਆਰਜ਼ੀ ਪ੍ਰੋਗਰਾਮ ਨੂੰ ਲੈ ਕੇ ਦੋਨਾਂ ਧਿਰਾਂ ਦੇ ਵਿਧਾਇਕਾਂ ਤੇ ਉਨ੍ਹਾਂ ਦੇ ਨੇਤਾਵਾਂ ਨੇ ਸਪੀਕਰ ਰਾਣਾ ਕੇਪੀ ਸਿੰਘ ਨਾਲ ਮੁਲਾਕਾਤ ਕਰਕੇ ਮੰਗ ਕੀਤੀ ਗਈ ਸੀ ਕਿ ਇਸ 8 ਬੈਠਕਾਂ ਵਾਲੇ ਬਜਟ ਇਜਲਾਸ ਦਾ ਸਮਾਂ ਵਧਾ ਕੇ ਘਟੋ ਘਟ 20 ਬੈਠਕਾਂ ਕੀਤੀਆਂ ਜਾਣ।