
ਉੁਮਰ ਅਪਣੀ ਪਤਨੀ ਪਾਇਲ ਅਬਦੁੱਲਾ ਤੋਂ ਚਾਹੁੰਦੇ ਹਨ ਤਲਾਕ
ਜੰਮੂ, 19 ਫ਼ਰਵਰੀ: ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਅਤੇ ਨੈਸ਼ਨਲ ਕਾਨਫ਼ਰੰਸ ਦੇ ਆਗੂ ਉਮਰ ਅਬਦੁੱਲਾ ਅਪਣੀ ਪਤਨੀ ਪਾਇਲ ਤੋਂ ਛੇਤੀ ਤਲਾਕ ਚਾਹੁੰਦੇ ਹਨ। ਇਸ ਮਾਮਲੇ ’ਚ ਉਮਰ ਦੀ ਅਰਜ਼ੀ ’ਤੇ ਸੁਪਰੀਮ ਕੋਰਟ ਨੇ ਦਿੱਲੀ ਹਾਈ ਕੋਰਟ ਦੇ ਰਜਿਸਟਰਾਰ ਨੂੰ ਨੋਟਿਸ ਜਾਰੀ ਕੀਤਾ ਹੈ। ਹਾਈ ਕੋਰਟ ’ਚ ਮਾਮਲਾ ਸਾਲਾਂ ਤੋਂ ਪੈਂਡਿੰਗ ਰਹਿਣ ਤੋਂ ਪ੍ਰੇਸ਼ਾਨ ਉਮਰ ਅਬਦੁੱਲਾ ਨੇ ਸੁਪਰੀਮ ਕੋਰਟ ’ਚ ਅਰਜ਼ੀ ਲਗਾਈ ਹੈ।
ਸੁਪਰੀਮ ਕੋਰਟ ਨੇ ਦਿੱਲੀ ਹਾਈ ਕੋਰਟ ਦੇ ਰਜਿਸਟਰਾਰ ਨੂੰ ਨੋਟਿਸ ਜਾਰੀ ਕਰ ਕੇ ਪੁਛਿਆ ਕਿ ਆਖ਼ਰ ਦੇਰੀ ਕਿਉਂ ਹੋ ਰਹੀ ਹੈ? ਇਸ ਮਾਮਲੇ ’ਚ 2 ਹਫ਼ਤਿਆਂ ਬਾਅਦ ਅਗਲੀ ਸੁਣਵਾਈ ਹੋਵੇਗੀ। ਸੁਪਰੀਮ ਕੋਰਟ ’ਚ ਚੀਫ਼ ਜਸਟਿਸ ਐੱਸ.ਏ. ਬੋਬੜੇ, ਜੱਜ ਏ.ਐੱਸ. ਬੋਪੰਨਾ ਅਤੇ ਜੱਜ ਵੀ. ਰਾਮਸੁਬਰਮਣੀਅਮ ਦੀ ਬੈਂਚ ਨੇ ਦਿੱਲੀ ਹਾਈ ਕੋਰਟ ਦੇ ਰਜਿਸਟਰਾਰ ਜਨਰਲ ਨੂੰ ਨੋਟਿਸ ਜਾਰੀ ਕਰ ਕੇ ਜਵਾਬ ਮੰਗਿਆ ਹੈ। ਉਮਰ ਵਲੋਂ ਕੋਰਟ ’ਚ ਕਪਿਲ ਸਿੱਬਲ ਨੇ ਕਿਹਾ ਕਿ ਇਸ ਵਿਵਾਹਿਕ ਵਿਵਾਦ ’ਚ ਦੂਜਾ ਪੱਖ ਵੀਡੀਉ ਕਾਨਫ਼ਰੰਸ ਰਾਹੀਂ ਅੰਤਮ ਸੁਣਵਾਈ ਛੇਤੀ ਕਰਨ ਲਈ ਅਪਣੀ ਸਹਿਮਤੀ ਨਹੀਂ ਦੇ ਰਿਹਾ। ਇਸ ਲਈ ਮਾਮਲਾ 2017 ਤੋਂ ਅਟਕਿਆ ਪਿਆ ਹੈ। (ਏਜੰਸੀ)
ਬੈਂਚ ਨੇ ਸਿੱਬਲ ਨੂੰ ਕਿਹਾ ਕਿ ਅਸੀਂ ਕਿਸੇ ਨੂੰ ਵੀ ਅਪਣੀ ਸਹਿਮਤੀ ਦੇਣ ਲਈ ਮਜ਼ਬੂਰ ਕਰ ਸਕਦੇ ਹਾਂ? ਦਿੱਲੀ ਹਾਈ ਕੋਰਟ ਨੇ ਪਿਛਲੇ ਸਾਲ 26 ਅਪ੍ਰੈਲ ਨੂੰ ਵੀਡੀਉ ਕਾਨਫ਼ਰੰਸ ਨਾਲ ਸਬੰਧਤ ਸਰਕੂਲਰ ਜਾਰੀ ਕੀਤਾ ਸੀ। ਉਸ ਨੂੰ ਚੁਣੌਤੀ ਦੇਣ ਵਾਲੀ ਉਮਰ ਦੀ ਪਟੀਸ਼ਨ ਪਿਛਲੇ ਸਾਲ 3 ਨਵੰਬਰ ਨੂੰ ਰੱਦ ਹੋ ਗਈ ਸੀ। ਉਸ ’ਚ ਉਮਰ ਨੇ ਦਲੀਲ ਦਿਤੀ ਸੀ ਕਿ ਸੁਣਵਾਈ ਅਦਾਲਤ ਦੇ 2016 ਦੇ ਇਕ ਆਦੇਸ਼ ਵਿਰੁਧ ਹੈ, ਜਦਕਿ ਉਨ੍ਹਾਂ ਦੇ ਵਿਆਹ ਸਬੰਧੀ ਅਪੀਲ ਫ਼ਰਵਰੀ 2017 ਤੋਂ ਅੰਤਮ ਸੁਣਵਾਈ ਲਈ ਸੂਚੀਬੱਧ ਨਹੀਂ ਹੋਈ ਹੈ। (ਏਜੰਸੀ)