
ਉੱਤਰ ਪ੍ਰਦੇਸ਼ ਪੁਲਿਸ ਨੇ ਉਨਾਵ ਕਾਂਡ ਦਾ ਕੀਤਾ ਪਰਦਾਫ਼ਾਸ਼, ਦੋ ਗਿ੍ਰਫ਼ਤਾਰ
ਇਕਪਾਸੜ ਪਿਆਰ ਵਿਚ ਜ਼ਹਿਰ ਦੇ ਕੇ ਕੀਤਾ ਕਤਲ
ਉਨਾਵ, 19 ਫ਼ਰਵਰੀ: ਉੱਤਰ ਪ੍ਰਦੇਸ਼ ਵਿਚ ਉਨਾਵ ਦੇ ਅਸੋਹਾ ਇਲਾਕੇ ਵਿਚ ਭੂਆ ਭਤੀਜੀ ਦੀ ਸ਼ੱਕੀ ਹਾਲਾਤ ਵਿਚ ਹੋਈ ਮੌਤ ਤੋਂ ਪਰਦਾ ਚੁਕਦਿਆਂ ਯੂਪੀ ਪੁਲਿਸ ਨੇ ਸ਼ੁਕਰਵਾਰ ਸ਼ਾਮ ਨੂੰ ਇਕ ਪ੍ਰੈਸ ਕਾਨਫ਼ਰੰਸ ਕੀਤੀ ਅਤੇ ਦਾਅਵਾ ਕੀਤਾ ਕਿ ਇਕਪਾਸੜ ਪਿਆਰ ਵਿਚ ਵਾਰਦਾਤ ਕੀਤੀ ਗਈ ਹੈ।
ਘਟਨਾ ਨੂੰ ਅੰਜਾਮ ਦੇਣ ਵਾਲੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਿਨ੍ਹਾਂ ਵਿਚੋਂ ਇਕ ਰਾਮ ਵਿਨੈ ਹੈ ਜਦਕਿ ਦੂਜਾ ਦੋਸ਼ੀ ਨਾਬਾਲਗ਼ ਹੈ। ਕਣਕ ਵਿਚ ਰੱਖਣ ਵਾਲੀ ਦਵਾਈ ਤਿੰਨਾਂ ਲੜਕੀਆਂ ਨੂੰ ਦਿਤੀ ਗਈ ਸੀ, ਜਿਸ ਨਾਲ ਦੋ ਦੀ ਮੌਤ ਹੋ ਗਈ ਅਤੇ ਇਕ ਦਾ ਕਾਨਪੁਰ ਦੇ ਰੀਜੈਂਸੀ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। ਆਈਜੀ ਲਖਨਊ ਅਨੁਸਾਰ, ਦੋਵਾਂ ਦੀ ਮੌਤ ਇਕੋ ਕਿਸਮ ਦਾ ਜ਼ਹਿਰ ਖਾਣ ਕਾਰਨ ਹੋਈ ਹੈ।
ਪੁਲਿਸ ਅਨੁਸਾਰ ਅਸੋਹਾ ਥਾਣਾ ਇਲਾਕੇ ਦੇ ਬਬੂਰਹਾ ਪਿੰਡ ਵਿਚ ਬੀਤੀ ਸ਼ਾਮ ਖੇਤਾਂ ਵਿਚ ਘਾਹ ਲੈਣ ਗਈਆਂ ਤਿੰਨ ਦਲਿਤ ਲੜਕੀਆਂ ਦੇ ਖੇਤ ਵਿਚ ਸ਼ੱਕੀ ਹਾਲਤ ਵਿਚ ਮਿਲਣ ਤੋਂ ਬਾਅਦ ਇਲਾਜ ਲਈ ਸੀਐਚਸੀ ਲਿਜਾਇਆ ਗਿਆ ਜਿਥੇ ਡਾਕਟਰਾਂ ਨੇ ਕੋਮਲ (15) ਅਤੇ ਕਾਜਲ (14) ਨੂੰ ਮ੍ਰਿਤਕ ਐਲਾਨ ਦਿਤਾ ਸੀ। ਤੀਜੀ ਲੜਕੀ ਰੋਸ਼ਨੀ ਦੀ ਹਾਲਤ ਨੂੰ ਵੇਖਦਿਆਂ ਉਨਾਵ ਹਸਪਤਾਲ ਲਿਜਾਇਆ ਗਿਆ ਅਤੇ ਬਾਅਦ ਵਿਚ ਕਾਨਪੁਰ ਰੈਫ਼ਰ ਕਰ ਦਿਤਾ ਗਿਆ। (ਏਜੰਸੀ)