
ਪ੍ਰਧਾਨ ਮੰਤਰੀ ਮੋਦੀ ਸਿੱਖ ਮਸਲਿਆਂ ਦੇ ਹੱਲ ਲਈ ਗੰਭੀਰ ਦਿਲਚਸਪੀ ਲੈ ਰਹੇ ਹਨ : ਪ੍ਰੋ: ਖ਼ਿਆਲਾ
ਅੰਮ੍ਰਿਤਸਰ, 19 ਫ਼ਰਵਰੀ (ਸੁਖਵਿੰਦਰਜੀਤ ਸਿੰਘ ਬਹੋੜੂ): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਦੌਰਾਨ ਭਾਜਪਾ ਨਵੇਂ ਆਗੂ ਪ੍ਰੋ: ਸਰਚਾਂਦ ਸਿੰਘ ਖ਼ਿਆਲਾ ਨੇ ਕਿਹਾ ਕਿ ਸਮੁੱਚਾ ਸਿੱਖ ਭਾਈਚਾਰਾ ਪੰਜਾਬ ਵਿਚ ਸਥਾਈ ਅਮਨ-ਸ਼ਾਂਤੀ ਚਾਹੁੰਦਾ ਹੈ। ਦੇਸ਼-ਵਿਦੇਸ ਦੇ ਸਿੱਖਾਂ ਨੂੰ ਨਰਿੰਦਰ ਮੋਦੀ ਤੋਂ ਵੱਡੀਆਂ ਉਮੀਦਾਂ ਹਨ। ਪ੍ਰਧਾਨ ਮੰਤਰੀ ਨੂੰ ਸੌਂਪੇ ਗਏ ਪੱਤਰ ਬਾਰੇ ਪ੍ਰੋ: ਖ਼ਿਆਲਾ ਨੇ ਕਿਹਾ ਕਿ ਜੂਨ 1984 ਵਿਚ ਹਰਿਮੰਦਰ ਸਾਹਿਬ ’ਤੇ ਫ਼ੌਜੀ ਹਮਲਾ ਇੰਦਰਾ ਗਾਂਧੀ ਦੇ ਸਿੱਖਾਂ ਪ੍ਰਤੀ ਨਾਂਹ-ਪੱਖੀ ਰਵਈਏ ਦਾ ਨਤੀਜਾ ਸੀੇ।
ਇਸ ਹਮਲੇ ਨੂੰ ਅੰਮ੍ਰਿਤਸਰ ਦੀ ਅਦਾਲਤ ਨੇ ਵੀ ਬੇਲੋੜਾ ਅਤੇ ਗ਼ਲਤ ਕਰਾਰ ਦਿਤਾ ਹੈ ਜਿਸ ਤਹਿਤ ਜੋਧਪੁਰ ਜੇਲ ਵਿਚ ਬੰਦ ਸਿੱਖਾਂ ਨੂੰ ਕੇਂਦਰ ਅਤੇ ਰਾਜ ਸਰਕਾਰਾਂ ਵਲੋਂ ਮੁਆਵਜ਼ਾ ਦਿਤਾ ਗਿਆ ਹੈ। ਇਸ ਲਈ 1995 ਤਕ ਦੇ ਕਾਲੇ ਦੌਰ ਦੇ ਦੁਖਾਂਤ ਨੂੰ ‘ਰਾਸ਼ਟਰੀ ਤ੍ਰਾਸਦੀ’ ਕਰਾਰ ਦਿੰਦਿਆਂ ਸਰਕਾਰ ਨੂੰ ਅਪੀਲ ਕੀਤੀ ਕਿ ਪੀੜਤ ਪ੍ਰਵਾਰਾਂ ਨੂੰ ਸਰਕਾਰੀ ਸਹਾਇਤਾ ਮੁਹਈਆ ਕਰਵਾਈ ਜਾਵੇ। ਫ਼ੌਜੀ ਕਾਰਵਾਈ ਨਾਲ ਸਬੰਧਤ ਸਾਰੇ ਦਸਤਾਵੇਜ਼ ਜਨਤਕ ਕੀਤੇ ਜਾਣ ਅਤੇ ਬੈਰਕਾਂ ਛੱਡਣ ਵਾਲੇ ਧਰਮੀ ਫ਼ੌਜੀਆਂ ਨੂੰ ਇਨਸਾਫ਼ ਦਿਵਾਇਆ ਜਾਵੇ। ਉਨ੍ਹਾਂ ਨੇ ਨਵੰਬਰ 1984 ਦੇ ਸਿੱਖ ਕਤਲੇਆਮ ਦੇ ਬਾਕੀ ਦੋਸ਼ੀਆਂ ਦੀ ਤੁਰਤ ਗਿ੍ਰਫ਼ਤਾਰੀ ਲਈ ਐਸ.ਆਈ.ਟੀ ਨੂੰ ਕਾਰਵਾਈ ਤੇਜ਼ ਕੀਤੀ ਜਾਵੇ। ਜਬਰੀ ਧਰਮ ਪ੍ਰੀਵਰਤਨ ਅਤੇ ਬੇਅਦਬੀਆਂ ਰੋਕਣ ਲਈ ਠੋਸ ਵਿਉਂਤਬੰਦੀ ਕੀਤੀ ਜਾਵੇ। ਸਰਹੱਦੀ ਖੇਤਰ ਦੇ ਵਿਕਾਸ ਲਈ ਵਿਸ਼ੇਸ਼ ਆਰਥਕ ਪੈਕੇਜ ਦੇਣ ਦੀ ਮੰਗ ਵੀ ਰੱਖੀ।
ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ ਅਤੇ ਭਾਈ ਗੁਰਦੀਪ ਸਿੰਘ ਖੇੜਾ ਸਮੇਤ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿਆਸੀ ਕੈਦੀਆਂ ਦੀ ਤੁਰਤ ਰਿਹਾਈ ਅਤੇ ਮੁੜ ਵਸੇਬੇ ਦੀ ਅਪੀਲ ਵੀ ਕੀਤੀ। ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਸੰਗਤਾਂ ਦੀ ਵੱਧ ਰਹੀ ਆਮਦ ਨੂੰ ਦੇਖਦਿਆਂ ਵਿਸ਼ੇਸ਼ ਆਰਥਕ ਪੈਕੇਜ ਅਤੇ ਪਵਿੱਤਰ ਸ਼ਹਿਰ ਦਾ ਦਰਜਾ ਦੇਣ ਦੀ ਮੰਗ ਕੀਤੀ। ਗੁ. ਕਰਤਾਰਪੁਰ ਦੇ ਦਰਸ਼ਨਾਂ ਲਈ ਸਰਹੱਦੀ ਲਾਂਘੇ ਨੂੰ ਸਰਲ ਕੀਤਾ ਜਾਵੇ। ਪ੍ਰਸਤਾਵਤ ਦਿੱਲੀ-ਅੰਮ੍ਰਿਤਸਰ-ਕਟੜਾ ਐਕਸਪ੍ਰੈਸਵੇਅ ਦਾ ਪੰਜਾਬ ਹਿੱਸਾ ਗੁਰੂ ਤੇਗ ਬਹਾਦਰ ਦੇ ਨਾਂ ’ਤੇ ਸਮਰਪਿਤ ਅਤੇ ਸ਼ਹੀਦੀ ਦਿਹਾੜੇ ’ਤੇ ਰਾਸ਼ਟਰੀ ਛੁੱਟੀ ਦਾ ਐਲਾਨ ਕਰਨ, ਇਸ ਬਾਰੇ ਰਾਸ਼ਟਰੀ ਪੁਰਸਕਾਰ ਦਿਤਾ ਜਾਵੇ। ਗੁਰਦੁਆਰਾ ਗਿਆਨ ਗੋਦੜੀ ਸਾਹਿਬ, ਗੁਰੂ ਡਾਂਗ ਮਾਰ ਸਾਹਿਬ ਅਤੇ ਮੰਗੂ ਮੱਠ ਵਰਗੇ ਮਸਲਿਆਂ ਹੱਲ ਕਰਨ ਦੀ ਵੀ ਅਪੀਲ ਕੀਤੀ। ਘਰੇਲੂ ਉਡਾਣਾਂ ਦੌਰਾਨ ਅੰਮ੍ਰਿਤਧਾਰੀ ਸਿੱਖਾਂ ਨੂੰ 7-8 ਇੰਚ ਦੀ ਕਿਰਪਾਨ ਰੱਖਣ ਅਤੇ ਪੰਜ ਕਕਾਰਾਂ ਨੂੰ ਜੀਐਸਟੀ ਤੋਂ ਛੋਟ ਦੇਣ ਲਈ ਵੀ ਕਿਹਾ। ਪ੍ਰਧਾਨ ਮੰਤਰੀ ਮੋਦੀ ਨੇ ਸਿੱਖ ਮਸਲਿਆਂ ਦੇ ਹੱਲ ਲਈ ਦਿਲਚਸਪੀ ਅਤੇ ਗੰਭੀਰਤਾ ਦਿਖਾਈ ਹੈ।
ਇਸ ਮੌਕੇ ਬਾਬਾ ਮੇਜਰ ਸਿੰਘ ਵਾਂ ਵਾਲੇ, ਬਾਬਾ ਅਵਤਾਰ ਸਿੰਘ ਧੂਰਕੋਟ, ਬਾਬਾ ਪ੍ਰੀਤਮ ਸਿੰਘ ਰਾਜਪੁਰਾ, ਬਾਬਾ ਸਾਹਿਬ ਸਿੰਘ ਕਾਰਸੇਵਾ ਆਨੰਦਪੁਰ, ਬਾਬਾ ਸੁੰਦਰ ਸਿੰਘ ਗੁ: ਭਾਈ ਰਾਮ ਕਿਸਨ ਪਟਿਆਲਾ, ਡਾ: ਹਰਭਜਨ ਸਿੰਘ ਦੇਹਰਾਦੂਨ ਅਤੇ ਕਸ਼ਮੀਰ ਸਿੰਘ ਵੀ ਹਾਜ਼ਰ ਸਨ।