
ਚੋਣਾਂ ਦੀ ਪ੍ਰਕਿਰਿਆ ਸਵੇਰੇ 8 ਵਜੇ ਤੋਂ ਸ਼ੁਰੂ ਹੋ ਕੇ ਸ਼ਾਮ 6 ਵਜੇ ਤੱਕ ਜਾਰੀ ਰਹੇਗੀ।
ਚੰਡੀਗੜ੍ਹ - ਪੰਜਾਬ ’ਚ ਅੱਜ 117 ਸੀਟਾਂ ’ਤੇ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ। ਚੋਣਾਂ ਦੀ ਪ੍ਰਕਿਰਿਆ ਸਵੇਰੇ 8 ਵਜੇ ਤੋਂ ਸ਼ੁਰੂ ਹੋ ਕੇ ਸ਼ਾਮ 6 ਵਜੇ ਤੱਕ ਜਾਰੀ ਰਹੇਗੀ। ਦੱਸ ਦਈਏ ਕਿ ਸੂਬੇ ਅੰਦਰ ਕੁੱਲ 2 ਕਰੋੜ 14 ਲੱਖ 99 ਹਜ਼ਾਰ 804 ਵੋਟਰ ਹਨ, ਜੋ ਕਿ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰਨਗੇ। ਇਨ੍ਹਾਂ ’ਚ 1,12,98081 ਪੁਰਸ਼, 1,02,00,996 ਔਰਤਾਂ ਅਤੇ 727 ਥਰਡ ਜੈਂਡਰ ਵੋਟਰ ਸ਼ਾਮਲ ਹਨ। ਮੁੱਖ ਚੋਣ ਅਧਿਕਾਰੀ ਡਾ. ਐੱਸ. ਕਰੁਣਾ ਰਾਜੂ ਨੇ ਦੱਸਿਆ ਕਿ ਕੁੱਲ 1304 ਉਮੀਦਵਾਰਾਂ ਵਿਚੋਂ 231 ਰਾਸ਼ਟਰੀ ਪਾਰਟੀਆਂ, 250 ਸੂਬਾਈ ਪਾਰਟੀਆਂ, 362 ਗੈਰ ਮਾਨਤਾ ਪ੍ਰਾਪਤ ਪਾਰਟੀਆਂ ਨਾਲ ਸਬੰਧਤ ਹਨ ਜਦਕਿ 461 ਆਜ਼ਾਦ ਉਮੀਦਵਾਰ ਹਨ।
ਕੁੱਲ 14 ਹਜ਼ਾਰ 751 ਸਥਾਨਾਂ ’ਤੇ 24689 ਪੋਲਿੰਗ ਸਟੇਸ਼ਨ ਬਣਾਏ ਗਏ ਹਨ। ਪੰਜਾਬ ’ਚ ਚੋਣ ਪ੍ਰਕਿਰਿਆ ਦੌਰਾਨ ਕੋਰੋਨਾ ਨਿਯਮਾਂ ਦੀ ਪਾਲਣਾ ਕੀਤੀ ਜਾ ਰਹੀ ਹੈ। ਸੂਬੇ ਦੀਆਂ 117 ਵਿਧਾਨ ਸਭਾ ਸੀਟਾਂ ’ਤੇ ਵੋਟਾਂ ਪਾਉਣ ਦਾ ਕੰਮ ਈ. ਵੀ. ਐੱਮ. ਅਤੇ ਵੀ.ਵੀ.ਪੈਟ ਦੀ ਮਦਦ ਨਾਲ ਕੀਤਾ ਜਾਵੇਗਾ। ਪੋਲਿੰਗ ਸਟੇਸ਼ਨਾਂ ਵਾਲੀਆਂ 14684 ਥਾਵਾਂ ’ਤੇ 24689 ਪੋਲਿੰਗ ਸਟੇਸ਼ਨ ਅਤੇ 51 ਆਗਜ਼ੀਲਰੀ ਪੋਲਿੰਗ ਸਟੇਸ਼ਨ ਸਥਾਪਿਤ ਕੀਤੇ ਗਏ ਹਨ, ਜਿਨ੍ਹਾਂ ਵਿਚੋਂ 2013 ਦੀ ਪਛਾਣ ਗੰਭੀਰ, ਜਦਕਿ 2952 ਸੰਵੇਦਨਸ਼ੀਲ ਪੋਲਿੰਗ ਸਟੇਸ਼ਨ ਵਜੋਂ ਕੀਤੀ ਗਈ ਹੈ।
ਉਨ੍ਹਾਂ ਇਹ ਵੀ ਦੱਸਿਆ ਕਿ ਚੋਣਾਂ ਦੇ ਮੱਦੇਨਜ਼ਰ ਪੰਜਾਬ ਰਾਜ ਵਿਚ ਇਸ ਸਾਈਲੈਂਸ ਪੀਰੀਅਡ ਦੌਰਾਨ, ਜੋ ਕਿ ਸਮਾਪਤੀ ਲਾਗੂ ਹੈ, ਤੱਕ ਡਰਾਈ ਡੇਅ ਘੋਸ਼ਿਤ ਕੀਤਾ ਗਿਆ ਹੈ ਅਤੇ ਇਸ ਦੌਰਾਨ ਸ਼ਰਾਬ ਦੀ ਵਿਕਰੀ ’ਤੇ ਮੁਕੰਮਲ ਪਾਬੰਦੀ ਰਹੇਗੀ। ਉਨ੍ਹਾਂ ਇਹ ਵੀ ਦੱਸਿਆ ਕਿ ਗੁਆਂਢੀ ਰਾਜਾਂ, ਜੰਮੂ-ਕਸ਼ਮੀਰ, ਹਰਿਆਣਾ, ਹਿਮਾਚਲ ਪ੍ਰਦੇਸ, ਰਾਜਸਥਾਨ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਦੇ 3 ਕਿਲੋਮੀਟਰ ਦੇ ਘੇਰੇ ਵਿਚ ਆਉਂਦੇ ਸ਼ਰਾਬ ਦੇ ਠੇਕਿਆਂ ਨੂੰ ਵੀ ਇਸ ਸਮੇਂ ਦੌਰਾਨ ਡਰਾਈ ਡੇਅ ਐਲਾਨਿਆ ਗਿਆ ਹੈ।