ਚੇਤਨ ਸਿੰਘ ਜੌੜਾਮਾਜਰਾ ਵੱਲੋਂ ਤਲਵੰਡੀ ਭਾਈ ਅਤੇ ਜ਼ੀਰਾ ਵਿਖੇ ਸੋਧੇ ਪਾਣੀ ਨੂੰ ਸਿੰਜਾਈ ਲਈ ਵਰਤਣ ਦੇ ਪ੍ਰਾਜੈਕਟਾਂ ਦਾ ਉਦਘਾਟਨ
Published : Feb 20, 2024, 8:11 pm IST
Updated : Feb 20, 2024, 8:11 pm IST
SHARE ARTICLE
Chetan Singh Jaudamajra inaugurated the projects of using treated water for irrigation at Talwandi Bhai and Zira.
Chetan Singh Jaudamajra inaugurated the projects of using treated water for irrigation at Talwandi Bhai and Zira.

4.45 ਕਰੋੜ ਰੁਪਏ ਦੀ ਲਾਗਤ ਨਾਲ ਉਸਾਰੇ ਗਏ ਦੋਵੇਂ ਪ੍ਰਾਜੈਕਟ; ਪੰਜ ਪਿੰਡਾਂ ਦੇ 360 ਕਿਸਾਨ ਪਰਿਵਾਰ ਦੀ 556 ਹੈਕਟੇਅਰ ਖੇਤੀਬਾੜੀ ਜ਼ਮੀਨ ਨੂੰ ਮਿਲੇਗਾ ਲਾਭ

"ਖੇਤੀਬਾੜੀ ਲਈ ਸੰਗਠਿਤ ਤਰੀਕੇ ਨਾਲ ਟ੍ਰੀਟਿਡ ਪਾਣੀ ਦੀ ਵਰਤੋਂ ਸ਼ੁਰੂ ਕਰਨ ਵਾਲਾ ਪੰਜਾਬ ਦੇਸ਼ ਦਾ ਪਹਿਲਾ ਸੂਬਾ ਬਣਿਆ"

ਸੋਧੇ ਪਾਣੀ ਦੀ ਵਰਤੋਂ 600 ਐਮ.ਐਲ.ਡੀ ਤੱਕ ਵਧਾ ਕੇ 25000 ਹੈਕਟੇਅਰ ਤੋਂ ਵੱਧ ਰਕਬੇ ਨੂੰ ਲਾਭ ਦੇਣ ਦਾ ਟੀਚਾ

ਕਿਹਾ, ਕਿਸਾਨ ਦੀ ਭਲਾਈ ਲਈ ਉਪਰਾਲੇ ਤਹਿਤ ਸੂਬੇ ਵਿੱਚ 14000 ਤੋਂ ਵੱਧ ਖਾਲ ਬਹਾਲ ਕੀਤੇ

 

ਚੰਡੀਗੜ੍ਹ/ਫ਼ਿਰੋਜ਼ਪੁਰ:  ਪੰਜਾਬ ਤੇ ਜਲ ਸਰੋਤ ਅਤੇ ਭੂਮੀ ਤੇ ਜਲ ਸੰਭਾਲ ਮੰਤਰੀ ਸ. ਚੇਤਨ ਸਿੰਘ ਜੌੜਾਮਾਜਰਾ ਨੇ ਅੱਜ ਸੀਵਰੇਜ ਟਰੀਟਮੈਂਟ ਪਲਾਂਟ ਤਲਵੰਡੀ ਭਾਈ ਅਤੇ ਜ਼ੀਰਾ ਵਿਖੇ ਕ੍ਰਮਵਾਰ 4 ਅਤੇ 8 ਐਮ.ਐਲ.ਡੀ. ਦੀ ਸਮਰੱਥਾ ਵਾਲੇ ਸੋਧੇ (ਟ੍ਰੀਟਿਡ) ਪਾਣੀ ਆਧਾਰਤ ਸਿੰਜਾਈ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ। ਕੁੱਲ 4.45 ਕਰੋੜ ਰੁਪਏ ਦੀ ਲਾਗਤ ਨਾਲ ਉਸਾਰੇ ਗਏ ਦੋਵੇਂ ਪ੍ਰਾਜੈਕਟਾਂ ਨਾਲ ਪੰਜ ਪਿੰਡਾਂ ਦੇ 360 ਕਿਸਾਨ ਪਰਿਵਾਰ ਦੀ 556 ਹੈਕਟੇਅਰ ਖੇਤੀਬਾੜੀ ਜ਼ਮੀਨ ਨੂੰ ਲਾਭ ਮਿਲੇਗਾ।

ਇਸ ਮੌਕੇ ਆਪਣੇ ਸੰਬੋਧਨ ਵਿੱਚ ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਸੂਬੇ ਦੇ ਕਿਸਾਨ ਭਾਈਚਾਰੇ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕਰਨ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਇਆ ਅਤੇ ਕਿਹਾ ਕਿ ਕਿਸਾਨਾਂ ਦੇ ਖੇਤਾਂ ਵਿੱਚ ਸਿੰਜਾਈ ਲਈ ਪਾਣੀ ਮੁਹੱਈਆ ਕਰਵਾਉਣਾ ਸਰਕਾਰ ਦੀ ਤਰਜੀਹੀ ਸੂਚੀ ਵਿੱਚ ਸਭ ਤੋਂ ਉੱਪਰ ਹੈ।

ਉਨ੍ਹਾਂ ਕਿਹਾ ਕਿ ਨਹਿਰੀ ਪਾਣੀ ਆਧਾਰਤ ਖਾਲਾਂ ਨੂੰ ਬਹਾਲ ਕਰਨ ਦੀ ਮੁਹਿੰਮ ਤਹਿਤ ਲਗਭਗ 14000 ਤੋਂ ਵੱਧ ਖਾਲ ਬਹਾਲ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਮਾਨ ਸਰਕਾਰ ਵੱਲੋਂ ਪਿਛਲੇ 2 ਸਾਲਾਂ ਵਿੱਚ ਧਰਤੀ ਹੇਠਲੇ ਪਾਣੀ 'ਤੇ ਨਿਰਭਰਤਾ ਘਟਾਉਣ ਲਈ ਨਹਿਰੀ ਪਾਣੀ ਆਧਾਰਤ ਸਿੰਜਾਈ ਸਹੂਲਤਾਂ ਨੂੰ ਉਤਸ਼ਾਹਤ ਕਰਨ ਨੂੰ ਵੱਡਾ ਬੱਲ ਮਿਲਿਆ ਹੈ। ਉਨ੍ਹਾਂ ਕਿਹਾ ਕਿ ਸਿੰਜਾਈ ਲਈ ਸੋਧੇ ਪਾਣੀ ਦੀ ਵਰਤੋਂ ਵੀ, ਨਹਿਰੀ ਪਾਣੀ ਦੀ ਵੱਧ ਤੋਂ ਵੱਧ ਵਰਤੋਂ ਕਰਨ ਵਾਂਗ ਇੱਕ ਅਹਿਮ ਕਦਮ ਹੈ ਕਿਉਂਕਿ ਇਹ ਪਾਣੀ ਪਹਿਲਾਂ ਡਰੇਨਾਂ ਵਿੱਚ ਜਾਂਦਾ ਸੀ, ਜਦਕਿ ਹੁਣ ਖੇਤੀਬਾੜੀ ਵਿੱਚ ਵਰਤਿਆ ਜਾ ਸਕੇਗਾ।

ਰਾਜ ਦੇ ਸੋਧੇ (ਟ੍ਰੀਟਿਡ) ਵਾਟਰ ਪ੍ਰੋਗਰਾਮ 'ਤੇ ਜ਼ੋਰ ਦਿੰਦੇ ਹੋਏ ਚੇਤਨ ਸਿੰਘ ਜੌੜਾਮਾਜਰਾ ਨੇ ਦੱਸਿਆ ਕਿ ਹੁਣ ਤੱਕ ਰਾਜ ਵਿੱਚ 60 ਐਸ.ਟੀ.ਪੀਜ਼ ਤੋਂ 340 ਐਮ.ਐਲ.ਡੀ ਸੋਧੇ ਪਾਣੀ ਦੀ ਵਰਤੋਂ ਕਰਕੇ ਪ੍ਰਾਜੈਕਟ ਸ਼ੁਰੂ ਕੀਤੇ ਗਏ ਹਨ, ਜਿਸ ਨਾਲ ਲਗਭਗ 11000 ਹੈਕਟੇਅਰ ਖੇਤੀਬਾੜੀ ਰਕਬੇ ਨੂੰ ਫਾਇਦਾ ਹੋ ਰਿਹਾ ਹੈ ਅਤੇ ਅਗਲੇ ਫਸਲੀ ਸੀਜ਼ਨ ਤੱਕ ਸੋਧੇ ਪਾਣੀ ਦੀ ਵਰਤੋਂ 600 ਐਮ.ਐਲ.ਡੀ ਤੱਕ ਵਧਾ ਦਿੱਤੀ ਜਾਵੇਗੀ ਜਿਸ ਨਾਲ 25000 ਹੈਕਟੇਅਰ ਤੋਂ ਵੱਧ ਖੇਤੀਯੋਗ ਜ਼ਮੀਨ ਨੂੰ ਲਾਭ ਹੋਵੇਗਾ।

ਉਨਾਂ ਕਿਹਾ ਕਿ ਖੇਤੀਬਾੜੀ ਲਈ ਸੰਗਠਿਤ ਤਰੀਕੇ ਨਾਲ ਟ੍ਰੀਟਿਡ ਪਾਣੀ ਦੀ ਵਰਤੋਂ ਸ਼ੁਰੂ ਕਰਨ ਵਾਲਾ ਪੰਜਾਬ ਦੇਸ਼ ਦਾ ਪਹਿਲਾ ਸੂਬਾ ਹੈ ਅਤੇ ਹੁਣ ਹੋਰ ਸੂਬੇ ਵੀ ਅਜਿਹੇ ਪ੍ਰੋਗਰਾਮ ਲਾਗੂ ਕਰਨਾ ਸ਼ੁਰੂ ਕਰ ਰਹੇ ਹਨ।

ਇਨ੍ਹਾਂ ਪ੍ਰਾਜੈਕਟਾਂ ਦੇ ਲਾਭਪਾਤਰੀ ਕਿਸਾਨ ਭਾਈਚਾਰੇ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਪਾਣੀ ਦੀ ਹਰ ਬੂੰਦ ਨੂੰ ਸਮਝਦਾਰੀ ਨਾਲ ਵਰਤਣ ਅਤੇ ਸਿੰਜਾਈ ਦੀਆਂ ਬਿਹਤਰ ਤਕਨੀਕਾਂ ਅਪਣਾਉਣ ਦਾ ਸੱਦਾ ਦਿੱਤਾ ਕਿਉਂਕਿ ਖੇਤੀਬਾੜੀ, ਜਲ ਸਰੋਤਾਂ ਦਾ ਮੁੱਖ ਖਪਤਕਾਰ ਹੈ। 

ਪੱਤਰਕਾਰਾਂ ਦੇ ਇੱਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਦੱਸਿਆ ਕਿ ਸਰਕਾਰ ਪਾਣੀ ਦੀ ਸੰਭਾਲ ਲਈ ਵਚਨਬੱਧ ਹੈ ਅਤੇ ਹਾਲ ਹੀ ਵਿੱਚ ਸੂਬੇ ਦੇ ਇੱਕ ਵੱਡੇ ਉਦਯੋਗ ਨਾਲ ਸਮਝੌਤਾ ਕੀਤਾ ਹੈ, ਜੋ ਕਿਸੇ ਨਿੱਜੀ ਅਦਾਰੇ ਨਾਲ ਅਜਿਹਾ ਪਹਿਲਾ ਸਮਝੌਤਾ ਹੈ, ਜਿਸ ਤਹਿਤ ਨਿਜੀ ਅਦਾਰਾ ਰਾਜ ਦੇ ਪਾਣੀ ਦੀ ਸੰਭਾਲ ਦੇ ਖੇਤਰ ਵਿੱਚ ਯੋਗਦਾਨ ਅਤੇ ਨਿਵੇਸ਼ ਕਰੇਗਾ।

ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਪ੍ਰਾਜੈਕਟਾਂ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਤਲਵੰਡੀ ਭਾਈ ਵਿਖੇ 4.5 ਕਿਲੋਮੀਟਰ ਜ਼ਮੀਨਦੋਜ਼ ਪਾਈਪ ਲਾਈਨ ਜਦਕਿ ਜ਼ੀਰਾ ਵਿਖੇ 10.3 ਕਿਲੋਮੀਟਰ ਜ਼ਮੀਨਦੋਜ਼ ਪਾਈਪ ਲਾਈਨ ਵਿਛਾਈ ਗਈ ਹੈ, ਜੋ ਕ੍ਰਮਵਾਰ 1.41 ਕਰੋੜ ਰੁਪਏ ਅਤੇ 3.04 ਕਰੋੜ ਰੁਪਏ ਦੀ ਲਾਗਤ ਨਾਲ ਨੇਪਰੇ ਚਾੜ੍ਹੀ ਗਈ ਹੈ। ਪ੍ਰਾਜੈਕਟਾਂ ਨਾਲ 556 ਹੈਕਟੇਅਰ ਖੇਤੀਬਾੜੀ ਜ਼ਮੀਨ ਅਤੇ ਪੰਜ ਪਿੰਡਾਂ ਹਰਾਜ, ਤਲਵੰਡੀ ਭਾਈ, ਨਿਊ ਜ਼ੀਰਾ, ਗਾਦੜੀ ਵਾਲਾ ਅਤੇ ਬੋਤੀਆਂ ਵਾਲਾ, ਜਿਸ ਵਿੱਚ ਕਿਸਾਨ ਭਾਈਚਾਰੇ ਦੇ 360 ਕਿਸਾਨ ਪਰਿਵਾਰ ਸ਼ਾਮਲ ਹਨ, ਨੂੰ ਲਾਭ ਹੋਵੇਗਾ।

ਮਹਿੰਦਰ ਸਿੰਘ ਸੈਣੀ, ਮੁੱਖ ਭੂਮੀ ਪਾਲ ਪੰਜਾਬ ਨੇ ਇਸ ਮੌਕੇ ਦੱਸਿਆ ਕਿ ਸੋਧੇ ਵਾਟਰ ਯੂਜ਼ ਪ੍ਰਾਜੈਕਟ ਵਿਭਾਗ ਦਾ ਫਲੈਗਸ਼ਿਪ ਪ੍ਰੋਗਰਾਮ ਹੈ। ਵਿਭਾਗ ਦੀਆਂ ਭਵਿੱਖੀ ਯੋਜਨਾਵਾਂ ਦੀ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਦੱਸਿਆ ਕਿ ਵਿਭਾਗ ਨੇ ਹੁਣ ਅਮਰੂਤ-2 ਪ੍ਰੋਗਰਾਮ ਤਹਿਤ 87 ਐਸ.ਟੀ.ਪੀਜ਼ ਤੋਂ ਟ੍ਰੀਟ ਕੀਤੇ ਪਾਣੀ ਦੀ ਵਰਤੋਂ ਦਾ ਡੀ.ਪੀ.ਆਰ ਤਿਆਰ ਕੀਤਾ ਹੈ, ਜੋ ਆਉਣ ਵਾਲੇ ਮਹੀਨਿਆਂ ਦੌਰਾਨ ਸ਼ੁਰੂ ਕੀਤਾ ਜਾਵੇਗਾ।

ਵਰਣਨਯੋਗ ਹੈ ਕਿ ਵਿਭਾਗ ਨੇ ਐਸ.ਟੀ.ਪੀ. ਫਗਵਾੜਾ ਤੋਂ ਖੇਤੀਬਾੜੀ ਵਿੱਚ ਟਰੀਟ ਕੀਤੇ ਪਾਣੀ ਦੀ ਵਰਤੋਂ ਲਈ ਨੈਸ਼ਨਲ ਵਾਟਰ ਮਿਸ਼ਨ ਐਵਾਰਡ ਵੀ ਜਿੱਤਿਆ ਹੈ। ਉਨ੍ਹਾਂ ਕਿਸਾਨਾਂ ਨੂੰ ਟਰੀਟ ਕੀਤੇ ਪਾਣੀ ਦੀ ਵੱਧ ਤੋਂ ਵੱਧ ਵਰਤੋਂ ਕਰਨ ਦੀ ਅਪੀਲ ਕੀਤੀ ਕਿਉਂਕਿ ਇਸ ਨਾਲ ਕਿਸਾਨਾਂ ਦੀ ਲਾਗਤ ਘੱਟ ਜਾਂਦੀ ਹੈ। ਉਨ੍ਹਾਂ ਕਿਹਾ ਕਿ ਇਹ ਪਾਣੀ ਖਣਿਜ ਪਦਾਰਥਾਂ ਨਾਲ ਭਰਪੂਰ ਹੁੰਦਾ ਹੈ ਜਿਸ ਨਾਲ ਖਾਦ ਦੀ ਵਰਤੋਂ ਘਟਦੀ ਹੈ ਅਤੇ ਨਾਲ ਹੀ ਉਤਪਾਦਕਤਾ ਅਤੇ ਉਤਪਾਦਨ ਵਿੱਚ ਵੀ ਵਾਧਾ ਹੁੰਦਾ ਹੈ। ਇਸ ਮੌਕੇ ਹਾਜ਼ਰ ਲਾਭਪਾਤਰੀ ਪਿੰਡਾਂ ਦੇ ਕਿਸਾਨ ਭਾਈਚਾਰੇ ਨੇ ਇਸ ਪ੍ਰਾਜੈਕਟ ਨੂੰ ਖੇਤਰ ਵਿੱਚ ਲਿਆਉਣ ਲਈ ਸੂਬਾ ਸਰਕਾਰ ਦੇ ਯਤਨਾਂ ਦੀ ਸ਼ਲਾਘਾ ਕੀਤੀ।

ਇਸ ਮੌਕੇ ਉਨ੍ਹਾਂ ਨਾਲ ਵਿਧਾਇਕ ਫ਼ਿਰੋਜ਼ਪੁਰ ਦਿਹਾਤੀ ਸ੍ਰੀ ਰਜਨੀਸ਼ ਦਹੀਯਾ, ਵਿਧਾਇਕ ਜ਼ੀਰਾ ਸ੍ਰੀ ਨਰੇਸ਼ ਕਟਾਰੀਆ, ਵਿਧਾਇਕ ਫਿਰੋਜ਼ਪੁਰ ਸ਼ਹਿਰੀ ਸ. ਰਣਬੀਰ ਸਿੰਘ ਭੁੱਲਰ, ਚੇਅਰਮੈਨ ਜ਼ਿਲ੍ਹਾ ਯੋਜਨਾ ਕਮੇਟੀ ਚੰਦ ਸਿੰਘ ਗਿੱਲ ਅਤੇ ਭੂਮੀ ਤੇ ਜਲ ਸੰਭਾਲ ਵਿਭਾਗ ਦੇ ਅਧਿਕਾਰੀਆਂ/ਕਰਮਚਾਰੀਆਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ।

SHARE ARTICLE

ਏਜੰਸੀ

Advertisement

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM

ਅੱਗੇ- ਅੱਗੇ ਬਦਮਾਸ਼ ਪਿੱਛੇ-ਪਿੱਛੇ ਪੁਲਿਸ,SHO ਨੇ ਫ਼ਿਲਮੀ ਸਟਾਈਲ 'ਚ ਦੇਖੋ ਕਿੰਝ ਕੀਤੇ ਕਾਬੂ

15 Nov 2025 3:17 PM

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM

Delhi Bomb Blast : Eyewitness shopkeepers of Chandni Chowk told how the explosion happened

13 Nov 2025 3:29 PM

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM
Advertisement