
6 ਫ਼ਰਵਰੀ, 2023 ਨੂੰ ਖਤਮ ਹੋ ਗਿਆ ਸੀ ਚੇਅਰਮੈਨ ਤਿੰਨ ਮੈਂਬਰਾਂ ਦਾ ਕਾਰਜਕਾਲ, ਨਵੇਂ ਪੈਨਲ ਦੀ ਚੋਣ ਠੰਡੇ ਬਸਤੇ ’ਚ
Punjab News: ਪੰਜਾਬ ਦੀ ਆਮ ਆਦਮੀ ਪਾਰਟੀ (ਆਪ) ਸਰਕਾਰ ਪ੍ਰਵਾਸੀ ਭਾਰਤੀਆਂ (ਐਨ.ਆਰ.ਆਈ.’ਜ਼) ਦੀਆਂ ਸ਼ਿਕਾਇਤਾਂ ਦੇ ਪ੍ਰਭਾਵਸ਼ਾਲੀ ਅਤੇ ਤੁਰਤ ਨਿਪਟਾਰੇ ਲਈ ਅਪਣੇ ਬਹੁਚਰਚਿਤ ‘ਐਨ.ਆਰ.ਆਈ. ਮਿਲਣੀ’ ਪ੍ਰੋਗਰਾਮ ’ਤੇ ਧਿਆਨ ਕੇਂਦਰਿਤ ਕਰ ਰਹੀ ਹੈ, ਪਰ ਪੰਜਾਬ ਰਾਜ ਐਨ.ਆਰ.ਆਈ. ਕਮਿਸ਼ਨ ਇਕ ਸਾਲ ਤੋਂ ਵੱਧ ਸਮੇਂ ਤੋਂ ਬੰਦ ਪਿਆ ਹੈ।
ਇਸ ਦੇ ਸਾਬਕਾ ਚੇਅਰਮੈਨ ਜਸਟਿਸ ਸ਼ੇਖਰ ਧਵਨ (ਸੇਵਾਮੁਕਤ) ਅਤੇ ਤਿੰਨ ਮੈਂਬਰਾਂ ਸਾਬਕਾ ਆਈ.ਏ.ਐਸ. ਅਧਿਕਾਰੀ ਐਮ.ਪੀ. ਸਿੰਘ, ਗੁਰਜੀਤ ਸਿੰਘ ਲੇਹਲ ਅਤੇ ਸਰਵਿੰਦਰ ਸਿੰਘ ਸਿੱਧੂ ਦਾ ਕਾਰਜਕਾਲ 6 ਫ਼ਰਵਰੀ, 2023 ਨੂੰ ਖਤਮ ਹੋ ਗਿਆ ਸੀ। ਚੌਥੇ ਮੈਂਬਰ ਸਾਬਕਾ ਆਈ.ਪੀ.ਐਸ. ਅਧਿਕਾਰੀ ਹਰਦੀਪ ਸਿੰਘ ਢਿੱਲੋਂ ਦਾ ਕਾਰਜਕਾਲ 4 ਅਗੱਸਤ, 2023 ਨੂੰ ਖਤਮ ਹੋ ਗਿਆ ਸੀ। ਐਨ.ਆਰ.ਆਈ.’ਜ਼ ਦੀਆਂ 1,000 ਤੋਂ ਵੱਧ ਸ਼ਿਕਾਇਤਾਂ ਕਮਿਸ਼ਨ ’ਚ ਲਟਕ ਰਹੀਆਂ ਹਨ ਅਤੇ ਇਸ ਦਾ ਸਾਰਾ ਸਟਾਫ ਬੇਕਾਰ ਬੈਠਾ ਹੈ।
ਸੰਪਰਕ ਕਰਨ ’ਤੇ ਪੰਜਾਬ ਦੇ ਪ੍ਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਟੀ.ਓ.ਆਈ. ਨੂੰ ਦਸਿਆ ਕਿ ਉਹ ਜਲਦੀ ਹੀ ਇਕ ਚੇਅਰਪਰਸਨ ਅਤੇ ਹੋਰ ਮੈਂਬਰਾਂ ਦੀ ਨਿਯੁਕਤੀ ਕਰਨਗੇ। ਉਨ੍ਹਾਂ ਕਿਹਾ ਕਿ ਐਨ.ਆਰ.ਆਈ. ਕਮਿਸ਼ਨ ਦੇ ਚੇਅਰਪਰਸਨ ਲਈ ਹਾਈ ਕੋਰਟ ਦੇ ਸੇਵਾਮੁਕਤ ਜੱਜ ਅਤੇ ਡੀ.ਜੀ.ਪੀ. ਜਾਂ ਏ.ਡੀ.ਜੀ.ਪੀ. ਰੈਂਕ ਦੇ ਸੇਵਾਮੁਕਤ ਸੀਨੀਅਰ ਆਈ.ਪੀ.ਐਸ. ਅਧਿਕਾਰੀ ਤੋਂ ਇਲਾਵਾ ਮੈਂਬਰਾਂ ਦੇ ਅਹੁਦੇ ਲਈ ਇਕ ਸੇਵਾਮੁਕਤ ਆਈ.ਏ.ਐਸ. ਅਧਿਕਾਰੀ ਦੀ ਲੋੜ ਹੈ।
ਪੰਜਾਬ ਸਰਕਾਰ ਨੇ ਇਸ ਸਾਲ ਪਹਿਲਾਂ ਹੀ ਪਠਾਨਕੋਟ ਅਤੇ ਨਵਾਂਸ਼ਹਿਰ ’ਚ ਕ੍ਰਮਵਾਰ 3 ਅਤੇ 9 ਫ਼ਰਵਰੀ ਨੂੰ ਐਨ.ਆਰ.ਆਈ. ਮਿਲਣੀਆਂ ਕਰਵਾਈਆਂ ਹਨ। ਹੁਣ ਐਨ.ਆਰ.ਆਈ. ਮਿਲਣੀਆਂ 27 ਫ਼ਰਵਰੀ ਨੂੰ ਫਿਰੋਜ਼ਪੁਰ ਅਤੇ 29 ਫ਼ਰਵਰੀ ਨੂੰ ਸੰਗਰੂਰ ’ਚ ਹੋਣੀਆਂ ਹਨ। ਇਸ ਕਮਿਸ਼ਨ ਦਾ ਗਠਨ ਨਵੰਬਰ 2011 ’ਚ ਪੰਜਾਬ ਰਾਜ ਪ੍ਰਵਾਸੀ ਭਾਰਤੀ ਕਮਿਸ਼ਨ ਐਕਟ, 2011 ਤਹਿਤ ਕੀਤਾ ਗਿਆ ਸੀ ਤਾਂ ਜੋ ਪ੍ਰਵਾਸੀ ਭਾਰਤੀਆਂ ਦੇ ਹਿੱਤਾਂ ਦੀ ਰਾਖੀ ਕੀਤੀ ਜਾ ਸਕੇ ਅਤੇ ਉਨ੍ਹਾਂ ਦੀ ਭਲਾਈ ਅਤੇ ਹੋਰ ਸਬੰਧਤ ਮਾਮਲਿਆਂ ਲਈ ਸੁਧਾਰਾਤਮਕ ਉਪਾਵਾਂ ਦੀ ਸਿਫਾਰਸ਼ ਕੀਤੀ ਜਾ ਸਕੇ।
(For more Punjabi news apart from Punjab News Punjab NRI panel defunct for over year, stay tuned to Rozana Spokesman)