
ਤਿਆਰ ਕੀਤੀ ਵਿਸ਼ੇਸ਼ ਕਾਰ, 20000 ਕਿਲੋਮੀਟਰ ਦਾ ਤੈਅ ਕੀਤਾ ਸਫ਼ਰ
Punjab News: ਗੁਰਦਾਸਪੁਰ - ਬਟਾਲਾ ਦਾ ਗੁਰਸਿੱਖ ਨੌਜਵਾਨ ਪੰਜ ਤਖ਼ਤਾਂ ਦੇ ਦਰਸ਼ਨਾਂ ਲਈ ਅਪਣੀ ਤਿਆਰ ਕੀਤੀ ਵਿਸ਼ੇਸ਼ ਗੱਡੀ ਵਿਚ ਆਸਟਰੀਆ ਤੋਂ ਬਟਾਲਾ ਪਹੁੰਚਿਆ। ਉਹ ਬਟਾਲਾ ਵਿਚ ਆਪਣੇ ਦੋਸਤਾਂ ਨੂੰ ਮਿਲਿਆ। ਬਟਾਲਾ ਵਾਸੀਆਂ ਨੇ ਵੀ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ। ਜਾਣਕਾਰੀ ਦਿੰਦਿਆਂ ਗੁਰਸਿੱਖ ਨੌਜਵਾਨ ਹਰਜੀਤ ਨੇ ਦੱਸਿਆ ਕਿ ਉਸ ਦਾ ਜਨਮ ਬਟਾਲਾ ਵਿਖੇ ਹੀ ਹੋਇਆ ਹੈ।
ਕਈ ਸਾਲ ਪਹਿਲਾਂ ਉਹ ਆਸਟਰੀਆ ਵਿਚ ਵਸ ਗਿਆ ਸੀ। ਹੁਣ ਉਹ ਉੱਥੇ ਹੀ ਪੱਕਾ ਹੈ ਅਤੇ ਆਮਦਨ ਦਾ ਸਾਧਨ ਵੀ ਚੰਗਾ ਹੈ। ਉਸ ਦਾ ਸੁਪਨਾ ਸੀ ਕਿ ਉਹ ਆਪਣੀ ਤਿਆਰ ਕੀਤੀ ਕਾਰ ਚਲਾ ਕੇ ਪੰਜ ਤਖ਼ਤਾਂ ਦੇ ਦਰਸ਼ਨ ਕਰੇਗਾ। ਇਸ ਕੰਮ 'ਚ ਕਾਫੀ ਸਮਾਂ ਲੱਗਿਆ ਪਰ ਅੱਜ ਉਸ ਦਾ ਸੁਪਨਾ ਪੂਰਾ ਹੋ ਗਿਆ। ਹਰਜੀਤ ਸਿੰਘ ਨੇ ਦੱਸਿਆ ਕਿ ਜ਼ਿਆਦਾ ਪਰੇਸ਼ਾਨੀ ਭਾਰਤ ਪਹੁੰਚਣ ਦੀ ਸੀ ਕਿਉਂਕਿ ਰਸਤੇ ਵਿਚ 12 ਦੇਸ਼ਾਂ ਅਤੇ ਉਨ੍ਹਾਂ ਦੇ ਭੋਜਨ ਅਤੇ ਮੌਸਮ ਦੇ ਪੈਟਰਨ ਨੇ ਰੁਕਾਵਟਾਂ ਖੜ੍ਹੀਆਂ ਕੀਤੀਆਂ। ਸਭ ਤੋਂ ਵੱਡੀ ਸਮੱਸਿਆ ਖਾਣ-ਪੀਣ ਦੀ ਸੀ, ਕਿਉਂਕਿ ਉਹ ਗੁਰਸਿੱਖ ਹੈ।
ਇਸ ਲਈ ਉਸ ਨੇ ਇਕ ਵਿਸ਼ੇਸ਼ ਕਾਰ ਤਿਆਰ ਕਰਵਾਈ ਹੈ। ਇਸ ਕਾਰ ਵਿਚ ਖਾਣ-ਪੀਣ ਦਾ ਸਮਾਨ ਰੱਖਿਆ, ਤਾਂ ਜੋ ਉਹ ਸਫ਼ਰ ਦੌਰਾਨ ਆਪਣੀ ਮਰਜ਼ੀ ਅਨੁਸਾਰ ਖਾ ਸਕੇ। ਉਸ ਨੇ ਦੱਸਿਆ ਕਿ ਉਹ ਪੂਰੀਆਂ ਤਿਆਰੀ ਕਰਕੇ ਆਪਣੇ ਘਰ ਤੋਂ ਭਾਰਤ ਦੌਰੇ 'ਤੇ ਨਿਕਲਿਆ ਸੀ। ਹਰਜੀਤ ਨੇ ਦੱਸਿਆ ਕਿ ਉਸ ਨੇ 20000 ਕਿਲੋਮੀਟਰ ਦਾ ਸਫਰ ਕਾਰ ਰਾਹੀਂ 12 ਵੱਖ-ਵੱਖ ਦੇਸ਼ਾਂ ਵਿਚ ਤੈਅ ਕੀਤਾ। ਪਾਕਿਸਤਾਨ ਜਾ ਕੇ ਗੁਰੂਧਾਮ ਦੇ ਦਰਸ਼ਨ ਕੀਤੇ। ਹੁਣ ਉਸ ਨੇ ਭਾਰਤ ਦੇ 5 ਤਖ਼ਤਾਂ ਦੇ ਦਰਸ਼ਨ ਕਰਨ ਜਾਣਾ ਹੈ।
ਹਰਜੀਤ ਸਿੰਘ ਨੇ ਦੱਸਿਆ ਕਿ ਉਸ ਨੇ 7 ਸਤੰਬਰ 2023 ਨੂੰ ਆਸਟ੍ਰੀਆ ਤੋਂ ਭਾਰਤ ਆਉਣ ਲਈ ਯਾਤਰਾ ਸ਼ੁਰੂ ਕੀਤੀ ਸੀ। ਉਸ ਨੂੰ ਭਾਰਤ ਪਹੁੰਚਣ ਵਿਚ ਕਰੀਬ ਛੇ ਮਹੀਨੇ ਲੱਗੇ। ਇਸ ਦੌਰਾਨ ਉਸ ਨੇ ਸੁਲਵੀਨੀਆ, ਫਰਾਂਸ, ਸਪੇਨ, ਅਲਜੀਰੀਆ, ਮਾਲੀ, ਲੀਬੀਆ, ਮਿਸਰ, ਸੂਡਾਨ, ਤੁਰਕੀ, ਇਰਾਨ, ਇਰਾਕ, ਸਾਊਦੀ ਅਰਬ ਅਤੇ ਪਾਕਿਸਤਾਨ ਵਰਗੇ ਰਸਤੇ ਵਿਚ ਪੈਂਦੇ ਦੇਸ਼ਾਂ ਵਿਚ ਥੋੜ੍ਹੇ ਸਮੇਂ ਲਈ ਰੁਕੇ ਅਤੇ ਫਿਰ ਆਪਣੀ ਮੰਜ਼ਿਲ ਵੱਲ ਚੱਲ ਪਏ। ਹਰਜੀਤ ਸਿੰਘ ਸੋਮਵਾਰ ਸ਼ਾਮ ਨੂੰ ਬਟਾਲਾ ਤੋਂ ਆਪਣੇ ਅਗਲੇ ਪੜਾਅ ਲਈ ਰਵਾਨਾ ਹੋਏ।