
Fatehgarh Sahib News : ਪੀੜਤਾਂ ਦੀ 100 ਫੀਸਦੀ ਰਕਮ ਹੋਵੇਗੀ ਵਾਪਸ
Fatehgarh Sahib News in Punjabi : ਦਿਨੋਂ ਦਿਨ ਵੱਧ ਰਹੇ ਸਾਇਬਰ ਠੱਗੀ ਦੇ ਮਾਮਲਿਆਂ ਨੂੰ ਠੱਲ੍ਹਪਾਉਣ ਲਈ ਜ਼ਿਲ੍ਹਾ ਪੁਲਿਸ ਵੱਲੋਂ ਚਲਾਈ ਜਾ ਰਹੀ ਮੁਹਿੰਮ ਤਹਿਤ ਜ਼ਿਲ੍ਹਾ ਪੁਲਿਸ ਨੇ ਸਾਈਬਰ ਠੱਗੀ ਦੇ 27 ਮਾਮਲਿਆਂ ’ਚ ਲਗਭਗ 50 ਲੱਖ ਰੁਪਏ ਪੀੜਤ ਵਿਅਕਤੀਆਂ ਨੂੰ ਵਾਪਸ ਦਿਵਾਉਣ ’ਚ ਸਫ਼ਲਤਾ ਹਾਸਲ ਕੀਤੀ ਹੈ। ਇਹ ਜਾਣਕਾਰੀ ਜ਼ਿਲ੍ਹਾ ਪੁਲਿਸ ਮੁਖੀ ਡਾ. ਰਵਜੋਤ ਗਰੇਵਾਲ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਪ੍ਰੈਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਦਿੱਤੀ।
ਉਨ੍ਹਾਂ ਦੱਸਿਆ ਕਿ ਡੀ.ਜੀ.ਪੀ. ਪੰਜਾਬ ਸ਼੍ਰੀ ਗੌਰਵ ਯਾਦਵ ਦੀਆਂ ਹਦਾਇਤਾਂ ਅਨੁਸਾਰ ਐਸ.ਪੀ.(ਜਾਂਚ) ਰਾਕੇਸ਼ ਯਾਦਵ, ਡੀ.ਐਸ.ਪੀ. (ਐਚ) ਹਿਤੇਸ਼ ਕੌਸ਼ਿਕ ਦੀਆਂ ਹਦਾਇਤਾਂ ਅਨੁਸਾਰ ਸਾਇਬਰ ਸੈੱਲ ਦੇ ਇੰਚਾਰਜ ਇੰਸਪੈਕਟਰ ਸੁਧੀਰ ਮਲਿਕ ਅਤੇ ਸਾਈਬਰ ਥਾਣੇ ਦੀ ਪੁਲਿਸ ਟੀਮ ਨੇ ਸਾਇਬਰ ਠੱਗੀ ਦੇ ਵੱਖ-ਵੱਖ ਮਾਮਲਿਆਂ ਨੂੰ ਸੁਲਝਾਉਣ ’ਚ ਸਫ਼ਲਤਾ ਹਾਸਲ ਕਰ ਕੇ ਤਕਨੀਕੀ ਪ੍ਰਕ੍ਰਿਆ ਅਤੇ ਮਾਣਯੋਗ ਅਦਾਲਤ ਦੀ ਸਹਾਇਤਾ ਨਾਲ ਸਾਇਬਰ ਪੀੜ੍ਹਤਾਂ ਨੂੰ ਇਹ ਰਕਮ ਵਾਪਸ ਕਰਵਾਈ ਗਈ ਹੈ।
ਜ਼ਿਲ੍ਹਾ ਪੁਲਿਸ ਮੁਖੀ ਨੇ ਕਿਹਾ ਕਿ ਮੌਜੂਦਾ ਸਮੇਂ ’ਚ ਸਾਇਬਰ ਠੱਗੀ ਦੇ ਮਾਮਲਿਆਂ ਨੂੰ ਪੰਜਾਬ ਸਰਕਾਰ ਵੱਲੋਂ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ, ਇਨ੍ਹਾਂ ਮਾਮਲਿਆਂ ਵਿੱਚ ਪੀੜ੍ਹਤ ਨੂੰ ਪੈਸੇ ਵਾਪਸ ਦਿਵਾਉਣ ਲਈ ਕੌਮੀ ਪੱਧਰ ’ਤੇ ਹੈਲਪ ਲਾਇਨ 1930 ਜਾਂ ਵੈਬਸਾਇਟ https://cybercrime.gov.in ਜਾਰੀ ਕੀਤੀ ਗਈ ਹੈ। ਇਨ੍ਹਾਂ ਤੇ ਦਰਜ਼ ਹੋਈਆਂ ਸ਼ਿਕਾਇਤਾਂ ਦੇ ਆਧਾਰ ’ਤੇ ਨੈਸ਼ਨਲ ਪੋਰਟਲ ਵੱਲੋਂ ਫ਼ਰਾਡ ਦੀ ਰਕਮ ਦੀ ਟਰਾਂਜੈਕਸ਼ਨ ਨੂੰ ਤੁਰੰਤ ਹੋਲਡ ਕਰ ਦਿੱਤਾ ਜਾਂਦਾ ਹੈ।
ਉਨ੍ਹਾਂ ਦੱਸਿਆ ਕਿ ਹੋਲਡ ਕੀਤੀ ਗਈ ਰਕਮ ਸਬੰਧੀ ਥਾਣਾ ਸਾਇਬਰ ਕਰਾਇਮ ਵੱਲੋਂ ਸਬੰਧਤ ਮਾਮਲੇ ਸਬੰਧੀ ਤੁਰੰਤ ਲੋੜੀਂਦੀ ਕਾਰਵਾਈ ਅਮਲ ’ਚ ਲਿਆਂਉਦੇ ਹੋਏ ਸਬੰਧਤ ਬੈਂਕਾਂ ਤੋਂ ਰਿਕਾਰਡ ਹਾਸਲ ਕਰ ਕੇ ਮਾਣਯੋਗ ਅਦਾਲਤ ਤੋਂ ਹੋਲਡ ਹੋਈ ਰਕਮ ਨੂੰ ਜਾਰੀ ਕਰਵਾਉਣ ਦਾ ਹੁਕਮ ਹਾਸਲ ਕੀਤਾ ਜਾਂਦਾ ਹੈ। ਜਿਸ ਤਹਿਤ ਠੱਗੀ ਹੋਈ ਰਕਮ ਨੂੰ ਬੈਂਕਾਂ ਤੋਂ ਪੀੜ੍ਹਤਾਂ ਦੇ ਖਾਤੇ ’ਚ ਪਵਾਇਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਹੈਲਪ ਲਾਇਨ 1930 ਤੇ ਦਰਜ਼ ਕਰਵਾਈ ਸ਼ਿਕਾਇਤ ਅਨੁਸਾਰ ਪੀੜਤਾਂ ਦੀ 100 ਫ਼ੀਸਦੀ ਰਕਮ ਵਾਪਸ ਹੋ ਜਾਂਦੀ ਹੈ।
ਡਾ: ਰਵਜੋਤ ਗਰੇਵਾਲ ਨੇ ਜ਼ਿਲ੍ਹੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਸਾਇਬਰ ਠੱਗੀ ਤੋਂ ਬਚਣ ਲਈ ਕਦੇ ਵੀ ਕਿਸੇ ਵਿਅਕਤੀ ਨਾਲ ਆਪਣਾ ਓ.ਟੀ.ਪੀ. ਸਾਂਝਾ ਨਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਅੱਜ ਕੱਲ ਟੈਲੀਫ਼ੋਨ ਰਾਹੀਂ ਲੋਕਾਂ ਨੂੰ ਗ੍ਰਿਫ਼ਤਾਰ ਹੋਣ ਸਬੰਧੀ ਝੂਠੀ ਕਾਲ ਕਰ ਕੇ ਵੀ ਠੱਗਿਆ ਜਾ ਰਿਹਾ ਹੈ ਜਿਸ ਪ੍ਰਤੀ ਲੋਕਾਂ ਨੂੰ ਸੁਚੇਤ ਹੋਣਾ ਚਾਹੀਦਾ ਹੈ। ਉਨ੍ਹਾਂ ਲੋਕਾਂ ਨੂੰ ਇਹ ਅਪੀਲ ਵੀ ਕੀਤੀ ਕਿ ਕੋਈ ਵੀ ਅਣ-ਅਧਿਕਾਰਤ ਲਿੰਕ ਨਾ ਖੋਲਿਆ ਜਾਵੇ ਅਤੇ ਕਿਸੇ ਵੀ ਤਰ੍ਹਾਂ ਦੀ ਠੱਗੀ ਹੋਣ ਸਬੰਧੀ ਤੁਰੰਤ ਹੈਲਪ ਲਾਇਨ 1930 ਤੇ ਜਾਂ ਵੈਬਸਾਇਟ https://cybercrime.gov.in ’ਤੇ ਸ਼ਿਕਾਇਤ ਦਰਜ਼ ਕਰਵਾਈ ਜਾਵੇ। ਉਨ੍ਹਾਂ ਕਿਹਾ ਕਿ ਪੈਸੇ ਦੁੱਗਣੇ ਕਰਨ ਵਾਲੇ ਇਸ਼ਤਿਹਾਰਾਂ ’ਤੇ ਯਕੀਨ ਨਾ ਕੀਤਾ ਜਾਵੇ ਅਤੇ ਕਿਸੇ ਹੋਰ ਦੇ ਕਹਿਣ ਤੇ ਆਪਣੇ ਪੈਸੇ ਕਿਸੇ ਵੀ ਚੀਜ਼ ’ਤੇ ਨਾ ਲਗਾਏ ਜਾਣ।
ਇਸ ਮੌਕੇ ਸਾਇਬਰ ਠੱਗੀ ਦਾ ਸ਼ਿਕਾਰ ਹੋਏ ਮੰਡੀ ਗੋਬਿੰਦਗੜ੍ਹ ਦੇ ਮਨਦੀਪ ਸਿੰਘ, ਮੰਡੀ ਗੋਬਿੰਦਗੜ੍ਹ ਦੇ ਹੀ ਵਿਸ਼ਾਲ, ਫ਼ਤਹਿਗੜ੍ਹ ਸਾਹਿਬ ਦੀ ਹਰਦੀਪ ਕੌਰ ਨੇ ਆਪਣੇ ਨਾਲ ਹੋਈ ਸਾਇਬਰ ਠੱਗੀ ਸਬੰਧੀ ਦੱਸਿਆ ਅਤੇ ਜ਼ਿਲ੍ਹਾ ਪੁਲਿਸ ਵੱਲੋਂ ਉਨ੍ਹਾਂ ਦੇ ਪੈਸੇ ਵਾਪਸ ਦਿਵਾਉਣ ਸਬੰਧੀ ਕੀਤੀ ਕਾਰਵਾਈ ਲਈ ਜ਼ਿਲ੍ਹਾ ਪੁਲਿਸ ਮੁਖੀ ਦਾ ਧੰਨਵਾਦ ਕੀਤਾ।
(For more news apart from Big operation of Fatehgarh Sahib Police, 50 lakh rupees were recovered by solving 27 cases News in Punjabi, stay tuned to Rozana Spokesman)