
''ਮਰਨ ਵਰਤ ਕਾਰਨ ਹੀ ਸਰਕਾਰ ਦੇ ਕੰਨਾਂ ਤੱਕ ਗੱਲ ਪਹੁੰਚੀ''
Jagjit Singh Dallewal rozana spokesmantv in punjabi : ਜਗਜੀਤ ਸਿੰਘ ਡੱਲੇਵਾਲ ਦਾ ਖੇਤੀ ਮੰਗਾਂ ਨੂੰ ਲੈ ਕੇ ਕੇਂਦਰ ਸਰਕਾਰ ਖ਼ਿਲਾਫ ਲਗਾਤਾਰ 87ਵੇਂ ਦਿਨ ਵੀ ਮਰਨ ਵਰਤ ਜਾਰੀ ਹੈ। ਰੋਜ਼ਾਨਾ ਸਪੋਕਸਮੈਨ ਨੇ ਖਨੌਰੀ ਬਾਰਡਰ ਪਹੁੰਚ ਕੇ ਜਗਜੀਤ ਸਿੰਘ ਡੱਲੇਵਾਲ ਨਾਲ ਖ਼ਾਸ ਗੱਲਬਾਤ ਕੀਤੀ। ਗੱਲਬਾਤ ਕਰਦਿਆਂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਅਸੀਂ ਸਾਲ ਭਰ ਧਰਨੇ 'ਤੇ ਬੈਠੇ ਰਹੇ ਪਰ ਕੋਈ ਗੱਲਬਾਤ ਲਈ ਨਹੀਂ ਆਇਆ। ਜਦੋਂ ਅਸੀਂ ਆਪਣਾ ਮਰਨ ਵਰਤ ਅਖ਼ੀਰ ਤੱਕ ਲੈ ਕੇ ਗਏ ਉਦੋਂ ਕੇਂਦਰ ਸਰਕਾਰ ਗੱਲਬਾਤ ਲਈ ਰਾਜ਼ੀ ਹੋਈ। ਹੁਣ ਭਾਵੇਂ ਸਰਕਾਰ ਗੱਲਬਾਤ ਲਈ ਤਿਆਰ ਹੋਈ ਹੈ ਤਾਂ ਅਸੀਂ ਫਿਰ ਵੀ ਮਰਨ ਵਰਤ ਜਾਰੀ ਰੱਖਾਂਗੇ। ਅਸੀਂ ਲੜਾਈ ਜਿੱਤਣ ਲਈ ਮਰਨ ਵਰਤ ਜਾਰੀ ਰੱਖਾਂਗੇ।
ਕੇਂਦਰ ਨਾਲ ਕਿਸਾਨਾਂ ਦੀ ਦੂਜੀ ਮੀਟਿੰਗ ਵਿਚ ਸ਼ਾਮਲ ਹੋਣ ਬਾਰੇ ਬੋਲਦਿਆਂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਮੀਟਿੰਗ ਵਿਚ ਸ਼ਾਮਲ ਹੋਣ ਲਈ ਸਾਢੇ 4 ਘੰਟੇ ਦਾ ਸਫ਼ਰ ਲੱਗਦਾ ਹੈ। ਰਸਤੇ ਵਿਚ ਬਹੁਤ ਤਕਲੀਫ਼ ਹੁੰਦੀ ਹੈ। ਫਿਰ ਮੀਟਿੰਗ ਵਿਚ ਦੋ, ਢਾਈ ਘੰਟੇ ਬੈਠਣਾ ਪੈਂਦਾ। ਜਿਸ ਨਾਲ ਸਰੀਰ ਨੂੰ ਤਕਲੀਫ਼ ਪਹੁੰਚਦੀ ਹੈ। ਪਰ ਜਿਵੇਂ ਕਿਸਾਨ ਸਾਥੀ ਕਹਿਣਗੇ ਉਵੇਂ ਕਰਾਂਗੇ। ਜੇ ਉਹ ਕਹਿਣਗੇ ਕੇਂਦਰ ਨਾਲ ਕਿਸਾਨਾਂ ਦੀ ਦੂਜੀ ਮੀਟਿੰਗ ਵਿਚ ਮੈਨੂੰ ਲੈ ਕੇ ਜਾਣਾ ਹੈ ਤਾਂ ਮੈਂ ਜ਼ਰੂਰ ਜਾਵਾਂਗਾ। ਭਾਵੇਂ ਤਕਲੀਫ਼ ਹੀ ਕਿਉਂ ਨਾ ਸਹਿਣੀ ਪਵੇ।
ਕਿਸਾਨਾਂ ਦੀ ਮੰਗਾਂ ਮੰਨਣ ਬਾਰੇ ਬੋਲਦਿਆਂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਜੇਕਰ ਪੀਐਮ ਨਰਿੰਦਰ ਮੋਦੀ ਚਾਹੁਣ ਤਾਂ ਦੂਜੀ ਮੀਟਿੰਗ ਵਿਚ ਹੱਲ ਨਿਕਲ ਸਕਦਾ ਹੈ। ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਉਮੀਦ ਤਾਂ ਪੂਰੀ ਹੈ ਕਿ ਦੂਜੀ ਮੀਟਿੰਗ ਵਿਚ ਕੁਝ ਹੱਲ ਨਿਕਲ ਜਾਵੇ। ਉਨ੍ਹਾਂ ਕਿਹਾ ਕਿ ਕੇਂਦਰ ਨੂੰ ਪਾਰਲੀਮੈਂਟਰੀ ਕਮੇਟੀ ਦੀ ਗੱਲ ਮੰਨ ਕੇ ਐਮਐਸਪੀ ਦੀ ਕਾਨੂੰਨੀ ਗਾਰੰਟੀ ਦੇ ਦੇਣੀ ਚਾਹੀਦੀ ਹੈ।
ਕਿਸਾਨਾਂ ਦੇ ਏਕੇ ਬਾਰੇ ਬੋਲਦਿਆਂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਐਸਕੇਐਮ ਗ਼ੈਰ ਰਾਜਨੀਤਿਕ ਹਮੇਸ਼ਾਂ ਹੀ ਕਿਸਾਨ ਏਕੇ ਦਾ ਹਾਮੀ ਰਿਹਾ ਹੈ। ਪਿਛਲੀ ਮੀਟਿੰਗ ਵਿਚ ਨਾ ਜਾਣ ਦਾ ਕਾਰਨ ਦੱਸਿਆਂ ਉਨ੍ਹਾਂ ਕਿਹਾ ਕਿ ਉਸ ਦਿਨ ਮੋਰਚੇ ਨੂੰ ਇਕ ਸਾਲ ਪੂਰਾ ਹੋਣ ਕਾਰਨ ਖਨੌਰੀ ਵਿਚ ਕਈ ਤਰ੍ਹਾਂ ਦੇ ਪ੍ਰੋਗਰਾਮ ਉਲੀਕੇ ਗਏ ਸਨ। ਇਸ ਲਈ ਆਗੂਆਂ ਦਾ ਇਥੋਂ ਜਾਣਾ ਮੁਸਕਿਲ ਸੀ। ਉਨ੍ਹਾਂ ਉਹ ਵੀ ਦੱਸਿਆ ਕਿ ਹੁਣ ਐਸਕੇਐਮ ਨੂੰ ਬਕਾਇਦਾ ਪੱਤਰ ਲਿਖ ਕੇ ਕਿਸਾਨ ਏਕਤਾ ਲਈ ਮੀਟਿੰਗ ਸੱਦਣ ਦੀ ਬੇਨਤੀ ਕੀਤੀ ਗਈ ਹੈ।