ਪੁਲਿਸ ਵਲੋਂ ਟਰੈਕਟਰ ਟਰਾਲੀ ਕਬਜ਼ੇ ਵਿਚ ਲੈ ਕੇ ਚਾਲਕ ਨੂੰ ਗ੍ਰਿਫ਼ਤਾਰ ਕਰ ਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
ਹੁਸ਼ਿਆਰਪੁਰ/ਹਰਿਆਣਾ (ਅੰਕੁਸ਼ ਗੋਇਲ) : ਬੁਧਵਾਰ ਦੇਰ ਸ਼ਾਮ ਹੁਸ਼ਿਆਰਪੁਰ ਦਸੂਹਾ ਮੇਨ ਰੋਡ ਉਤੇ ਰਾਣਾ ਹਿਮਾਚਲੀ ਢਾਬੇ ’ਤੇ ਵਾਪਰੇ ਭਿਆਨਕ ਹਾਦਸੇ ਵਿਚ ਦੋ ਵਿਅਕਤੀਆਂ ਦੀ ਮੌਕੇ ’ਤੇ ਹੀ ਦਰਦਨਾਇਕ ਮੌਤ ਹੋ ਗਈ। ਜਾਣਕਾਰੀ ਮੁਤਾਬਕ ਸੈਫੂ ਪੁੱਤਰ ਆਲਮਦੀਨ ਹਾਲ ਵਾਸੀ ਲਾਜਵੰਤੀ ਨਗਰ ਹੁਸ਼ਿਆਰਪੁਰ ਜੋ ਕਿ ਦਸੂਹਾ ਸਾਈਡ ਤੋਂ ਹੁਸ਼ਿਆਰਪੁਰ ਨੂੰ ਪੱਠਿਆ ਨਾਲ ਲੱਦੀ ਟਰੈਕਟਰ ਟਰਾਲੀ ’ਤੇ ਜਾ ਰਿਹਾ ਸੀ। ਤੇਜ਼ ਰਫ਼ਤਾਰ ਹੋਣ ਕਾਰਨ ਜਦੋ ਉਹ ਵੁਡਲੈਂਡ ਓਵਰਸੀਜ਼ ਸਕੂਲ ਨਜ਼ਦੀਕ ਪੁੱਜਾ ਤਾਂ ਟਰੈਕਟਰ ਦਾ ਸੰਤੁਲਨ ਵਿਗੜ ਗਿਆ ਤੇ ਉਹ ਰਾਣਾ ਹਿਮਾਚਲੀ ਢਾਬੇ ਅੰਦਰ ਜਾ ਵੜਿਆ।
ਹਾਦਸੇ ਵਿਚ ਢਾਬਾ ਦਾ ਮਾਲਕ ਕਮਲ ਕੁਮਾਰ ਤੇ ਗਾਹਕ ਰਣਜੀਤ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਕਮਲ ਕੁਮਾਰ (35) ਪੁੱਤਰ ਜੋਗਿੰਦਰ ਸਿੰਘ ਵਾਸੀ ਬਡਗਾਮ ਸ਼ਾਹ ਤਲਾਈ ਜ਼ਿਲ੍ਹਾ ਬਿਲਾਸਪੁਰ ਹਿਮਾਚਲ ਪ੍ਰਦੇਸ਼ ਅਤੇ ਰਣਜੀਤ ਸਿੰਘ (24) ਪੁੱਤਰ ਰਾਮ ਸਾਹਨੀ ਵਾਸੀ ਬਿਹਾਰ ਵਜੋਂ ਹੋਈ ਹੈ।
ਮ੍ਰਿਤਕ ਕਮਲ ਕੁਮਾਰ ਜੋ ਕਿ ਪਿਛਲੇ ਦੋ ਸਾਲਾ ਤੋ ਇਹ ਢਾਂਬਾ ਚਲਾ ਕੇ ਅਪਣਾ ਗੁਜ਼ਾਰਾ ਕਰ ਰਿਹਾ ਸੀ ਤੇ ਰਣਜੀਤ ਸਿੰਘ ਢਾਂਬੇ ਨਜ਼ਦੀਕ ਲੇਬਰ ਦਾ ਕੰਮ ਕਰਦਾ ਸੀ ਤੇ ਰੋਟੀ ਖਾਣ ਲਈ ਢਾਂਬੇ ’ਤੇ ਗਿਆ ਸੀ। ਪੁਲਿਸ ਵਲੋਂ ਟਰੈਕਟਰ ਟਰਾਲੀ ਕਬਜ਼ੇ ਵਿਚ ਲੈ ਕੇ ਚਾਲਕ ਨੂੰ ਗ੍ਰਿਫ਼ਤਾਰ ਕਰ ਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
