
ਡੇਰਾ ਸੱਚਾ ਸੌਦਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਵਿਰੁਧ ਆਉਣ ਵਾਲੇ ਫ਼ੈਸਲੇ ਤੋਂ ਪਹਿਲਾਂ ਲੱਖਾਂ ਸ਼ਰਧਾਲੂ ਪੰਚਕੂਲਾ ਪਹੁੰਚ ਗਏ ਹਨ।
ਚੰਡੀਗੜ੍ਹ, 24 ਅਗੱਸਤ (ਅੰਕੁਰ) : ਡੇਰਾ ਸੱਚਾ ਸੌਦਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਵਿਰੁਧ ਆਉਣ ਵਾਲੇ ਫ਼ੈਸਲੇ ਤੋਂ ਪਹਿਲਾਂ ਲੱਖਾਂ ਸ਼ਰਧਾਲੂ ਪੰਚਕੂਲਾ ਪਹੁੰਚ ਗਏ ਹਨ। ਇਸ ਨਾਲ ਕਾਨੂੰਨ ਵਿਵਸਥਾ ਨੂੰ ਖ਼ਤਰਾ ਹੋ ਸਕਦਾ ਹੈ। ਇਸ ਸਬੰਧੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿਚ ਪਟੀਸ਼ਨ ਦਾਇਰ ਕਰਦੇ ਹੋਏ ਮਾਮਲੇ ਵਿਚ ਢੁਕਵਾਂ ਆਦੇਸ਼ ਦੇਣ ਦੀ ਮੰਗ ਕੀਤੀ ਗਈ ਹੈ। ਹਾਈ ਕੋਰਟ ਦੇ ਕਾਰਜਕਾਰੀ ਚੀਫ਼ ਜਸਟਿਸ ਨੇ ਕੇਂਦਰ ਨੂੰ ਹੁਕਮ ਦਿਤਾ ਕਿ ਇਸ ਮਾਮਲੇ ਵਿਚ ਤੁਰਤ ਸਖ਼ਤ ਕਦਮ ਚੁਕੇ ਜਾਣ ਕਿਉਂਕਿ ਹਰਿਆਣਾ ਸਰਕਾਰ ਇਸ ਮਾਮਲੇ 'ਚ ਅਸਫ਼ਲ ਨਜ਼ਰ ਆ ਰਹੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਹੋਰ ਫ਼ੋਰਸ ਮੁਹਈਆ ਕਰੇ ਕਿਉਂਕਿ ਅਸੀਂ ਹੁਣ ਦੁਬਾਰਾ ਜਾਟ ਅੰਦੋਲਨ ਵਾਲਾ ਹਾਲ ਹਰਿਆਣਾ 'ਚ ਨਹੀਂ ਚਾਹੁੰਦੇ।
ਅਦਾਲਤ ਨੇ ਕਿਹਾ ਕਿ ਜੇਕਰ ਤੁਸੀਂ ਕੁੱਝ ਨਹੀਂ ਕਰ ਸਕਦੇ ਤਾਂ ਅਸੀਂ ਆਰਮੀ ਨੂੰ ਆਦੇਸ਼ ਦਿੰਦੇ ਹਾਂ। ਇਸ 'ਤੇ ਕੇਂਦਰ ਦੇ ਵਕੀਲ ਨੇ ਉਚਿਤ ਕਦਮ ਚੁਕਣ ਦਾ ਅਦਾਲਤ ਨੂੰ ਭਰੋਸਾ ਦਿਤਾ ਹੈ। ਅਦਾਲਤ ਨੇ ਕਿਹਾ ਹੈ ਕਿ ਉਹ ਤਿੰਨ ਦਿਨਾਂ ਤੋਂ ਜੋ ਹੋ ਰਿਹਾ ਹੈ, ਉਸ ਨੂੰ ਚੰਗੀ ਤਰ੍ਹਾਂ ਦੇਖ ਰਹੇ ਹਨ। ਅਦਾਲਤ ਨੇ ਕੇਂਦਰੀ ਗ੍ਰਹਿ ਸਕੱਤਰ ਨੂੰ ਇਸ ਮਾਮਲੇ 'ਚ ਤੁਰਤ ਉਚਿਤ ਸੰਖਿਆ ਵਿਚ ਸੁਰੱਖਿਆ ਬਲਾਂ ਦੀ ਤਾਇਨਾਤੀ ਦੇ ਆਦੇਸ਼ ਦਿਤੇ ਹਨ। ਅਦਾਲਤ ਨੇ ਕਿਹਾ ਕਿ ਇਸ ਬਾਬਤ ਦੁਪਹਿਰ ਦੇ ਖਾਣੇ ਤੋਂ ਬਾਅਦ ਅਦਾਲਤ ਨੂੰ ਰੀਪੋਰਟ ਦਿਤੀ ਜਾਵੇ। ਅਦਾਲਤ ਨੇ ਆਈਬੀ ਨੂੰ ਇਹ ਵੀ ਕਿਹਾ ਕਿ ਉਹ ਰਾਜ ਸਰਕਾਰ ਨੂੰ ਇਨਪੁਟ ਦੇਵੇ।